ਪੰਜਾਬ ’ਚ ਨਿਗਮ ਅਤੇ ਕੌਂਸਲ ਚੋਣਾਂ 14 ਨੂੰ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੇ ਚੋਣ ਕਮਿਸ਼ਨਰ  ਜਗਪਾਲ ਸਿੰਘ ਸੰਧੂ ਵੱਲੋਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ ਦੇ ਐਲਾਨ ਨਾਲ ਰਾਜ ਦੇ ਸਾਰੇ ਚੋਣ ਹਲਕਿਆਂ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਵਿੱਚ ਕਮੀਆਂ ਕਾਰਨ ਫਗਵਾੜਾ ਨਗਰ ਨਿਗਮ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸ੍ਰੀ ਸੰਧੂ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 30 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ 3 ਫਰਵਰੀ ਹੋਵੇਗੀ।

ਨਾਮਜ਼ਦਗੀਆਂ ਦੀ ਪੜਤਾਲ 4 ਫਰਵਰੀ ਨੂੰ ਕੀਤੀ ਜਾਵੇਗੀ ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 5 ਫਰਵਰੀ ਹੈ ਅਤੇ ਇਸੇ ਤਾਰੀਖ਼ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣ ਪ੍ਰਚਾਰ 12 ਫਰਵਰੀ ਨੂੰ ਸਾਮ 5 ਵਜੇ ਤੱਕ ਕੀਤਾ ਜਾ ਸਕੇਗਾ। ਵੋਟਾਂ 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ। ਚੋਣਾਂ ਕਰਵਾਉਣ ਲਈ 145 ਰਿਟਰਨਿੰਗ ਅਫ਼ਸਰ ਅਤੇ 145 ਸਹਾਇਕ ਰਿਟਰਨਿੰਗ ਅਫ਼ਸਰ ਨਿਯੁਕਤ ਕੀਤੇ ਗਏ ਹਨ। ਚੋਣਾਂ ਦਰਾਨ 30 ਆਈਏਐੱਸ/ਪੀਸੀਐੱਸ ਨੂੰ ਚੋਣ ਨਿਗਰਾਨ ਅਤੇ 6 ਆਈਪੀਐੱਸ ਅਧਿਕਾਰੀਆਂ ਨੂੰ ਪੁਲੀਸ ਨਿਗਰਾਨ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 8 ਨਗਰ ਨਿਗਮਾਂ ਲਈ 400 ਅਤੇ  109 ਨਗਰ ਕੌਂਸਲਾਂ/ਨਗਰ ਪੰਚਾਇਤਾਂ ਲਈ 1902 ਮੈਂਬਰ ਚੁਣੇ ਜਾਣਗੇ।

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਉਂਸਿਪਲ ਚੋਣਾਂ ਵਿੱਚ ਮਹਿਲਾਵਾਂ ਲਈ 50 ਫ਼ੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ਲਈ ਸੂਬੇ ਵਿੱਚ 20,49,777 ਪੁਰਸ਼, 18,65,354 ਮਹਿਲਾ ਅਤੇ 149 ਟ੍ਰਾਂਸਜੈਂਡਰ ਵੋਟਰਾਂ ਦੇ ਨਾਲ ਕੁੱਲ 39,15,280 ਰਜਿਸਟਰਡ ਵੋਟਰ ਹਨ। ਚੋਣ ਕਮਿਸ਼ਨ ਵੱਲੋਂ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਅਤੇ 18000 ਕਰਮਚਾਰੀਆਂ ਦੀ ਚੋਣ ਡਿਊਟੀ

ਲਗਾਈ ਜਾਵੇਗੀ। ਇਹ ਚੋਣਾਂ ਈਵੀਐੱਮ ਰਾਹੀਂ ਹੋਣਗੀਆਂ ਅਤੇ 7000 ਈਵੀਐੱਮਜ਼ ਦਾ ਪ੍ਰਬੰਧ ਕੀਤਾ ਗਿਆ ਹੈ। ਚੋਣ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਦੇ ਉਮੀਦਵਾਰ ਲਈ ਖ਼ਰਚਾ ਹੱਦ 3 ਲੱਖ ਰੁਪਏ, ਨਗਰ ਕੌਂਸਲ ਕਲਾਸ-1 ਦੇ ਉਮੀਦਵਾਰ ਲਈ 2.70 ਲੱਖ ਰੁਪਏ, ਕਲਾਸ-2 ਲਈ 1.70 ਲੱਖ ਰੁਪਏ, ਕਲਾਸ-3 ਲਈ 1.45 ਲੱਖ ਰੁਪਏ ਅਤੇ ਨਗਰ ਪੰਚਾਇਤਾਂ ਦੇ ਉਮੀਦਵਾਰਾਂ ਲਈ ਖ਼ਰਚਾ ਹੱਦ 1.05 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ। ਸ੍ਰੀ ਸੰਧੂ ਨੇ  ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ, ਕਪੂਰਥਲਾ, ਮੁਹਾਲੀ, ਹੁਸ਼ਿਆਰਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਨਗਰ ਨਿਗਮ ਲਈ ਵੋਟਾਂ ਪੈਣਗੀਆਂ।

ਨਗਰ ਨਿਗਮ ਅੰਮ੍ਰਿਤਸਰ ਦੇ ਵਾਰਡ ਨੰ. 37 ਵਿੱਚ ਜ਼ਿਮਨੀ ਚੋਣ ਹੋਵੇਗੀ। ਜਿਨ੍ਹਾਂ ਥਾਵਾਂ ’ਤੇ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣੀਆਂ ਹਨ ਉਨ੍ਹਾਂ ਸ਼ਹਿਰਾਂ ਕਸਬਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ, ਰਮਦਾਸ, ਰਈਆ, ਮਜੀਠਾ ਅਤੇ ਜੰਡਿਆਲਾ ਗੁਰੂ, ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਅਤੇ ਪੱਟੀ, ਗੁਰਦਾਸਪੁਰ ਜ਼ਿਲ੍ਹੇ ਵਿੱਚ ਗੁਰਦਾਸਪੁਰ, ਸ੍ਰੀ ਹਰਗੋਬਿੰਦਪੁਰ, ਫ਼ਤਿਹਗੜ੍ਹ ਚੂੜੀਆਂ, ਧਾਰੀਵਾਲ, ਕਾਦੀਆਂ ਅਤੇ ਦੀਨਾਨਗਰ, ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ, ਜਲੰਧਰ ਜ਼ਿਲ੍ਹੇ ਦੇ ਨਕੋਦਰ, ਨੂਰਮਹਿਲ, ਫਿਲੌਰ, ਕਰਤਾਰਪੁਰ, ਅਲਾਵਲਪੁਰ, ਆਦਮਪੁਰ, ਲੋਹੀਆਂ ਅਤੇ ਮਹਿਤਪੁਰ, ਕਪੂਰਥਲਾ ਦੇ ਸੁਲਤਾਨਪੁਰ ਲੋਧੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ, ਮੁਕੇਰੀਆਂ, ਉੜਮੁੜ ਟਾਂਡਾ, ਗੜ੍ਹਸ਼ੰਕਰ, ਗੜ੍ਹਦੀਵਾਲਾ, ਹਰਿਆਣਾ ਅਤੇ ਸ਼ਾਮਚੁਰਾਸੀ, ਨਵਾਂਸ਼ਹਿਰ ਜ਼ਿਲ੍ਹੇ ਦੇ ਨਵਾਂਸ਼ਹਿਰ, ਬੰਗਾ ਅਤੇ ਰਾਹੋਂ, ਲੁਧਿਆਣਾ ਜ਼ਿਲ੍ਹੇ ਦੇ ਖੰਨਾ, ਜਗਰਾਉਂ, ਸਮਰਾਲਾ, ਰਾਏਕੋਟ, ਦੋਰਾਹਾ ਅਤੇ ਪਾਇਲ, ਰੂਪਨਗਰ ਜ਼ਿਲ੍ਹੇ ਦੇ ਰੂਪਨਗਰ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ, ਮੋਰਿੰਡਾ ਅਤੇ ਚਮਕੌਰ ਸਾਹਿਬ, ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਰਹਿੰਦ, ਫਤਿਹਗੜ੍ਹ ਸਾਹਿਬ, ਗੋਬਿੰਦਗੜ੍ਹ, ਬੱਸੀ ਪਠਾਣਾ ਅਤੇ ਖਮਾਣੋਂ, ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਨਾਭਾ, ਸਮਾਣਾ, ਪਾਤੜਾਂ, ਸੰਗਰੂਰ ਜ਼ਿਲ੍ਹੇ ਵਿੱਚ ਮਾਲੇਰਕੋਟਲਾ, ਸੁਨਾਮ, ਅਹਿਮਦਗੜ੍ਹ, ਧੂਰੀ, ਲਹਿਰਾਗਾਗਾ, ਲੌਂਗੋਵਾਲ, ਅਮਰਗੜ੍ਹ ਅਤੇ ਭਵਾਨੀਗੜ੍ਹ, ਬਰਨਾਲਾ ਜ਼ਿਲ੍ਹੇ ਵਿੱਚ ਬਰਨਾਲਾ, ਤਪਾ, ਭਦੌੜ, ਧਨੌਲਾ, ਮੁਹਾਲੀ ’ਚ ਖਰੜ, ਜ਼ੀਰਕਪੁਰ, ਡੇਰਾਬੱਸੀ, ਕੁਰਾਲੀ, ਨਵਾਂਗਾਉਂ ਅਤੇ ਲਾਲੜੂ, ਬਠਿੰਡਾ ਜ਼ਿਲ੍ਹੇ ’ਚ ਭੁੱਚੋ ਮੰਡੀ, ਗੋਨਿਆਣਾ, ਮੌੜ, ਰਾਮਾ, ਕੋਟਫੱਤਾ, ਸੰਗਤ, ਕੋਠੇਗੁਰੂ, ਮਹਿਰਾਜ, ਕੋਟਸ਼ਮੀਰ, ਲਹਿਰਾ ਮੁਹੱਬਤ, ਭਾਈਰੂਪਾ, ਨਥਾਣਾ, ਮਲੂਕਾ ਅਤੇ ਭਗਤਾ ਭਾਈਕਾ, ਮਾਨਸਾ ਜ਼ਿਲ੍ਹੇ ਵਿੱਚ ਮਾਨਸਾ, ਬੁਢਲਾਡਾ, ਬਰੇਟਾ, ਬੋਹਾ ਅਤੇ ਜੋਗਾ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਮੁਕਤਸਰ, ਮਲੋਟ, ਗਿੱਦੜਬਾਹਾ, ਫਿਰੋਜ਼ਪੁਰ ਜ਼ਿਲ੍ਹੇ ਦੇ ਫਿਰੋਜ਼ਪੁਰ, ਗੁਰੂ ਹਰਸਹਾਏ, ਜ਼ੀਰਾ, ਤਲਵੰਡੀ ਭਾਈ, ਮੁਦਕੀ ਅਤੇ ਮਮਦੋਟ, ਫਾਜ਼ਿਲਕਾ ਜ਼ਿਲ੍ਹੇ ਵਿੱਚ ਫਾਜ਼ਿਲਕਾ ਅਤੇ ਜਲਾਲਾਬਾਦ, ਅਰਨੀਵਾਲਾ ਸ਼ੇਖ ਸੁਭਾਣ, ਫਰੀਦਕੋਟ ਜ਼ਿਲ੍ਹੇ ’ਚ ਫਰੀਦਕੋਟ, ਕੋਟਕਪੁਰਾ ਅਤੇ ਜੈਤੋ, ਮੋਗਾ ਜ਼ਿਲ੍ਹੇ ਦੇ ਬੱਧਨੀਕਲਾਂ, ਕੋਟ ਈਸੇ ਖਾਂ ਅਤੇ ਨਿਹਾਲ ਸਿੰਘ ਵਾਲਾ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕੌਂਸਲਰਾਂ ਦੀ ਚੋਣ ਲਈ ਵੋਟਾਂ ਪੈਣਗੀਆਂ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਦੋ ਨਗਰ ਪੰਚਾਇਤਾਂ/ਨਗਰ ਕੌਂਸਲਾਂ ਦੇ ਤਿੰਨ ਵਾਰਡਾਂ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਾਰਡ ਨੰ. 1 ਮਹਿਲਾਵਾਂ ਲਈ ਰਾਖਵਾਂ ਅਤੇ ਵਾਰਡ ਨੰ. 11 ਐੱਸਸੀ ਲਈ ਰਾਖਵੇਂ ਹਨ ਜਦਕਿ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਦਾਖਾ ਦੇ ਵਾਰਡ ਨੰ. 8 ਵਿੱਚ ਵੀ ਵੋਟਾਂ ਪੈਣਗੀਆਂ।

Previous articleਕਰੋਨਾ ਖ਼ਿਲਾਫ਼ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਭਾਰਤ ਵਿੱਚ ਸ਼ੁਰੂ
Next articleਐੱਨਆਈਏ ਵੱਲੋਂ ਦਰਜਨ ਤੋਂ ਵੱਧ ਲੋਕਾਂ ਨੂੰ ਸੰਮਨ