ਇਸਰੋ ਵੱਲੋਂ ਰੀਸੈਟ-2ਬੀ ਦੀ ਸਫ਼ਲ ਅਜ਼ਮਾਇਸ਼

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਧਰਤੀ ਦੀ ਨਿਗਰਾਨੀ ਰੱਖਣ ਵਾਲੇ ਉਪਗ੍ਰਹਿ ਰਿਸੈਟ-2ਬੀ (ਰਾਡਾਰ ਇਮੇਜਿੰਗ ਸੈਟੇਲਾਈਟ) ਦੀ ਅੱਜ ਤੜਕੇ ਸਫ਼ਲ ਅਜ਼ਮਾਇਸ਼ ਕਰਕੇ ਇਤਿਹਾਸ ਸਿਰਜ ਦਿੱਤਾ। ਇਹ ਉਪਗ੍ਰਹਿ ਮੁਲਕ ਦੀ ਨਿਗਰਾਨੀ ਸਮਰੱਥਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਰੀਸੈਟ-2ਬੀ ਸਿੰਥੈਟਿਕ ਅਪਰਚਰ ਰਾਡਾਰ ਨਾਲ ਲੈਸ ਹੈ, ਜੋ ਦਿਨ ਤੇ ਰਾਤ ਨੂੰ ਬੱਦਲਵਾਈ ਦੀ ਸਥਿਤੀ ਵਿੱਚ ਧਰਤੀ ਦੀਆਂ ਤਸਵੀਰਾਂ ਲੈਣ ਦੇ ਸਮਰੱਥ ਹੋਵੇਗਾ। ਸੂਤਰਾਂ ਮੁਤਾਬਕ ਇਸ ਮਿਸ਼ਨ ਦੀ ਮਿਆਦ ਪੰਜ ਸਾਲ ਹੈ ਤੇ ਇਸ ਉਪਗ੍ਰਹਿ ਨੂੰ ਫੌ਼ਜੀ ਨਿਗਰਾਨੀ ਲਈ ਵਰਤਿਆ ਜਾਵੇਗਾ। ਇਹ ਨਵਾਂ ਉਪਗ੍ਰਹਿ ਰੀਸੈਟ-2 ਦੀ ਥਾਂ ਲਏਗਾ। ਇਸਰੋ ਦੇ ਭਰੋੋਸੇਮੰਦ ਧਰੁਵੀ ਉਪਗ੍ਰਹਿ ਲਾਂਚ ਵਾਹਨ (ਪੀਐਸਐਲਵੀ-ਸੀ46) ਨੇ 615 ਕਿਲੋਗ੍ਰਾਮ ਵਜ਼ਨੀ ਉਪਗ੍ਰਹਿ ਨਾਲ ਸਵੇਰੇ ਸਾਢੇ ਪੰਜ ਵਜੇ ਇਥੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਉਡਾਨ ਭਰੀ। ਪੀਐਸਐਲਵੀ-ਸੀ46 ਦਾ ਇਹ 48ਵਾਂ ਮਿਸ਼ਨ ਸੀ। ਉਡਾਨ ਭਰਨ ਦੇ ਕਰੀਬ 15 ਮਿੰਟਾਂ ਮਗਰੋਂ ਰੀਸੈਟ-2ਬੀ ਨੂੰ ਪੁਲਾੜ ਪੰਧ ’ਤੇ ਛੱਡਿਆ ਗਿਆ। ਇਹ ਉਪਗ੍ਰਹਿ ਨਿਗਰਾਨੀ, ਕ੍ਰਿਸ਼ੀ, ਵਣ ਵਿਗਿਆਨ ਤੇ ਆਫ਼ਤ ਪ੍ਰਬੰਧਨ ਸਪੋਰਟ ਜਿਹੇ ਖੇਤਰਾਂ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸਰੋ ਮੁਖੀ ਕੇ.ਸਿਵਨ ਨੇ ਮਿਸ਼ਨ ਕੰਟਰੋਲ ਕੇਂਦਰ ਤੋਂ ਇਸ ਸੱਜਰੀ ਲਾਂਚ ਬਾਰੇ ਟਿੱਪਣੀ ਕਰਦਿਆਂ ਕਿਹਾ ਪੀਐਸਐਲਵੀ-ਸੀ64 ਨੇ ਰੀਸੈਟ-2ਬੀ ਨੂੰ ਬੜੇ ਸਟੀਕ ਤਰੀਕੇ ਨਾਲ ਪੁਲਾੜ ਪੰਧ ’ਤੇ ਸਥਾਪਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘ਪੀਐਸਐਲਵੀ ਲਈ ਇਹ ਮਿਸ਼ਨ ਬਹੁਤ ਅਹਿਮ ਹੈ। ਇਸ ਲਾਂਚ ਨਾਲ ਪੀਐਸਐਲਵੀ ਕੌਮੀ, ਵਿਦਿਆਰਥੀ ਤੇ ਵਿਦੇਸ਼ ਉਪਗ੍ਰਹਿਆਂ ਸਮੇਤ ਕੁੱਲ 354 ਉਪਗ੍ਰਹਿ ਲਾਂਚ ਕਰਕੇ ਪੁਲਾੜ ਵਿੱਚ ਹੁਣ ਤਕ ਪੰਜਾਹ ਟਨ ਵਜ਼ਨ ਲਿਜਾ ਚੁੱਕਾ ਹੈ।’ ਉਨ੍ਹਾਂ ਦੱਸਿਆ ਕਿ ਪੀਐਸਐਲਵੀ-ਸੀ46 ਆਪਣੇ ਨਾਲ ਦੋ ਅਹਿਮ ਪੇਲੋਡ- ਇਕ ਭਾਰਤ ਵਿੱਚ ਨਿਰਮਿਤ ਪ੍ਰਸੈਸਰ ਤੇ ਦੂਜਾ ਘੱਟ ਕੀਮਤ ਵਾਲਾ ‘ਇਨਰਸ਼ਲ ਨੇਵੀਗੇਸ਼ਨ ਸਿਸਟਮ’ ਲੈ ਕੇ ਗਿਆ ਹੈ। ਉਨ੍ਹਾਂ ਕਿਹਾ, ‘ਰੀਸੈਟ-2ਬੀ ਜ਼ਰੀਏ ਇਕ ਨਵੀਂ ਤਕਨੀਕ ਨੇ ਉਡਾਨ ਭਰੀ ਹੈ। ਇਹ 3.6 ਮੀਟਰ ‘ਅਨਫਰਨੇਬਲ ਰੇਡੀਅਲ ਰਿਬ ਐਂਟੀਨਾ ਹੈ, ਜੋ ਭਵਿੱਖ ਦੀ ਤਕਨੀਕ ਸਾਬਤ ਹੋਵੇਗਾ।’

Previous articleਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨਗੇ ਚੋਣ ਨਤੀਜੇ
Next articleਕਤਲ ਮਾਮਲੇ ’ਚ ਅੱਠ ਮੁਲਜ਼ਮਾਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ