ਪੰਜਾਬ ’ਚ 17 ਮਈ ਤਕ ਜਾਰੀ ਰਹੇਗਾ ਕਰਫਿਊ

ਚੰਡੀਗੜ੍ਹ  (ਸਮਾਜਵੀਕਲੀ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰਫਿਊ ਦੇ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ 3 ਮਈ ਤੋਂ ਬਾਅਦ ਦੋ ਹਫ਼ਤਿਆਂ ਲਈ ਹੋਰ ਕਰਫਿਊ ਲਾਗੂ ਰਹੇਗਾ, ਪਰ ਵੀਰਵਾਰ ਤੋਂ ਲੌਕਡਾਊਨ ਦੌਰਾਨ ਆਇਦ ਪਾਬੰਦੀਆਂ ਵਿੱਚ ਚਾਰ ਘੰਟਿਆਂ ਲਈ ਛੋਟ ਦਿੱਤੀ ਜਾਵੇਗੀ। ਸੀਮਤ ਤੇ ਰੈੱਡ ਜ਼ੋਨਾਂ ਵਾਲੇ ਖੇਤਰਾਂ ਵਿੱਚ ਹਾਲਾਂਕਿ ਪਾਬੰਦੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ। ਚਾਰ ਘੰਟੇ ਦੇ ਅਰਸੇ ਦੌਰਾਨ ਕਿਹੜੀਆਂ ਦੁਕਾਨਾਂ ਕਦੋਂ ਖੁੱਲ੍ਹਣਗੀਆਂ ਇਸ ਬਾਰੇ ਫੈਸਲਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਲੈਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਕੋਵਿਡ ਦੀ ਸਥਿਤੀ ਵਿੱਚੋਂ ਬਾਹਰ ਕੱਢਣ ਲਈ ਬਣਾਈ ਗਈ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਅਤੇ ਸਮਾਜ ਦੇ ਵੱਖ-ਵੱਖ ਖੇਤਰਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ ’ਤੇ ਇਹ ਜ਼ਰੂਰੀ ਹੈ ਕਿ ਲੌਕਡਾਊਨ ਦੌਰਾਨ ਆਇਦ ਪਾਬੰਦੀਆਂ ਅਜੇ ਥੋੜ੍ਹਾ ਸਮਾਂ ਹੋਰ ਜਾਰੀ ਰੱਖੀਆਂ ਜਾਣ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਨੂੰ ਲੈ ਕੇ ਮਾਹਿਰਾਂ ਦੀ ਵੱਖੋ-ਵੱਖਰੀ ਰਾਏ ਹੈ, ਪਰ ਅਜਿਹੇ ਸੰਕੇਤ ਮਿਲਦੇ ਹਨ ਕਿ ਕਰੋਨਾ ਸੰਕਟ ਜੁਲਾਈ/ਅਗਸਤ ਤੱਕ ਜਾਂ ਫਿਰ ਸਤੰਬਰ ਤੱਕ ਜਾਰੀ ਰਹੇਗਾ।

ਪੰਜਾਬ ਵਿੱਚ ਕਰਫਿਊ/ਲੌਕਡਾਊਨ ਹੁਣ 17 ਮਈ ਤੱਕ ਜਾਰੀ ਰਹੇਗਾ, ਪਰ ਇਸ ਦੇ ਨਾਲ ਹੀ ਵੀਰਵਾਰ ਤੋਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ ਥੋੜ੍ਹੀਆਂ ਛੋਟਾਂ ਜ਼ਰੂਰ ਮਿਲਣਗੀਆਂ। ਸੀਮਤ ਅਤੇ ਰੈੱਡ ਜ਼ੋਨ ਵਾਲੇ ਖੇਤਰਾਂ ਵਿੱਚ ਪਹਿਲਾਂ ਵਾਂਗ ਹੀ ਲੌਕਡਾਊਨ ਦੀਆਂ ਬੰਦਸ਼ਾਂ ਮੁਕੰਮਲ ਤੌਰ ’ਤੇ ਸਖ਼ਤੀ ਨਾਲ ਲਾਗੂ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਪੂਰੇ ਹਾਲਾਤ ਦੀ ਦੋ ਹਫ਼ਤਿਆਂ ਬਾਅਦ ਸਮੀਖਿਆ ਕੀਤੀ ਜਾਵੇਗੀ ਅਤੇ ਜੇਕਰ ਮਹਾਮਾਰੀ ਕੰਟਰੋਲ ਵਿੱਚ ਰਹੀ ਤਾਂ ਪਾਬੰਦੀਆਂ ਵਿੱਚ ਹੋਰ ਢਿੱਲਾਂ ਦਿੱਤੀਆਂ ਜਾ ਸਕਦੀਆਂ ਹਨ।

ਮੁੱਖ ਮੰਤਰੀ ਵੱਲੋਂ ਥੋੜ੍ਹੀਆਂ ਰਾਹਤਾਂ ਦੇਣ ਦੇ ਕੀਤੇ ਐਲਾਨ ਤਹਿਤ ਕੁਝ ਦੁਕਾਨਾਂ ਨੂੰ ਸਬੰਧਤ ਖੇਤਰਾਂ ਵਿੱਚ ਰੋਟੇਸ਼ਨ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ। ਇਹ ਦੁਕਾਨਾਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ 50 ਫੀਸਦੀ ਸਟਾਫ ਸਮਰੱਥਾ ਨਾਲ ਖੋਲ੍ਹੀਆਂ ਜਾ ਸਕਣਗੀਆਂ। ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਦੁਕਾਨਾਂ ਨੂੰ ਖੋਲ੍ਹਣ ਲਈ ਰੋਟੇਸ਼ਨਲ ਸਮਾਂ-ਸਾਰਣੀ ਬਣਾ ਲੈਣ ਦੀ ਹਦਾਇਤ ਕਰ ਦਿੱਤੀ ਗਈ ਹੈ।

ਇਹ ਆਦੇਸ਼ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਲਾਗੂ ਹੋਣ ਦੇ ਚਾਰ ਦਿਨ ਬਾਅਦ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਲੌਕਡਾਊਨ/ਕਰਫਿਊ ਸਵੇਰੇ 11 ਵਜੇ ਤੋਂ ਪਹਿਲਾਂ ਵਾਂਗ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਤੈਅ ਸਮੇਂ ਤੱਕ ਆਪਣੇ ਘਰਾਂ ਵਿੱਚ ਪਰਤ ਜਾਇਆ ਕਰਨ।

ਛੋਟ ਵਾਲੇ ਸਮੇਂ ਦੌਰਾਨ ਬਾਹਰ ਨਿਕਲਣ ਵਾਲੇ ਵਿਅਕਤੀ ਨੂੰ ਮਾਸਕ ਪਹਿਨਣਾ ਅਤੇ ਦੂਜੇ ਵਿਅਕਤੀ ਤੋਂ 2 ਮੀਟਰ ਦੀ ਦੂਰੀ ਬਣਾਈ ਰੱਖਣੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਰਾਹਤ ਲੋਕਾਂ ਦੀ ਸਹੂਲਤ ਲਈ ਦਿੱਤੀ ਗਈ ਹੈ। ਉਹ ਇਸ ਰਾਹਤ ਦੇ ਸਮੇਂ ਦੌਰਾਨ ਦੋਸਤਾਂ ਜਾਂ ਹੋਰਨਾਂ ਨੂੰ ਨਾ ਮਿਲਣ। ਉਨ੍ਹਾਂ ਕਿਹਾ ਕਿ ਜੇਕਰ ਆਉਂਦੇ ਹਫਤਿਆਂ ਨੂੰ ਸਥਿਤੀ ਵਿੱਚ ਸੁਧਾਰ ਹੋਇਆ ਤਾਂ ਅਸੀਂ ਹੋਰ ਕਦਮ ਚੁੱਕ ਸਕਦੇ ਹਨ।

Previous articleਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਅਤੇ ਸਫਾਈ ਕਰਮਚਾਰੀਆ ਵਲੋ ਵਧੀਆ ਸੇਵਾਵਾ ਦੇਣ ਲਈ ਪ੍ਰੈਸ ਕਲੱਬ ਮਹਿਤਪੁਰ ਵਲੋ ਕੀਤਾ ਸਨਮਾਨਿਤ 
Next articleਨੈਗੇਟਿਵ ਰਿਪੋਰਟ ਕਹਿ ਕੇ ਘਰ ਤੋਰੇ ਦੋ ਮਰੀਜ਼ ਨਿਕਲੇ ਪਾਜ਼ੇਟਿਵ