ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਕਾਰਨ ਇੱਕ ਹੋਰ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 45 ਹੋ ਗਈ ਹੈ। ਪਠਾਨਕੋਟ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਹੈ। ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ, ਜਲੰਧਰ, ਮੋਗਾ ਅਤੇ ਬਰਨਾਲਾ ਵਿੱਚ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਸਿਹਤ ਵਿਭਾਗ ਵੱਲੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵੀ 2263 ਦੱਸੀ ਗਈ ਹੈ।
ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਸੂਬੇ ਵਿੱਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਪੀੜਤ ਵਿਅਕਤੀ ਨੂੰ ਲਾਗ ਲੱਗਣ ਦੇ ਸਰੋਤ ਬਾਰੇ ਕੋਈ ਤੱਥ ਸਾਹਮਣੇ ਨਹੀਂ ਆਇਆ। ਸਿਹਤ ਵਿਭਾਗ ਨੇ ਦੱਸਿਆ ਹੈ ਕਿ ਲੰਘੇ 24 ਘੰਟਿਆਂ ਦੌਰਾਨ ਜੋ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿੱਚ 10 ਵਿਅਕਤੀਆਂ ਨੂੰ ਲਾਗ ਲੱਗਣ ਦਾ ਸਰੋਤ ਪੰਜਾਬ ਤੋਂ ਬਾਹਰੋਂ ਹੈ। ਲੁਧਿਆਣਾ ਵਿੱਚ ਇੱਕ ਕੈਦੀ ਅਤੇ ਰੋਪੜ ਵਿੱਚ ਇੱਕ ਆਸ਼ਾ ਵਰਕਰ ਵੀ ਲਾਗ ਦਾ ਸ਼ਿਕਾਰ ਹੋਈ ਹੈ।
ਸਿਹਤ ਵਿਭਾਗ ਨੇ ਤਾਜ਼ਾ ਰੁਝਾਨ ਨੂੰ ਦੇਖਦਿਆਂ ਹੀ ਜੂਨ ਤੇ ਜੁਲਾਈ ਮਹੀਨਿਆਂ ਦੌਰਾਨ ਜ਼ਿਆਦਾ ਸਾਵਧਾਨੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸੂਬੇ ਵਿੱਚ ਕਰੋਨਾ ’ਤੇ ਫਤਹਿ ਪਾਉਣ ਵਾਲਿਆਂ ਦੀ ਗਿਣਤੀ ਵੀ ਵੱਧ ਰਹੀ ਹੈ। ਇਹ ਅੰਕੜਾ ਵੀ 90 ਫੀਸਦੀ ਤੋਂ ਵੱਧ ਹੈ। ਸਿਹਤ ਵਿਭਾਗ ਅਨੁਸਾਰ ਹੁਣ ਤੱਕ 1987 ਵਿਅਕਤੀ ਠੀਕ ਹੋਏ ਹਨ।
ਸੂਬੇ ਵਿੱਚ ਅੱਜ ਵੀ 20 ਵਿਅਕਤੀਆਂ ਨੂੰ ਹਸਪਤਾਲੋਂ ਛੁੱਟੀ ਦਿੱਤੀ ਗਈ ਹੈ। ਅੰਮ੍ਰਿਤਸਰ ਵਿੱਚ 377, ਜਲੰਧਰ ਵਿੱਚ 245, ਲੁਧਿਆਣਾ ਵਿੱਚ 193, ਤਰਨ ਤਾਰਨ ਵਿੱਚ 157, ਗੁਰਦਾਸਪੁਰ ਵਿੱਚ 137, ਨਵਾਂਸ਼ਹਿਰ ’ਚ 102, ਪਟਿਆਲਾ ਵਿੱਚ 118, ਮੁਹਾਲੀ ’ਚ 111 ਅਤੇ ਹੁਸ਼ਿਆਰਪੁਰ ਵਿੱਚ 120 ਮਾਮਲੇ ਸਾਹਮਣੇ ਹਨ।
2,263 ਪਾਜ਼ੇਟਿਵ ਕੇਸ
45 ਕੁੱਲ ਮੌਤਾਂ
1,987 ਠੀਕ ਹੋਏ ਮਰੀਜ਼