ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ’71 ਦੀ ਜੰਗ ਦੇ ਯੋਧਿਆਂ ਨੂੰ ਚੇਤੇ ਕੀਤਾ

ਵਿਜੈ ਦਿਵਸ ਮੌਕੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਯਾਦ ਕੀਤਾ। ਰਾਸ਼ਟਰਪਤੀ ਨੇ ਟਵੀਟ ਕਰਕੇ ਕਿਹਾ ਕਿ ਵਿਜੈ ਦਿਵਸ ਮੌਕੇ ਮੁਲਕ ਹਥਿਆਰਬੰਦ ਬਲਾਂ ਦਾ ਸ਼ੁਕਰਗੁਜ਼ਾਰ ਹੈ ਜਿਨ੍ਹਾਂ 1971 ਦੀ ਜੰਗ ਦੌਰਾਨ ਮੁਲਕ ਦੀ ਸੁਰੱਖਿਆ ਕੀਤੀ ਅਤੇ ਮਨੁੱਖੀ ਆਜ਼ਾਦੀ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਿਆ। ‘ਖਾਸ ਕਰਕੇ ਅਸੀਂ ਉਨ੍ਹਾਂ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਦੇ ਹਾਂ ਜਿਨ੍ਹਾਂ ਆਪਣੀ ਬਹਾਦਰੀ ਨਾਲ ਮੁਲਕ ਦੀ ਰੱਖਿਆ ਕਰਦਿਆਂ ਜਾਨਾਂ ਕੁਰਬਾਨ ਕਰ ਦਿੱਤੀਆਂ।’ ਸ਼ਹੀਦ ਫ਼ੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ’ਚ ਕਿਹਾ ਕਿ 1971 ਦੀ ਜੰਗ ਲੜਨ ਵਾਲੇ ਬਹਾਦਰ ਫ਼ੌਜੀਆਂ ਦੇ ਹੌਸਲੇ ਅਤੇ ਦੇਸ਼ਭਗਤੀ ਕਰਕੇ ਸਾਡਾ ਮੁਲਕ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਬਹਾਦਰ ਫ਼ੌਜੀਆਂ ਦੀਆਂ ਸੇਵਾਵਾਂ ਹਰੇਕ ਭਾਰਤੀ ਨੂੰ ਹਮੇਸ਼ਾ ਪ੍ਰੇਰਣਾ ਦਿੰਦੀਆਂ ਰਹਿਣਗੀਆਂ। ਇਸ ਮੌਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਤਿੰਨੇ ਸੈਨਾਵਾਂ ਦੇ ਮੁਖੀਆਂ ਨਾਲ ਅਮਰ ਜਵਾਨ ਜਯੋਤੀ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀਮਤੀ ਸੀਤਾਰਾਮਨ ਨੇ ਟਵੀਟ ’ਚ ਕਿਹਾ ਕਿ ਅਮਰ ਜਵਾਨ ਜਯੋਤੀ ’ਤੇ ਉਨ੍ਹਾਂ ਸਾਬਕਾ ਸੈਨਿਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ (ਰੱਖਿਆ ਮੰਤਰੀ ਦੇ) ਦਫ਼ਤਰ ਆਉਣ ਦਾ ਸੱਦਾ ਦਿੱਤਾ।

Previous articleਇਲਾਜ ਤੋਂ ਬਾਅਦ ਪਰੀਕਰ ਪਹਿਲੀ ਵਾਰ ਲੋਕਾਂ ਸਾਹਮਣੇ ਆਏ
Next articleDelhi HC sends Sajjan Kumar to jail life in 1984 anti-Sikh riots case