ਪੰਜਾਬ ਕਾਂਗਰਸ ’ਚ ਬਗ਼ਾਵਤੀ ਸੁਰਾਂ ਤੋਂ ਨਵਾਂ ਵਿਵਾਦ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਕਾਂਗਰਸ ਵਿੱਚ ਹੁਣ ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਆਪਣੀ ਪਾਰਟੀ ਦੀ ਸਰਕਾਰ ਖ਼ਿਲਾਫ਼ ਬਗ਼ਾਵਤੀ ਸੁਰ ਰੱਖਣ ਮਗਰੋਂ ਨਵਾਂ ਬਖੇੜਾ ਖੜ੍ਹਾ ਹੋ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਨ੍ਹਾਂ ਸੰਸਦ ਮੈਂਬਰਾਂ ਦੀ ਜਨਤਕ ਬੋਲਬਾਣੀ ਦਾ ਨੋਟਿਸ ਲੈਂਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਭੇਜਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਸੰਸਦ ਮੈਂਬਰਾਂ ਨੇ ਪਾਰਟੀ ਅਨੁਸ਼ਾਸਨ ਭੰਗ ਕੀਤਾ ਹੈ ਜਿਸ ਕਾਰਨ ਇਹ ਮੁਅੱਤਲੀ ਯੋਗ ਕੇਸ ਬਣਦਾ ਹੈ।

ਵੇਖਿਆ ਜਾਵੇ ਤਾਂ ਇਨ੍ਹਾਂ ਸੰਸਦ ਮੈਂਬਰਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਲਿਖੇ ਜਾ ਰਹੇ ਪੱਤਰਾਂ ਤੋਂ ਜਾਪਦਾ ਸੀ ਕਿ ਕਾਂਗਰਸ ਵਿੱਚ ਅੰਦਰੋਂ-ਅੰਦਰ ਅੱਗ ਧੁਖ ਰਹੀ ਹੈ। ਰਾਜਸਥਾਨ ਵਿਚਲੀ ਫੁੱਟ ਦਾ ਵਿਵਾਦ ਹਾਲੇ ਸੁਲਝਿਆ ਨਹੀਂ ਹੈ ਕਿ ਇਨ੍ਹਾਂ ਸੰਸਦ ਮੈਂਬਰਾਂ ਵੱਲੋਂ ਬੀਤੇ ਕੱਲ੍ਹ ਰਾਜਪਾਲ ਪੰਜਾਬ ਨੂੰ ਮਿਲ ਕੇ ਸ਼ਰਾਬ ਮਾਫ਼ੀਆ ਦੇ ਮਾਮਲੇ ਦੀ ਜਾਂਚ ਸੀਬੀਆਈ ਅਤੇ ਈਡੀ ਤੋਂ ਕਰਵਾਉਣ ਦੀ ਮੰਗ ਕੀਤੇ ਜਾਣ ਨਾਲ ਪੰਜਾਬ ਕਾਂਗਰਸ ’ਚ ਵੀ ਨਵਾਂ ਵਿਵਾਦ ਪੈਦਾ ਹੋ ਗਿਆ ਹੈ।

ਦੋਵੇਂ ਸੰਸਦ ਮੈਂਬਰਾਂ ਨੇ ਸਾਫ਼ ਆਖ ਦਿੱਤਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਜਾਂਚ ’ਤੇ ਭਰੋਸਾ ਨਹੀਂ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਅੱਜ ਸ਼ਰਾਬ ਮਾਫ਼ੀਆ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੋਵੇਂ ਆਗੂਆਂ ਨੂੰ ਮਸਲਾ ਪਾਰਟੀ ਪਲੇਟਫ਼ਾਰਮ ’ਤੇ ਚੁੱਕਣਾ ਚਾਹੀਦਾ ਸੀ ਅਤੇ ਜਨਤਕ ਫੋਰਮ ‘ਤੇ ਆ ਕੇ ਆਗੂਆਂ ਨੇ ਲਛਮਣ ਰੇਖਾ ਉਲੰਘ ਦਿੱਤੀ ਹੈ ਜਿਸ ਕਾਰਨ ਇਹ ਮੁਅੱਤਲੀ ਦਾ ਕੇਸ ਬਣਦਾ ਹੈ ਜਿਸ ਦੀ ਪਾਰਟੀ ਪ੍ਰਧਾਨ ਤੋਂ ਮੰਗ ਕੀਤੀ ਗਈ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਕੌਮੀ ਪੱਧਰ ‘ਤੇ ਭਖਦੇ ਮੁੱਦੇ ਜਿਵੇਂ ਖੇਤੀ ਆਰਡੀਨੈਂਸ, ਕੌਮੀ ਸਿੱਖਿਆ ਨੀਤੀ, ਧਾਰਾ 370 ਅਤੇ ਹੋਰ ਪੰਜਾਬ ਦੇ ਮਸਲੇ ਰਾਜ ਸਭਾ ਜਾਂ ਕੇਂਦਰ ਸਰਕਾਰ ਕੋਲ ਕਦੇ ਨਹੀਂ ਚੁੱਕੇ ਅਤੇ ਇਨ੍ਹਾਂ ਨੂੰ ਆਪਣੀ ਸਰਕਾਰ ’ਚ ਹੀ ਨੁਕਸ ਦਿਖਦੇ ਹਨ। ਇਨ੍ਹਾਂ ਆਗੂਆਂ ਨੇ ‘ਚਿੱਟੇ’ ਦੀ ਜਾਂਚ ਲਈ ਉਦੋਂ ਕੇਂਦਰੀ ਜਾਂਚ ਕਿਉਂ ਨਹੀਂ ਮੰਗੀ ਤੇ ਹੁਣ ਆਪਣੀ ਹੀ ਥਾਲ਼ੀ ਵਿੱਚ ਛੇਕ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਬਾਜਵਾ ਨੂੰ ਪਾਰਟੀ ਪ੍ਰਧਾਨ ਅਤੇ ਫਿਰ ਰਾਜ ਸਭਾ ਮੈਂਬਰ ਬਣਾਇਆ।

ਉਨ੍ਹਾਂ ਕਿਹਾ ਕਿ ਜੋ ਰਾਹੁਲ ਗਾਂਧੀ ਦੇ ਨਹੀਂ ਹੋ ਸਕੇ, ਉਹ ਕਿਸੇ ਦੇ ਕਿਵੇਂ ਹੋ ਜਾਣਗੇ? ਚਾਰ ਦਿਨ ਪਹਿਲਾਂ ਸੋਨੀਆ ਗਾਂਧੀ ਨਾਲ ਇਨ੍ਹਾਂ ਆਗੂਆਂ ਨੇ ਵੈਬਿਨਾਰ ‘ਤੇ ਚਰਚਾ ਕੀਤੀ ਅਤੇ ਉਦੋਂ ਵੀ ਪਾਰਟੀ ਪ੍ਰਧਾਨ ਕੋਲ ਆਪਣਾ ਮਸਲਾ ਰੱਖ ਸਕਦੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਨੁਕਸਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਨੇ ਡਾ. ਮਨਮੋਹਨ ਸਿੰਘ, ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਤੋਂ ਜੈੱਡ ਪਲੱਸ ਸੁਰੱਖਿਆ ਵਾਪਸ ਲੈ ਲਈ ਹੈ ਅਤੇ ਕੇਂਦਰੀ ਗ੍ਰਹਿ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਚਾਰ ਗੰਨਮੈਨ ਹੋਰ ਦੇ ਕੇ ਜੈੱਡ ਪਲੱਸ ਸੁਰੱਖਿਆ ਕਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਬਾਜਵਾ ਦੀ ਹੈਸੀਅਤ ਭਾਂਪ ਲਈ ਅਤੇ ਚਾਰ ਗੰਨਮੈਨ ਦੇ ਕੇ ਚੋਗ਼ਾ ਪਾ ਲਿਆ। ਉਨ੍ਹਾਂ ਕਿਹਾ ਕਿ ਸਚਿਨ ਪਾਇਲਟ ਕੋਲ ਤਾਂ ਕੁਝ ਵਿਧਾਇਕ ਵੀ ਹਨ ਪਰ ਬਾਜਵਾ ਕੋਲ ਤਾਂ ਚਾਰ ਗੰਨਮੈਨ ਹੀ ਰਹਿ ਜਾਣੇ ਹਨ।

Previous articleਪੰਜਾਬ ਵਿਚ ਕਰੋਨਾ ਨੇ ਲਈਆਂ 20 ਹੋਰ ਜਾਨਾਂ
Next articleਇਸ਼ਕ ਚਰਖੜੀ