ਪੰਜਾਬ ’ਚ ਮੀਂਹ ਤੇ ਗੜਿਆਂ ਨੇ ਫ਼ਸਲਾਂ ਝੰਬੀਆਂ

* ਝਾੜ ’ਤੇ ਪਵੇਗਾ ਅਸਰ
* ਖੇਤੀਬਾੜੀ ਵਿਭਾਗ ਵੱਲੋਂ ‘ਐਡਵਾਈਜ਼ਰੀ’ ਜਾਰੀ

ਪੰਜਾਬ ਵਿੱਚ ਪਿਛਲੇ 24 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਪਏ ਮੀਂਹ ਤੇ ਗੜਿਆਂ ਕਾਰਨ ਅੱਧੀ ਦਰਜਨ ਜ਼ਿਲ੍ਹਿਆਂ ਵਿੱਚ ਕਣਕ ਅਤੇ ਹਾੜੀ ਦੀਆਂ ਫ਼ਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ਸਲਾਂ ਦੇ ਖ਼ਰਾਬੇ ਦੀ ਅਸਲ ਤਸਵੀਰ ਤਾਂ ਗਿਰਦਾਵਰੀ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਮੁੱਢਲੇ ਤੌਰ ’ਤੇ ਸੂਬੇ ਵਿੱਚ ਕਈ ਥਾਵਾਂ ’ਤੇ ਕਣਕ ਦੀ ਫ਼ਸਲ 20 ਫੀਸਦੀ ਤੱਕ ਨੁਕਸਾਨੀ ਗਈ ਹੈ। ਤੇਜ਼ ਹਵਾ ਚੱਲਣ ਕਾਰਨ ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ। ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਤਾਂ ਗੜਿਆਂ ਦੀ ਚਾਦਰ ਹੀ ਵਿੱਛ ਗਈ ਹੈ, ਕਣਕ ਦੀ ਫ਼ਸਲ ਵਿੱਚ ਪਾਣੀ ਭਰ ਗਿਆ। ਖੇਤੀਬਾੜੀ ਵਿਭਾਗ ਨੇ ਭਾਵੇਂ ਕਣਕ ਦੇ ਝਾੜ ਵਿੱਚ 2 ਤੋਂ 5 ਫੀਸਦੀ ਤੱਕ ਸਾਰੇ ਪੰਜਾਬ ਵਿੱਚ ਅਸਰ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਨੁਕਸਾਨ ਵਧ ਵੀ ਸਕਦਾ ਹੈ। ਵੀਰਵਾਰ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਅੱਜ ਸਵੇਰ ਤੱਕ ਜਾਰੀ ਰਹੀ।
ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਸਿਰਫ਼ ਲਹਿਰਾਗਾਗਾ ਬਲਾਕ ਦੇ ਹੀ ਕਈ ਪਿੰਡਾਂ ਵਿੱਚ ਕਣਕ ਦੀ ਫਸਲ ਦਾ 50 ਫੀਸਦੀ ਤੱਕ ਵੀ ਨੁਕਸਾਨ ਹੋਇਆ ਹੈ। ਸੰਗਰੂਰ ਜ਼ਿਲ੍ਹੇ ਦੇ ਖੇਤੀਬਾੜੀ ਅਫ਼ਸਰਾਂ ਨੇ ਵੀ ਮੁੱਢਲੀਆਂ ਰਿਪੋਰਟਾਂ ਵਿੱਚ ਫਸਲਾਂ ਦਾ ਨੁਕਸਾਨ ਹੋਣ ਦੀ ਗੱਲ ਕਹੀ ਹੈ। ਮੌਸਮ ਵਿਗਿਆਨੀਆਂ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਫ਼ਸਲਾਂ ਦਾ ਜ਼ਿਆਦਾ ਨੁਕਸਾਨ ਸੰਗਰੂਰ, ਮਾਨਸਾ, ਮੁਕਤਸਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਫਾਜ਼ਿਲਕਾ ਤੇ ਜਲੰਧਰ ਵਿੱਚ ਹੋਇਆ ਹੈ। ਉਂਜ ਫਸਲਾਂ ਦੇ ਖ਼ਰਾਬੇ ਦੀਆਂ ਰਿਪੋਰਟਾਂ ਤਾਂ ਸਾਰੇ ਪੰਜਾਬ ’ਚੋਂ ਹੀ ਆ ਰਹੀਆਂ ਹਨ। ਸ਼ਨਿੱਚਰਵਾਰ ਸ਼ਾਮ ਤੋਂ ਬਾਅਦ ਮੌਸਮ ਤਾਂ ਭਾਵੇਂ ਸਾਫ਼ ਹੋ ਗਿਆ ਹੈ ਅਗਲੇ ਹਫ਼ਤੇ ਪੱਛਮੀ ਉੱਥਲ-ਪੁੱਥਲ ਕਾਰਨ ਮੁੜ ਤੋਂ ਭਾਰੀ ਮੀਂਹ ਆਉਣ ਦੇ ਆਸਾਰ ਬਣਦੇ ਜਾ ਰਹੇ ਹਨ। ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਮੀਂਹ ਕਾਰਨ ਫ਼ਸਲਾਂ ਵਿਛ ਗਈਆਂ ਹਨ ਤਾਂ ਖੇਤਾਂ ਵਿੱਚੋਂ ਤੁਰੰਤ ਪਾਣੀ ਬਾਹਰ ਕੱਢ ਲਿਆ ਜਾਵੇ। ਵਿਭਾਗ ਨੇ ਖੇਤਰੀ ਅਧਿਕਾਰੀਆਂ ਨੂੰ ਤੁਰੰਤ ਉਨ੍ਹਾਂ ਕਿਸਾਨਾਂ ਨਾਲ ਰਾਬਤਾ ਬਣਾਉਣ ਲਈ ਕਿਹਾ ਹੈ, ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰਾਂ ਨੇ ਵਿਸ਼ੇਸ਼ ਗਿਰਦਾਵਰੀ ਦੇ ਮੱਦੇਨਜ਼ਰ ਸਬੰਧਤ ਮਾਲ ਅਧਿਕਾਰੀਆਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਮੀਂਹ, ਗੜਿਆਂ ਅਤੇ ਤੇਜ਼ ਹਵਾਵਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦੀਆਂ ਫੀਲਡ ਅਧਿਕਾਰੀਆਂ ਤੋਂ ਰਿਪੋਰਟਾਂ ਮੰਗ ਲਈਆਂ ਹਨ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਛੁੱਟੀਆਂ ਦੌਰਾਨ ਵੀ ਕਿਸਾਨਾਂ ਨਾਲ ਰਾਬਤਾ ਬਣਾਉਣ ਲਈ ਕਿਹਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ/ਹਨ੍ਹੇਰੀ ਤੇ ਗੜਿਆਂ ਨਾਲ ਹੋਏ ਫਸਲੀ ਤੇ ਜਾਨ-ਮਾਲ ਦੇ ਨੁਕਸਾਨ ਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਹਰ ਕਿਸਮ ਦੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰ ਕੇ ਫਸਲੀ ਨੁਕਸਾਨ ਦਾ ਪੂਰਾ-ਪੂਰਾ ਮੁਆਵਜ਼ਾ ਔਸਤ ਝਾੜ ਦੇ ਅਨੁਪਾਤ ਨਾਲ ਦਿੱਤਾ ਜਾਵੇ।

Previous articleAAP to launch outreach programme in Goa: Atishi
Next articleਅੰਮ੍ਰਿਤਸਰ ਤੇ ਜੰਮੂ ਕਸ਼ਮੀਰ ’ਚ ਕਰੋਨਾ ਦੀ ਦਸਤਕ ਨਾਲ ਸਹਿਮ