ਨੈਗੇਟਿਵ ਰਿਪੋਰਟ ਕਹਿ ਕੇ ਘਰ ਤੋਰੇ ਦੋ ਮਰੀਜ਼ ਨਿਕਲੇ ਪਾਜ਼ੇਟਿਵ

ਜਲੰਧਰ  (ਸਮਾਜਵੀਕਲੀ) –ਸਿਵਲ ਹਸਪਤਾਲ ਨੇ ਕੱਲ ਜਿਹੜੇ ਤਿੰਨ ਮਰੀਜ਼ਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਦਾ ਦਾਅਵਾ ਕਰਦਿਆਂ ਉਨ੍ਹਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਸੀ, ਉਨ੍ਹਾਂ ਵਿੱਚੋਂ ਦੋ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ਦੋ ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਸਿਵਲ ਹਸਪਤਾਲ ਦੇ ਸਟਾਫ਼ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸਿਹਤ ਵਿਭਾਗ ਦੀ ਇਸ ਵੱਡੀ ਗਲਤੀ ਨੇ ਸ਼ਹਿਰ ਦੇ ਲੋਕਾਂ ਨੂੰ ਵੀ ਸੰਕਟ ਵਿੱਚ ਪਾ ਦਿੱਤਾ ਹੈ।

ਡਾਕਟਰਾਂ ਨੇ ਵਿਸ਼ਵ ਸ਼ਰਮਾ ਨਾਂ ਦੇ ਮਰੀਜ਼ ਨੂੰ ਅੱਧੀ ਰਾਤ ਨੂੰ ਫੋਨ ਕਰਕੇ ਵਾਪਸ ਸਿਵਲ ਹਸਪਤਾਲ ਬੁਲਾ ਲਿਆ ਸੀ ਕਿਉਂਕਿ ਉਸ ਦੀ ਰਿਪੋਰਟ ਨੈਗੇਟਿਵ ਨਹੀਂ ਸਗੋਂ ਪਾਜ਼ੇਟਿਵ ਸੀ। ਡਾਕਟਰਾਂ ਨੇ ਉਸ ਮਰੀਜ਼ ਨੂੰ ਦੱਸਿਆ ਕਿ ਗਲਤੀ ਨਾਲ ਉਸ ਦੀ ਰਿਪੋਰਟ ਨੈਗੇਟਿਵ ਸਮਝ ਕੇ ਉਸ ਨੂੰ ਘਰ ਭੇਜ ਦਿੱਤਾ ਸੀ।

ਸਿਵਲ ਹਸਪਤਾਲ ਵਿੱਚੋਂ ਛੁੱਟੀ ਮਿਲਣ ਦੇ ਚਾਅ ਵਿੱਚ ਉਕਤ ਨੌਜਵਾਨ ਮੋਟਰਸਾਈਕਲ ’ਤੇ ਕਿਸੇ ਜਾਣਕਾਰ ਨਾਲ ਬੈਠ ਕੇ ਘਰ ਗਿਆ ਸੀ। ਤੰਗ ਗਲੀਆਂ ਵਾਲੇ ਮੁਹੱਲੇ ਵਿੱਚ ਰਹਿੰਦੇ ਲੋਕਾਂ ਨੇ ਉਸ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਸੀ ਕਿਉਂਕਿ ਸਿਹਤ ਵਿਭਾਗ ਨੇ ਕਿਹਾ ਸੀ ਕਿ ਉਸ ਨੇ ਕਰੋਨਾ ਵਿਰੁੱਧ ਜੰਗ ਜਿੱਤ ਲਈ ਹੈ। ਇਸ ਦੌਰਾਨ ਵਿਸ਼ਵ ਸ਼ਰਮਾ ਕਈ ਲੋਕਾਂ ਨੂੰ ਮਿਲਿਆ ਵੀ ਸੀ। ਹੁਣ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਉਸ ਦੇ ਪਰਿਵਾਰ ਦੀਆਂ ਵੀ ਮੁਸ਼ਕਲਾਂ ਵਧ ਗਈਆਂ ਹਨ।

ਇਸੇ ਤਰ੍ਹਾਂ ਜਸਬੀਰ ਸਿੰਘ ਨਾਂ ਦੇ ਮਰੀਜ਼ ਦੀ ਰਿਪੋਰਟ ਨੈਗੇਟਿਵ ਦੱਸ ਕੇ ਉਸ ਨੂੰ ਵੀ ਛੁੱਟੀ ਦੇ ਦਿੱਤੀ ਗਈ ਸੀ ਪਰ ਉਹ ਸਿਵਲ ਹਸਪਤਾਲ ’ਚ ਹੀ ਸੀ ਕਿਉਂਕਿ ਉਸ ਦੇ ਪਰਿਵਾਰਕ ਮੈਂਬਰ ਵੀ ਪਾਜ਼ੇਟਿਵ ਹੋਣ ਕਾਰਨ ਉਥੇ ਦਾਖਲ ਹਨ। ਉਂਜ ਪੁਲੀਸ ਜਸਬੀਰ ਸਿੰਘ ਨੂੰ ਲੱਭਣ ਲਈ ਉਸ ਦੇ ਰਾਜਾ ਗਾਰਡਨ ਵਾਲੇ ਘਰ ’ਤੇ ਗੇੜੇ ਮਾਰਦੀ ਰਹੀ।

ਸਿਵਲ ਹਸਪਤਾਲ ਵਿੱਚ ਤਾਇਨਾਤ ਨੋਡਲ ਅਫਸਰ ਡਾਕਟਰ ਟੀਪੀ ਸਿੰਘ ਸੰਧੂ ਨੇ ਕਿਹਾ ਕਿ ਗਲਤੀ ਨਾਲ ਪੁਰਾਣੀ ਨੈਗੇਟਿਵ ਰਿਪੋਰਟ ’ਤੇ ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਜਦਕਿ ਉਨ੍ਹਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਸਿਹਤ ਵਿਭਾਗ ਦੱਬੀ ਜ਼ੁਬਾਨ ਵਿੱਚ ਇਸ ਮਾਮਲੇ ਦੀ ਜਾਂਚ ਕਰਨ ਬਾਰੇ ਕਹਿ ਰਿਹਾ ਹੈ।

Previous articleਪੰਜਾਬ ’ਚ 17 ਮਈ ਤਕ ਜਾਰੀ ਰਹੇਗਾ ਕਰਫਿਊ
Next articleਰਿਸ਼ੀ ਕਪੂਰ ਦਾ ਦੇਹਾਂਤ