ਪੰਜਾਬ ਦੀਆਂ 13 ਸੰਸਦੀ ਸੀਟਾਂ ਦੇ ਨਤੀਜੇ ਸੂਬੇ ਦੀ ਸਿਆਸਤ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨਾਲ ਕਈ ਸਿਆਸਤਦਾਨਾਂ ਦੇ ਭਵਿੱਖ ’ਚ ਵੀ ਵੱਡਾ ਉਲਟਫੇਰ ਕਰਨ ਦੀ ਸੰਭਾਵਨਾ ਹੈ। ਸੂਬੇ ਦੀਆਂ ਦੋ ਵੱਡੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖਾਸ ਕਰ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਸੁਨੀਲ ਕੁਮਾਰ ਜਾਖੜ, ਸੁਖਬੀਰ ਸਿੰਘ ਬਾਦਲ ਆਦਿ ਲਈ ਹੀ ਇਹ ਚੋਣਾਂ ਵੱਕਾਰ ਦੀ ਲੜਾਈ ਨਹੀਂ ਮੰਨੀਆਂ ਗਈਆਂ ਸਗੋਂ ਕਈ ਹੋਰਨਾਂ ਨੇਤਾਵਾਂ ਖਾਸ ਕਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ, ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਅਤੇ ਧਰਮਵੀਰ ਗਾਂਧੀ ਦੇ ਸਿਆਸੀ ਭਵਿੱਖ ਦਾ ਵੀ ਪਾਰ ਨਿਤਾਰਾ ਕਰਨਗੀਆਂ। ਕਾਂਗਰਸ ਪਾਰਟੀ ਅੰਦਰ ਤਾਂ ਚੋਣਾਂ ਤੋਂ ਪਹਿਲਾਂ ਹੀ ਗ੍ਰਹਿ ਯੁੱਧ ਛਿੜਨ ਵਾਲੀ ਸਥਿਤੀ ਬਣੀ ਹੋਈ ਹੈ ਤੇ ਨਤੀਜਿਆਂ ਤੋਂ ਬਾਅਦ ਪਾਰਟੀ ਅੰਦਰਲਾ ਰੱਫੜ ਵਧਣ ਦੇ ਵੀ ਆਸਾਰ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਐਲਾਨਿਆ ਮਿਸ਼ਨ-13 ਜੇਕਰ ਸਫਲ ਨਹੀਂ ਹੁੰਦਾ ਤਾਂ ਇਸ ਦਾ ਅਸਰ ਮੁੱਖ ਮੰਤਰੀ ਜਾਂ ਨਵਜੋਤ ਸਿੰਘ ਸਿੱਧੂ ਦੀ ਭਵਿੱਖਮੁਖੀ ਸਿਆਸਤ ’ਤੇ ਪੈਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪਾਰਟੀ ਅੰਦਰ ਕਾਟੋ ਕਲੇਸ਼ ਵਧਣ ਦੇ ਪੱਕੇ ਆਸਾਰ ਹਨ। ਕੈਪਟਨ ਵਿਰੋਧੀਆਂ ਵੱਲੋਂ ਚੋਣਾਂ ਦੇ ਨਤੀਜਿਆਂ ਨੂੰ ਰਾਜ ਸਰਕਾਰ ਦੀ ਕਾਰਗੁਜ਼ਾਰੀ ਨਾਲ ਜੋੜਿਆ ਜਾ ਰਿਹਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਦੇ ਭੁਗਤਾਨ ਤੋਂ ਬਾਅਦ ਸੂਬਾਈ ਅਤੇ ਕੇਂਦਰੀ ਖੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਤੋਂ ਚੋਣ ਨਤੀਜਿਆਂ ਬਾਰੇ ਸੰਭਾਵੀ ਰਿਪੋਰਟ ਲਈ ਤੇ ਇਹ ਰਿਪੋਰਟਾਂ ਤਸੱਲੀਬਖ਼ਸ ਨਹੀਂ ਸਨ।
HOME ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ ਚੋਣ ਨਤੀਜੇ