ਪੰਜਾਬ ਆਉਣ ਵਾਲੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ

ਫੋਟੋ :-ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ, ਕਪੂਰਥਲਾ।  

7 ਜੁਲਾਈ 2020 ਤੋਂ ਲਾਗੂ ਹੋਵੇਗੀ –  ਦੀਪਤੀ ਉੱਪਲ

ਕਪੂਰਥਲਾ, 5 ਜੁਲਾਈ  ( ਕੌੜਾ )  (ਸਮਾਜਵੀਕਲੀ)-  ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਦਾਖ਼ਲ ਹੋਣ ਵਾਲੇ ਸਾਰੇ ਵਿਅਕਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਹ ਐਡਵਾਇਜ਼ਰੀ 7 ਜੁਲਾਈ 2020 ਤੋਂ ਲਾਗੂ ਹੋਵੇਗੀ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਬਾਲਗ ਜਾਂ ਨਾਬਾਲਗ ਵਿਅਕਤੀ, ਜੋ ਆਵਾਜਾਈ ਦੇ ਕਿਸੇ ਵੀ ਢੰਗ ਭਾਵ ਸੜਕ, ਰੇਲ ਜਾਂ ਹਵਾਈ ਯਾਤਰਾ ਜ਼ਰੀਏ ਪੰਜਾਬ ਆ ਰਿਹਾ ਹੈ, ਦੀ ਪੰਜਾਬ ਵਿਚ ਦਾਖ਼ਲ ਹੋਣ ਸਮੇਂ ਡਾਕਟਰੀ ਜਾਂਚ ਕੀਤੀ ਜਾਏਗੀ ਅਤੇ ਅਜਿਹੇ ਵਿਅਕਤੀ ਨੂੰ ਪੰਜਾਬ ਲਈ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹੇਠਾਂ ਦਿੱਤੇ ਕਿਸੇ ਵੀ ਢੰਗ-ਤਰੀਕੇ ਰਾਹੀਂ ਖੁਦ ਨੂੰ ਈ-ਰਜਿਸਟਰ ਕਰਨਾ ਹੋਵੇਗਾ।

ਜੇ ਵਿਅਕਤੀ ਸੜਕੀ ਯਾਤਰਾ ਰਾਹੀਂ ਆਪਣੇ ਨਿੱਜੀ ਵਾਹਨ ’ਤੇ ਆ ਰਿਹਾ ਹੈ ਤਾਂ ਉਸਨੂੰ ਆਪਣੇ ਮੋਬਾਈਲ ਫੋਨ ’ਤੇ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ ਅਤੇ ਆਪਣੇ ਸਮੇਤ ਯਾਤਰਾ ਦੌਰਾਨ ਉਸ ਨਾਲ ਮੌਜੂਦ ਪਰਿਵਾਰ ਦੇ ਹਰੇਕ ਮੈਂਬਰ ਨੂੰ ਰਜਿਸਟਰ ਕਰਨਾ ਹੋਵੇਗਾ ਅਤੇ ਈ-ਰਜਿਸਟ੍ਰੇਸ਼ਨ ਸਲਿਪ ਡਾਊਨਲੋਡ ਕਰਕੇ ਆਪਣੇ ਵਾਹਨ ਦੇ ਅੱਗੇ ਵਾਲੇ ਸ਼ੀਸ਼ੇ ’ਤੇ ਲਗਾਉਣੀ ਹੋਵੇਗੀ। ਜੇ ਵਿਅਕਤੀ ਜਨਤਕ ਆਵਾਜਾਈ ਜਾਂ ਰੇਲ/ਹਵਾਈ ਯਾਤਰਾ ਰਾਹੀਂ ਆ ਰਿਹਾ ਹੈ ਤਾਂ ਉਸਨੂੰ ਮੋਬਾਈਲ ’ਤੇ ਇਹ ਸਲਿਪ ਆਪਣੇ ਕੋਲ ਰੱਖਣੀ ਹੋਵੇਗੀ https://cova.punjab.gov.in/registration ਪੋਰਟਲ ’ਤੇ ਲਾਗਇਨ ਕਰਕੇ ਯਾਤਰਾ ਦੌਰਾਨ ਆਪਣੇ ਨਾਲ ਮੌਜੂਦ ਸਾਰੇ ਪਰਿਵਾਰਕ ਮੈਂਬਰਾਂ ਸਮੇਤ ਖੁਦ ਦੀ ਈ-ਰਜਿਸਟੇ੍ਰਸ਼ਨ ਕਰਨੀ ਹੋਵੇਗੀ ਅਤੇ ਉਪਰੋਕਤ ਦਿੱਤੀ ਪ੍ਰਕਿਰਿਆ ਦੀ ਪਾਲਣਾ ਕਰਨੀ ਹੋਵੇਗੀ।

ਜੇ ਪੰਜਾਬ ਆਉਣ ਵਾਲਾ ਕੋਈ ਯਾਤਰੀ ਉਪਰੋਕਤ ਦੱਸੇ ਨਿਰਦੇਸ਼ਾਂ ਦਾ ਪਾਲਣ ਨਹੀਂ ਕਰਦਾ ਤਾਂ ਪੰਜਾਬ ਵਿਚ ਦਾਖ਼ਲ ਹੋਣ ਸਮੇਂ ਉਸਨੂੰ ਬਾਰਡਰ, ਰੇਲ, ਏਅਰਪੋਰਟ ਚੈੱਕ ਪੋਸਟ ਵਿਖੇ ਪੰਜਾਬ ਸਰਕਾਰ ਦੀ ਟੀਮ ਨਾਲ ਸਹਿਯੋਗ ਕਰਨ ਲਈ ਕਿਹਾ ਜਾਵੇਗਾ ਜਿਸ ਵੱਲੋਂ ਡਾਟਾ ਲੈਣ ਦੀ ਪ੍ਰਕਿਰਿਆ ਮੌਕੇ ’ਤੇ ਹੀ ਕੀਤੀ ਜਾਵੇਗੀ। ਕਿਉਂਕਿ ਉਕਤ ਪ੍ਰਕਿਰਿਆ ਵਿਚ ਜ਼ਿਆਦਾ ਸਮਾਂ ਲੱਗ ਸਕਦਾ ਹੈ ਇਸ ਲਈ ਪੰਜਾਬ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਉਨਾਂ ਨੂੰ ਉੱਪਰ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ ਹੈ।

ਅਕਸਰ ਆਉਣ-ਜਾਣ ਵਾਲੇ ਯਾਤਰੀਆਂ ਨੂੰ ਛੱਡ ਕੇ ਪੰਜਾਬ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਸੂਬੇ ਵਿਚ ਦਾਖ਼ਲ ਹੋਣ ਤੋਂ ਬਾਅਦ  14 ਦਿਨਾਂ ਦੇ ਸਵੈ-ਇਕਾਂਤਵਾਸ ਵਿਚ ਰਹਿਣਾ ਹੋਵੇਗਾ ਅਤੇ ਇਸ ਸਮੇਂ ਦੌਰਾਨ ਉਨਾਂ ਨੂੰ ਆਪਣੀ ਸਿਹਤ ਦੀ ਸਥਿਤੀ ਬਾਰੇ ਕੋਵਾ ਐਪ ’ਤੇ ਰੋਜ਼ਾਨਾ ਅਪਡੇਟ ਕਰਨਾ ਹੋਵੇਗਾ ਜਾਂ 112 ’ਤੇ ਰੋਜ਼ਾਨਾ ਕਾਲ ਕਰਨੀ ਹੋਵੇਗੀ। ਜੇ ਉਹ ਮਹਿਸੂਸ ਕਰਦੇ ਹਨ ਕਿ ਉਨਾਂ ਵਿਚ ਕੋਵਿਡ -19 ਲੱਛਣ ਪੈਦਾ ਹੋ ਰਹੇ ਹਨ ਤਾਂ ਉਨਾਂ ਨੂੰ ਤੁਰੰਤ 104 ’ਤੇ ਕਾਲ ਕਰਨੀ ਹੋਵੇਗੀ। ਅੰਤਰਰਾਸ਼ਟਰੀ ਯਾਤਰੀਆਂ ਨੂੰ ਪਹਿਲੇ 7 ਦਿਨ ਸੰਸਥਾਗਤ ਇਕਾਂਤਵਾਸ ਅਤੇ ਅਗਲੇ 7 ਦਿਨ ਘਰੇਲੂ ਇਕਾਂਤਵਾਸ ਵਿਚ ਰਹਿਣਾ ਹੋਵੇਗਾ।

ਇਨਾਂ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਕੋਈ ਵੀ ਵਿਅਕਤੀ ਦੰਡਾਤਮਕ ਕਾਰਵਾਈ ਲਈ ਜਿੰਮੇਵਾਰ ਹੋਵੇਗਾ।

Previous articleआर.सी.एफ के सामने जल्द शुरू होगा गुरु नानक मोदीखाना -सरपंच जगदीप
Next articleUK’s most wanted: India-born Sahnan runs much bigger drug ops than D-company in Europe