ਸ਼ਰਤਾਂ ਵਾਲੇ ਪੈਕੇਜ ਰਾਜਾਂ ਦੀ ਵਿੱਤੀ ਸਥਿਤੀ ’ਤੇ ਮਾੜਾ ਪ੍ਰਭਾਵ ਪਾਉਣਗੇ: ਬਾਜਵਾ

(ਸਮਾਜਵੀਕਲੀ): ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੌਮੀ ਆਫ਼ਤ ਦੀ ਘੜੀ ’ਚ ਆਰਥਿਕ ਸੁਧਾਰਾਂ ਦੀ ਆੜ ਵਿਚ ਸੂਬਿਆਂ ’ਤੇ ਬੇਲੋੜੀਆਂ ਸ਼ਰਤਾਂ ਨਾ ਲਾਈਆਂ ਜਾਣ ਜੋ ਦੇਸ਼ ਦੇ ਸੰਘੀ ਢਾਂਚੇ ਵਿਚ ਸਿੱਧਾ ਦਖ਼ਲ ਹੈ। ਬਾਜਵਾ ਨੇ ਪੱਤਰ ਤੋਂ ਇਲਾਵਾ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਤਰੀ ਮੰਡਲ ਵਿਚ ਇਹ ਮਾਮਲਾ ਵਿਚਾਰਨ ਦੀ ਥਾਂ ਫੌਰੀ ਕੇਂਦਰ ਸਰਕਾਰ ਨੂੰ ਪੱਤਰ ਲਿਖਣਾ ਚਾਹੀਦਾ ਸੀ। ਪੱਤਰ ’ਚ ਉਨ੍ਹਾਂ ਕਿਹਾ ਕਿ ਕੇਂਦਰੀ ਸ਼ਰਤਾਂ ਵਾਲੇ ਪੈਕੇਜ ਸੂਬਿਆਂ ਦੀ ਵਿੱਤੀ ਸਥਿਤੀ ’ਤੇ ਮਾੜਾ ਪ੍ਰਭਾਵ ਪਾ ਸਕਦੇ ਹਨ।
ਤਾਲਾਬੰਦੀ ਨੇ ਪਹਿਲਾਂ ਹੀ ਸੂਬਿਆਂ ਨੂੰ ਝੰਬ ਦਿੱਤਾ ਹੈ ਅਤੇ ਉਪਰੋਂ ਕੇਂਦਰ ਮਦਦ ਦੀ ਥਾਂ ਆਪਣਾ ਏਜੰਡਾ ਲਾਗੂ ਕਰਨ ਦੇ ਰਾਹ ਪੈ ਗਿਆ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰੀ ਅਨਾਜ ਭੰਡਾਰ ਵਿਚ ਪਾਏ ਯੋਗਦਾਨ ਦੀ ਗੱਲ ਕਰਦਿਆਂ ਬਾਜਵਾ ਨੇ ਕਿਹਾ ਕਿ ਰਾਜ ਸਰਕਾਰ ਕੇਂਦਰੀ ਸ਼ਰਤਾਂ ’ਤੇ ਵਿਚਾਰ ਕਰਨ ਲਈ ਮਜਬੂਰ ਹੋਈ ਹੈ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਆਪਣੇ ਪੱਧਰ ’ਤੇ ਆਰਥਿਕ ਯੋਜਨਾਵਾਂ ਬਣਾਏ ਜਾਣ ਦੀ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਹੈ।
Previous articleਪੰਜਾਬ ਵਿੱਚ ਕਰੋਨਾ ਨਾਲ ਇੱਕ ਹੋਰ ਮੌਤ
Next articleWorshippers return to Vatican for papal prayers