ਜਦੋਂ ਡਾਂਗ ਸੰਮਾਂ ਵਾਲੀ ਖੜਕੀ

(ਸਮਾਜ ਵੀਕਲੀ)-ਪਿਆਰੇ ਬੱਚਿਓ ! ਸਾਡਾ ਪੰਜਾਬੀ ਵਿਰਸਾ ਤੇ ਸੱਭਿਆਚਾਰ ਬਹੁਤ ਅਮੀਰ , ਵਿਸ਼ਾਲ ਤੇ ਅਨਮੋਲ ਹੈ। ਜਿਸ ਕਰਕੇ ਇਸ ਦੀ ਵੱਖਰੀ ਪਹਿਚਾਣ ਤੇ ਧਾਂਕ ਅੱਜ ਪੂਰੇ ਸੰਸਾਰ ਵਿੱਚ ਹੈ। ਸਮੇਂ ਦੀ ਤੋਰ ਦੇ ਨਾਲ – ਨਾਲ ਸਾਡੇ ਸਭਿਆਚਾਰ ਦੇ ਵਰਤਾਰਿਆਂ ਜਿਵੇਂ ਵਸਤਾਂ , ਖਾਣ – ਪਾਣ , ਪਹਿਰਾਵਾ , ਰਹਿਣ – ਸਹਿਣ , ਕੰਮ – ਧੰਦਿਆਂ , ਮਨੋਰੰਜਨ ਦੇ ਸਾਧਨਾਂ , ਖੇਤੀਬਾੜੀ , ਪੇਂਡੂ ਦਿੱਖ ਆਦਿ ਵਿੱਚ ਕਾਫੀ ਤਬਦੀਲੀ ਆਈ ਤੇ ਕਈ ਵਰਤਾਰੇ , ਗੱਲਾਂ , ਰੀਤੀ – ਰਿਵਾਜ ਕਾਫੀ ਘੱਟ ਵੀ ਗਏ ਹਨ। ਇਹਨਾਂ ਸੱਭਿਆਚਾਰਕ ਯਾਦਾਂ ਵਿੱਚੋਂ ਇੱਕ ਹੈ : ਡਾਂਗ ਭਾਵ ਸੋਟੀ ਜਾਂ ਲਾਠੀ। ਬੱਚਿਓ ! ਡਾਂਗ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਰਹੀ ਹੈ। ਜਦੋਂ ਸਵੈ – ਰੱਖਿਆ ਲਈ ਮਨੁੱਖ ਕੋਲ ਹੋਰ ਸਾਧਨ ਬਹੁਤ ਘੱਟ ਸਨ , ਉਦੋਂ ਡਾਂਗ ਹੀ ਆਪਣੀ ਸੁਰੱਖਿਆ ਕਰਨ ਦਾ ਬਹੁਤ ਵੱਡਾ ਸਾਧਨ ਹੁੰਦੀ ਸੀ। ਡਾਂਗ ਦਾ ਦਾਇਰਾ ਸਵੈ – ਰੱਖਿਆ ਤੱਕ ਹੀ ਸੀਮਤ ਨਹੀਂ ਸੀ , ਸਗੋਂ ਛੈਲ – ਛਬੀਲੇ ਪੰਜਾਬੀ ਗੱਭਰੂ ਆਪਣੀ ਬਹਾਦਰੀ , ਸਾਹਸ , ਨਿਡਰਤਾ , ਉਤਸ਼ਾਹ ਆਦਿ ਨੂੰ ਪ੍ਰਗਟਾਉਣ ਲਈ ਤੇ ਭੰਗੜਾ ਪਾਉਣ ਸਮੇਂ ਵੀ ਡਾਂਗ ਆਪਣੇ ਕੋਲ ਰੱਖਦੇ ਹੁੰਦੇ ਸੀ। ਡਾਂਗ ਦੀ ਵਰਤੋਂ ਭੰਗੜਿਆਂ ਵਿੱਚ ਬਹੁਤ ਚਾਅ ਤੇ ਉਮੰਗ ਨਾਲ ਹੁੰਦੀ ਆਈ ਹੈ। ਬੱਚਿਓ ! ਲਗਭਗ ਪੰਜ – ਛੇ ਫੁੱਟ ਲੰਬੇ ਸਖਤ ਬਾਂਸ ਦੇ ਹਿੱਸੇ ਨੂੰ ਡਾਂਗ /ਸੋਟੀ/ ਲਾਠੀ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਆਮ ਤੌਰ ‘ਤੇ ਆਪਣੇ ਸ਼ੌਂਕ ਲਈ ਡਾਂਗ ‘ਤੇ ਲੋਹੇ ਜਾਂ ਪਿੱਤਲ ਦੀ ਧਾਤ ਦੇ ਖੋਲ਼ ਆਦਿ ਨੂੰ ਚੜਾਇਆ ਜਾਂਦਾ ਹੁੰਦਾ ਸੀ। ਇਸ ਤਰ੍ਹਾਂ ਦੀ ਡਾਂਗ ਅਕਸਰ ਸੰਮਾਂ ਵਾਲੀ ਡਾਂਗ ਅਖਵਾਉਂਦੀ ਹੁੰਦੀ ਸੀ। ਇੱਕ ਕੋਕਿਆਂ ਵਾਲੀ ਡਾਂਗ ਵੀ ਹੁੰਦੀ ਹੈ। ਜਦੋਂ ਡਾਂਗ ‘ਤੇ ਪਿੱਤਲ ਦੀਆਂ ਛੋਟੀਆਂ ਟੋਪੀਦਾਰ ਮੇਖਾਂ ਲਗਾ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਕੋਕਿਆਂ ਵਾਲੀ ਡਾਂਗ ਅਖਵਾਉਂਦੀ ਹੈ। ਪੰਜਾਬੀ ਸਾਹਿਤ , ਲੋਕ – ਗੀਤਾਂ , ਮੁਹਾਵਰਿਆਂ , ਅਖਾਣਾ ਆਦਿ ਵਿੱਚ ਡਾਂਗ ਸ਼ਬਦ ਦੀ ਵਰਤੋਂ ਬਹੁਤ ਹੋਈ ਮਿਲਦੀ ਹੈ , ਜਿਵੇਂ :

1. ਆਪੇ ਚੱਕੀ ਪੀਸੂਗੀ
ਜਦੋਂ ਡਾਂਗ ਸੰਮਾਂ ਵਾਲੀ ਖੜਕੀ।
2. ਜਿੱਥੇ ਵੱਜਦੀ ਬੱਦਲ ਵਾਂਗ ਗੱਜਦੀ
ਕਾਲੀ ਡਾਂਗ ਮੇਰੇ ਵੀਰ ਦੀ।
3.  ਡਾਂਗ ਉਹਦੀ ਖੂਨ ਮੰਗਦੀ
ਜਿਹੜੀ ਵਿਹੜੇ ‘ਚ ਖੜਕਦੀ ਜਾਵੇ।
4.  ਬਾਹਰੋਂ ਆਇਆ ਸੜਿਆ – ਬਲਿਆ
ਮੇਰੇ ਲੱਕ ‘ਤੇ ਮਾਰੀ ਸੋਟੀ।
5. ਭੀੜੀ ਗਲੀ ਵਿੱਚ ਹੋ ਗਏ ਟਾਕਰੇ
ਡਾਂਗਾਂ ਦੇ ਪੈਣ ਜੜਾਕੇ।
6. ….ਮੋਢੇ ਉੱਤੇ ਡਾਂਗ ਰੱਖਦੇ।
7. ਮੇਰਾ ਵੀਰ ਨੀ ਮੁਰਕੀਆਂ ਵਾਲਾ
ਹੱਥ ਵਿੱਚ ਡਾਂਗ ਰੱਖਦਾ ।
8. ਕਾਲੀ ਡਾਂਗ ਪਿੱਤਲ ਦੇ ਕੋਕੇ
ਭੰਗੜਾ ਸਿਆਲਕੋਟ ਦਾ।
9. ਮੇਰਾ ਵੀਰ ਨੀ ਜਵਾਈ ਠਾਣੇਦਾਰ ਦਾ
ਮੋਢੇ ਉੱਤੇ ਡਾਂਗ ਰੱਖਦਾ।
 ਬੱਚਿਓ ! ਡਾਂਗ ਨਾਲ ਸੰਬੰਧਿਤ ਕਈ ਪੰਜਾਬੀ ਮੁਹਾਵਰੇ , ਅਖੌਤਾਂ ਵੀ ਹਨ , ਜਿਵੇਂ :
ਚੋਰਾਂ ਦੇ ਕੱਪੜੇ
ਡਾਂਗਾਂ ਦੇ ਗਜ।
ਸੱਪ ਵੀ ਮਰ ਜਾਏ
 ਤੇ ਲਾਠੀ ਵੀ ਨਾ ਟੁੱਟੇ।
 ਡਾਂਗ ਤੇ ਡੇਰਾ ਰੱਖਣਾ।
 ਜਿਸ ਦੀ ਲਾਠੀ
 ਉਸਦੀ ਮੈਸ ,
 ਆਦਿ।
ਗਾੜ੍ਹੀ ਚਾਹ ਜਾਂ ਗਾੜ੍ਹੀ ਲੱਸੀ ਨੂੰ ਕਈ ਵਾਰੀ ਡਾਂਗ ਵਰਗੀ ਚਾਹ ਜਾਂ ਡਾਂਗ ਵਰਗੀ ਲੱਸੀ ਵੀ ਕਹਿ ਦਿੱਤਾ ਜਾਂਦਾ ਹੈ। ਬੱਚਿਓ ! ਪੁਰਾਣੇ ਸਮਿਆਂ ਵਿੱਚ ਲੋਕ ਸਵੈ – ਰੱਖਿਆ ਲਈ ਤੇ ਆਪਣਾ ਰੋਅਬ ਰੱਖਣ ਵਾਸਤੇ ਡਾਂਗ ਹਮੇਸ਼ਾ ਆਪਣੇ ਨਾਲ ਹੀ ਰੱਖਦੇ ਸਨ , ਜੋ ਕਿ ਚੋਰ – ਉਚੱਕੇ , ਲੁਟੇਰੇ , ਹਮਲਾਵਰ , ਖੁੰਖਾਰ ਜਾਨਵਰ ਆਦਿ ਤੋਂ ਬਚਾਅ ਕਰਨ ਦੇ ਕੰਮ ਵੀ ਆਉਂਦੀ ਹੁੰਦੀ ਸੀ। ਇਸ ਤੋਂ ਇਲਾਵਾ ਨਦੀ – ਨਾਲ਼ੇ , ਖੱਡ ਆਦਿ ਨੂੰ ਪਾਰ ਕਰਨ ਲਈ ਵੀ ਡਾਂਗ ਬਹੁਤ ਕੰਮ ਆਉਂਦੀ ਹੁੰਦੀ ਸੀ ਤੇ ਸਹਾਰਾ ਬਣਦੀ ਸੀ। ਕਈ ਰਾਜਾਂ ਤੇ ਦੇਸ਼ਾਂ ਵਿੱਚ ਡਾਂਗ ਨਾਲ ਸੰਬੰਧਿਤ ਤਿਉਹਾਰ ਜਾਂ ਖੇਡਾਂ ਆਦਿ ਵੀ ਖੇਡੀਆਂ ਜਾਂਦੀਆਂ ਹਨ , ਜਿਵੇਂ : ਭਾਰਤ ਤੇ ਉੱਤਰ – ਪ੍ਰਦੇਸ਼ ਵਿੱਚ ਲੱਠ ਮਾਰ ਹੋਲੀ , ਬੰਗਲਾਦੇਸ਼ ਵਿੱਚ ਲਾਠੀ ਖੇਲਾ ਆਦਿ। ਪੁਰਾਣੇ ਸਮੇਂ ਦੇ ਗੱਭਰੂ ਆਪਣੇ ਸ਼ੌਂਕ ਹਿੱਤ ਡਾਂਗ ਨੂੰ ਕਾਫੀ ਸਜਾ ਕੇ , ਸਰੋਂ ਦਾ ਤੇਲ ਲਗਾ ਕੇ ਤੇ ਲਿਸ਼ਕਾ ਕੇ ਰੱਖਦੇ ਹੁੰਦੇ ਸੀ। ਪੁਰਾਣੇ ਸਮਿਆਂ ਵਿੱਚ ਛੋਟੀਆਂ ਲੜਾਈਆਂ ਤੋਂ ਇਲਾਵਾ ਯੁੱਧ ਵੀ ਡਾਂਗਾਂ ਨਾਲ ਹੁੰਦੇ ਸਨ। ਪਰ ਹੁਣ ਪਿਆਰੇ ਬੱਚਿਓ ! ਸਮੇਂ ਵਿੱਚ ਬਹੁਤ ਤਬਦੀਲੀ ਆ ਗਈ ਹੈ। ਡਾਂਗ ਜੋ ਕਿ ਪੁਰਾਣੇ ਸਮੇਂ ਵਿੱਚ ਘਰ ਅਤੇ ਘਰ ਤੋਂ ਬਾਹਰ ਸਾਡੇ ਸੱਭਿਆਚਾਰ ਵਿੱਚ ਤੇ ਸਾਡੇ ਜੀਵਨ ਨਾਲ ਆਪਣਾ ਗਹਿਰਾ ਸੰਬੰਧ ਰੱਖਦੀ ਆਈ , ਹੁਣ ਸਵੈ – ਰੱਖਿਆ ਦੇ ਵੱਖ – ਵੱਖ ਤਰ੍ਹਾਂ ਸਾਧਨਾਂ ਦੇ ਹੋਂਦ ਵਿੱਚ ਆਉਣ ਨਾਲ ਅਤੇ ਨੌਜਵਾਨਾਂ ਗੱਭਰੂਆਂ ਦੇ ਸ਼ੌਂਕਾਂ ਵਿੱਚ ਬਦਲਾਅ ਆਉਣ ਕਰਕੇ ਡਾਂਗ ਦੀ ਉਹ ਪੁਰਾਣੇ ਸਮਿਆਂ ਵਾਲੀ ਮਹੱਤਤਾ , ਡਾਂਗ ਪ੍ਰਤੀ ਲਗਾਓ ਅਤੇ ਡਾਂਗ ਦੀ ਸਾਡੀ ਦਿਨਚਰਿਆ ਵਿੱਚ ਉਹ ਵਿਸ਼ੇਸ਼ ਥਾਂ ਹੁਣ ਦੇਖਣ ਨੂੰ ਨਹੀਂ ਮਿਲਦੀ , ਪਰ ਡਾਂਗ ਅੱਜ ਵੀ ਸਾਡੇ ਪੰਜਾਬੀ ਸੱਭਿਆਚਾਰ ਵਿਰਸੇ , ਪੇਂਡੂ ਖਿੱਤੇ ਅਤੇ ਜਿਹਨ ਵਿੱਚ ਰਚੀ – ਵਸੀ ਹੋਈ ਹੈ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ ) ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ। 9478561356 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article  ਏਹੁ ਹਮਾਰਾ ਜੀਵਣਾ ਹੈ -491   
Next articleਭਿਖਾਰੀ ਤੇ ਪੁਜਾਰੀ