ਪੰਜਾਬੀ ਭਾਈਚਾਰੇ ਵੱਲੋਂ ਨਵੀਂ ਪੀੜੀ ਨੂੰ ਖੇਡਾਂ ਨਾਲ ਜੋੜਨ ਦੀ ਵੱਡੀ ਪਹਿਲ: ਨਿਊਟਨ ਟੈਨਿਸ ਕਲੱਬ, ਸਰੀ

(ਸਮਾਜਵੀਕਲੀ)

ਮੌਜੂਦਾ ਸਮੇਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆ ਸਾਹਮਣੇ ਸਭ ਤੋਂ ਵੱਡੀ ਚੁਨੌਤੀ, ਆਪਣੀ ਨਵੀਂ ਪੀੜੀ ਨੂੰ ਸਾਂਭਣ ਦੀ ਹੈ। ਨਸ਼ਾ, ਗੈਂਗਵਾਰ, ਮਾਰ-ਧਾੜ ਸਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਵਿੱਚ ਧਸਦੀ ਜਾ ਰਹੀ ਜਵਾਨੀ ਨੂੰ ਜੇਕਰ ਕਿਸੇ ਸਾਰਥਿਕ ਪਾਸੇ ਨਾ ਲਾਇਆ ਗਿਆ ਤਾਂ ਸਾਨੂੰ ਇਹ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਭਵਿੱਖ ਖ਼ਤਰੇ ਵਿੱਚ ਹੈ। ਇਨਾਂ ਕੁਰੀਤੀਆਂ ਤੋਂ ਬਚਾਉਣ ਦਾ ਇੱਕ ਕਾਰਗਰ ਤਰੀਕਾ ਹੋ ਸਕਦਾ ਹੈ ਕਿ ਬਚਿਆ ਦੇ ਮਨਾਂ ਵਿੱਚ ਖੇਡਾਂ ਪ੍ਰਤੀ ਸ਼ੋਕ ਪ੍ਰਫੁਲਿਤ ਕੀਤਾ ਜਾਏ। ਅਜਿਹਾ ਹੀ ਕੁੱਝ ਕਰਨ ਦਾ ਅਹਿਦ ਧਾਰ ਕੇ ਨਿਊਟਨ-ਸਰੀ ਪੰਜਾਬੀ ਭਾਈਚਾਰੇ ਨੇ ਆਪਸੀ ਸਹਿਯੋਗ ਨਾਲ ਨਿਊਟਨ ਟੈਨਿਸ ਕਲੱਬ ਦਾ ਗਠਨ ਕਰ ਕੇ ਵੱਡਾ ਉੱਦਮ ਕੀਤਾ ਹੈ ਕਿਉਂਕਿ ਇਹ ਇੱਕ ਅਟੱਲ ਸੱਚ ਹੈ ਕਿ ਜੇਕਰ ਕਿਸੇ ਕੌਮ ਨੇ ਆਪਣੀ ਜਵਾਨੀ ਸਾਂਭ ਲਈ ਤਾਂ ਸਮਝੋ, ਉਸ ਕੌਮ ਨੇ ਆਪਣਾ ਭਵਿੱਖ ਸੁਰੱਖਿਅਤ ਕਰ ਲਿਆ।

ਜੇ ਗੱਲ ਕਰੀਏ ਵਿਦੇਸ਼ਾਂ ਦੀ ਅਤੇ ਖ਼ਾਸਕਰ ਕੈਨੇਡਾ ਦੀ ਤਾਂ ਪੰਜਾਬੀਆ ਨੇ ਇੱਥੇ ਹਰ ਖੇਤਰ ਵਿੱਚ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ। ਜਿੱਥੇ ਸਿਆਸਤ ਵਿੱਚ ਪੰਜਾਬੀ ਦੀ ਪੂਰੀ ਚੜਤ ਹੈ, ਉੱਥੇ ਹੀ ਪੁਲੀਸ ਅਤੇ ਫੌਜ਼ ਵਿੱਚ ਵੀ ਕਈ ਪੰਜਾਬੀ ਨਾਮਣਾ ਖੱਟ ਰਹੇ ਹਨ। ਜੇ ਖੇਡਾਂ ਦੇ ਨਜ਼ਰੀਏ ਤੋਂ ਵੇਖੀਏ ਤਾਂ ਕਬੱਡੀ, ਹਾਕੀ ਅਤੇ ਫੁੱਟਬਾਲ ਵਿੱਚ ਤਾਂ ਪੰਜਾਬੀਆ ਦੀ ਸ਼ਮੂਲੀਅਤ ਅਕਸਰ ਵੇਖੀ ਜਾਂਦੀ ਹੈ ਪਰੰਤੂ ਟੈਨਿਸ ਵਰਗੀ ਖੇਡ ਵਿੱਚ ਹਾਲੇ ਬਹੁਤ ਕੁੱਝ ਪ੍ਰਾਪਤ ਕਰਨਾ ਬਾਕੀ ਹੈ। ਇਸ ਪ੍ਰਕਾਰ ਦੇ ਨਿਸ਼ਾਨਿਆਂ ਨੂੰ ਮੁੱਖ ਰੱਖ ਕੇ ਹੀ ਨਿਊਟਨ ਟੈਨਿਸ ਕਲੱਬ ਸਰੀ ਦਾ ਗਠਨ ਕੀਤਾ ਗਿਆ। ਇਸ ਕਲੱਬ ਦਾ ਮੁੱਖ ਮਕਸਦ ਬਚਿਆ ਨੂੰ ਮੁੱਢ ਤੋਂ ਹੀ ਖੇਡ ਸਭਿਆਚਾਰ ਨਾਲ ਜੋੜਨ ਦਾ ਹੈ ਕਿਉਂਕਿ ਖੇਡਾਂ ਮਨੁੱਖੀ ਜੀਵਨ ਦਾ ਇੱਕ ਅਹਿਮ ਅੰਗ ਹਨ, ਜਿੱਥੇ ਖੇਡਾਂ ਮਨੁੱਖੀ ਸਰੀਰ ਨੂੰ ਚੁਸਤ-ਦਰੁਸਤ ਅਤੇ ਰਿਸ਼ਟ-ਪੁਸ਼ਟ ਰੱਖਦੀਆਂ ਹਨ ਉੱਥੇ ਹੀ ਇਹ ਖਿਡਾਰੀਆਂ ਵਿੱਚ ਆਪਸੀ ਪ੍ਰੇਮ-ਪਿਆਰ, ਸਬਰ, ਮਿਹਨਤ, ਸਹਿਣਸ਼ੀਲਤਾ, ਅਨੁਸ਼ਾਸਨ, ਸਹਿਯੋਗ ਆਦਿ ਨੈਤਿਕ ਗੁਣ ਵੀ ਕੁੱਟ-ਕੁੱਟ ਕੇ ਭਰਨ ਦਾ ਕੰਮ ਕਰਦੀਆਂ ਹਨ, ਨਤੀਜੇ ਵਜੋਂ ਖਿਡਾਰੀ ਜਿੱਤ ਅਤੇ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਨਾ ਸਿੱਖਦਾ ਹੈ ਅਤੇ ਇਹੋ ਜਿਹੇ ਗੁਣ ਉਸ ਦੇ ਜੀਵਨ ਸੰਘਰਸ਼ ਵਿੱਚ ਵੀ ਕੰਮ ਆਉਂਦੇ ਹਨ।

ਨਿਊਟਨ ਕਲੱਬ, ਉਂਝ ਤਾਂ 2015 ਤੋਂ ਹੀ ਕਾਰਜਸ਼ੀਲ ਹੈ ਪਰੰਤੂ ਅਧਿਕਾਰਤ ਤੌਰ ਤੇ ਇਹ ਪਿਛਲੇ ਸਾਲ (2019) ਤੋਂ ਹੀ ਹੋਂਦ ਵਿੱਚ ਆਇਆ ਹੈ। ਇਸ ਕਲੱਬ ਦੇ ਮੌਜੂਦਾ ਸਮੇਂ 100 ਮੈਂਬਰ ਹਨ ਅਤੇ ਹਰੇਕ ਸਾਲ ਇੱਕ ਡਬਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਜਿਸ ਵਿੱਚ ਵੈਨਕੂਵਰ ਅਤੇ ਬਰਨਬੀ ਤੋਂ ਵੀ ਟੀਮਾਂ ਭਾਗ ਲੈਂਦੀਆਂ ਹਨ। ਨਿਊਟਨ ਕਲੱਬ, ਟੈਨਿਸ ਬੀ.ਸੀ ਤੋਂ ਮਾਨਤਾ ਪ੍ਰਾਪਤ ਹੈ ਅਤੇ ਅਗਾਂਹ ਨਿਊਟਨ ਕਲੱਬ ਨੂੰ ਟੈਨਿਸ ਕੈਨੇਡਾ ਦਾ ਮੈਂਬਰ ਹੋਣ ਦਾ ਵੀ ਮਾਣ ਪ੍ਰਾਪਤ ਹੈ। ਨਿਊਟਨ, ਇੱਕ ਗੈਰ ਮੁਨਾਫ਼ਾ ਸੰਸਥਾ ਹੈ ਜਿਸ ਦਾ ਮੁੱਖ ਮਕਸਦ ਟੈਨਿਸ ਖੇਡ ਨੂੰ ਆਮ ਲੋਕਾਂ ਵਿੱਚ ਹੋਰ ਪ੍ਰਫੁਲਿਤ ਕਰਨ ਤੋਂ ਹੈ। ਕਲੱਬ ਮੁੱਖ ਤੌਰ ਤੇ ਬਚਿਆ ਅਤੇ ਨੌਜਵਾਨਾ ਨੂੰ ਖੇਡਾਂ ਰਾਹੀ ਇੱਕ ਯੋਗ ਅਤੇ ਨਰੋਈ ਸੇਧ ਦੇਣ ਲਈ ਬਚਨਬੱਧ ਹੈ। ਨਿਊਟਨ ਟੈਨਿਸ ਕਲੱਬ, ਟੈਨਿਸ ਖੇਡ ਨਾਲ ਸਬੰਧਿਤ ਬਚਿਆਂ ਦੇ ਕੈਂਪ, ਟੈਨਿਸ ਲੀਗ ਅਤੇ ਸਾਲਾਨਾ ਡਬਲਜ਼ ਟੈਨਿਸ ਟੂਰਨਾਮੈਂਟ ਵਰਗੀਆਂ ਗਤੀਵਿਧੀਆਂ ਵਿੱਚ ਆਪਣੀ ਸ਼ਮੂਲੀਅਤ ਸਫਲਤਾ ਨਾਲ ਦਰਜ ਕਰਵਾ ਚੁੱਕਾ ਹੈ। ਅਗਾਂਹ ਇਸ ਕਲੱਬ ਨੇ (ਸਕੂਲ ਤੋਂ ਬਾਅਦ) ਬੀ.ਸੀ ਖੇਡ ਪ੍ਰੋਗਰਾਮਾਂ ਰਾਹੀ ਵਿਦਿਆਰਥੀਆ ਦੀ ਭਾਗੀਦਾਰੀ ਜਿਹੇ ਪ੍ਰੋਗਰਾਮ ਉਲੀਕੇ ਹੋਏ ਸਨ ਜੋ ਕਿ ਕੋਰੋਨਾ ਮਹਾਂਮਾਰੀ ਕਾਰਨ ਇਸ ਸਾਲ ਸਿਰੇ ਨਹੀਂ ਚੜ ਸਕੇ, ਆਸ ਕੀਤੀ ਜਾ ਸਕਦੀ ਹੈ ਕਿ ਹਾਲਾਤ ਸੁਖਾਵੇਂ ਹੋਣ ਤੋਂ ਬਾਅਦ ਇਨਾਂ ਟੀਚਿਆਂ ਨੂੰ ਕਲੱਬ  ਪਹਿਲ ਦੇ ਅਧਾਰ ਤੇ ਨੇਪਰੇ ਚਾੜਨ ਵਿਚ ਕਾਮਯਾਬ ਜ਼ਰੂਰ ਹੋਵੇਗਾ।

ਟੈਨਿਸ ਦੀ ਸਿਖਲਾਈ ਲਈ ਕੋਚਾਂ ਦਾ ਪ੍ਰਬੰਧ ਕਰਨਾ ਜਾਂ ਹੋਰ ਤਕਨੀਕੀ ਗੁਣਾਂ ਦੀ ਜ਼ਿੰਮੇਵਾਰੀ ਅਮਨਦੀਪ ਸਿੰਘ ਵੜੈਚ ਨੂੰ ਸੌਂਪੀ ਗਈ ਹੈ ਜੋ ਕਿ ਆਪ ਭਾਰਤੀ ਡੈਵਿਸ ਕੱਪ ਟੀਮ ਦਾ ਕਿਸੇ ਸਮੇਂ ਹਿੱਸਾ ਰਹੇ ਹਨ ਅਤੇ ਉਹ ਕੈਨੇਡਾ ਵੀ ਟੈਨਿਸ ਸਕਾਲਰਸ਼ਿਪ ਅਧੀਨ ਹੀ ਆਏ ਸਨ। ਕੋਚ ਦੀ ਜ਼ਿੰਮੇਵਾਰੀ ਬੀ.ਸੀ ਟੈਨਿਸ ਦੇ ਮਾਪਦੰਡਾਂ ਅਨੁਸਾਰ ਹੀ ਸਬੰਧਿਤ ਕੋਚ ਨੂੰ ਦਿੱਤੀ ਜਾਂਦੀ ਹੈ। ਅਕਸਰ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਅਜਿਹੇ ਕਲੱਬਾਂ ਵਿੱਚ ਔਰਤਾਂ ਦੀ ਸ਼ਮੂਲੀਅਤ ਘੱਟ ਹੀ ਵੇਖਣ ਨੂੰ ਮਿਲਦੀ ਹੈ। ਇਸ ਹੀ ਸੰਦਰਭ ਵਿੱਚ ਰਣਜੀਤ ਕੌਰ ਸੰਘੇੜਾ ਦਾ ਇਸ ਕਲੱਬ ਨਾਲ ਜੁੜਨਾ ਇੱਕ ਅਹਿਮ ਪਹਿਲਕਦਮੀ ਹੈ, ਰਣਜੀਤ ਕੌਰ ਅਣਥੱਕ ਯਤਨ ਕਰ ਰਹੇ ਹਨ ਕਿ ਵੱਧ ਤੋਂ ਵੱਧ ਕੁੜੀਆਂ ਨੂੰ ਇਸ ਕਲੱਬ ਨਾਲ ਜੋੜ ਕੇ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਜੋ ਉਹ ਖੇਡਾਂ ਵਿੱਚ ਮਰਦਾਂ ਦੇ ਬਰਾਬਰ ਨਾਮਣਾ ਖੱਟ ਸਕਣ। ਜ਼ਿਕਰਯੋਗ ਹੈ ਕਿ ਰਣਜੀਤ ਕੌਰ ਸੰਘੇੜਾ ਦਾ ਇਸ ਖੇਡ ਨਾਲ ਅੰਤਾਂ ਦਾ ਮੋਹ ਹੈ ਅਤੇ ਉਹ ਇਹੀ ਜਜ਼ਬਾ ਬਚਿਆ ਵਿੱਚ ਵੀ ਭਰ ਰਹੇ ਹਨ।

ਕਲੱਬ ਦਾ ਨਾਮਕਰਨ, ਨਿਊਟਨ ਦੇ ਸਥਾਨ ਦੇ ਨਾਮ ਤੋਂ ਕੀਤਾ ਗਿਆ ਹੈ, ‘ਨਿਊਟਨ’ ਸਰੀ ਸ਼ਹਿਰ ਦਾ ਟਾਊਨ ਸੈਂਟਰ ਹੈ, ਜਿਸ ਦਾ ਨਾਮ ‘ਇਲਿਆਸ ਜੋਹਨ ਨਿਊਟਨ’ ਦੇ ਨਾਮ ਤੋਂ ਪਿਆ ਜੋ ਕਿ 1886 ਵਿੱਚ ਰਿਚਮੰਡ,ਉਤਾਵਾ ਤੋਂ ਆ ਕੇ ਇਸ ਸਥਾਨ ਉੱਪਰ ਵਸੇ ਸਨ। ਇਸ ਸਥਾਨ ਦੀ ਕੁੱਲ ਅਬਾਦੀ 2016 ਦੀ ਰਿਪੋਰਟ ਅਨੁਸਾਰ 149040 ਹੈ ਅਤੇ ਇਸ ਵਿੱਚ ਤਕਰੀਬਨ 33 ਫ਼ੀਸਦੀ ਵਸੋਂ ਪੰਜਾਬੀ ਬੋਲਣ ਵਾਲਿਆਂ ਦੀ ਹੈ। ਇਹ ਸਥਾਨ ਹੋਰ ਵੀ ਕਈ ਪ੍ਰਕਾਰ ਦੀਆ ਵਿੱਦਿਅਕ, ਮਨੋਰੰਜਨ ਅਤੇ ਸਭਿਆਚਾਰਕ ਗਤੀਵਿਧੀਆਂਦਾ ਕੇਂਦਰ ਹੈ। ਪੰਜਾਬੀ ਖ਼ਾਸਕਰ ਸਿੱਖਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤ ਤੋਂ ਬਾਅਦ ਸਰੀ ਸ਼ਹਿਰ ਨੂੰ ਵਿਸਾਖੀ ਨਗਰ ਕੀਰਤਨ ਦੀ ਮੇਜ਼ਬਾਨੀ ਕਰਨ ਦਾ ਸਭ ਤੋਂ ਵੱਡਾ ਕੇਂਦਰ ਮੰਨਿਆ ਜਾਂਦਾ ਹੈ। ਮੌਜੂਦਾ ਸਮੇਂ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਦੀ ਗੰਭੀਰ ਮਾਰ ਹੇਠ ਹੈ, ਇਸ ਔਖੇ ਸਮੇਂ ਇਸ ਕਲੱਬ ਦੇ ਅਹੁਦੇਦਾਰਾਂ ਨੇ ਆਪਣਾ ਨੈਤਿਕ ਫ਼ਰਜ਼ ਸਮਝਦੇ ਹੋਏ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਫੂਡ ਬੈਂਕ ਦੇ ਫੂਡ ਡਰਾਈਵ ਪ੍ਰੋਗਰਾਮ ਵਿੱਚ ਵੱਧ-ਚੜ ਕੇ ਯੋਗਦਾਨ ਪਾਇਆ।

ਨਿਊਟਨ ਕਲੱਬ ਦਾ ਗਠਨ ਕਰਕੇ ਪੰਜਾਬੀ ਭਾਈਚਾਰੇ ਨੇ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ ਜਿਸ ਦੇ ਸਾਰਥਿਕ ਨਤੀਜੇ ਆਉਂਦੇ ਭਵਿੱਖ ਅੰਦਰ ਨਜ਼ਰ  ਜ਼ਰੂਰ ਆਉਣਗੇ। ਓਵੇਂ ਹੀ ਜੇ ਸਭ ਕੁੱਝ ਇਵੇਂ ਹੀ ਸਹੀ ਦਿਸ਼ਾ ਵਿੱਚ ਚੱਲਦਾ ਰਿਹਾ ਤਾਂ ਹੋ ਸਕਦਾ ਹੈ ਕਿ ਜਸਵੀਰ ਪੰਧੇਰ ਅਤੇ ਰਾਜਦੀਪ ਸਿੰਘ ਝੱਲੀ ਵੱਲੋਂ ਲਾਏ ਗਏ,  ਇਸ ਬੂਟੇ ਦੇ ਫਲ ਦੇ ਰੂਪ ਵਿੱਚ ਕੀ ਪਤਾ? ਆਉਂਦੇ ਪੰਜ-ਦਸ ਸਾਲਾਂ ਵਿੱਚ ਕੋਈ ਜੁੜੇ ਵਾਲਾ ਖਿਡਾਰੀ ਕਿਸੇ ਗਰੇਡ ਸਲੇਮ ਟੂਰਨਾਮੈਂਟ ਵਿਚ ਕੈਨੇਡਾ ਦੇਸ਼ ਵੱਲੋਂ ਖੇਡਦਾ ਵਿਖਾਈ ਨਜ਼ਰ ਆਏ। ਟੈਨਿਸ ਇੱਕ ਮਹਿੰਗੀ ਖੇਡ ਹੈ ਅਤੇ ਪੰਜਾਬੀਆ ਵਿੱਚ ਇਹ ਬਹੁਤੀ ਹਰਮਨ ਪਿਆਰੀ ਵੀ ਨਹੀਂ ਪਰੰਤੂ ਜੇਕਰ ਨਿਊਟਨ ਕਲੱਬ ਨੂੰ ਆਪਣੇ ਭਾਈਚਾਰੇ, ਖੇਡ ਪ੍ਰੇਮੀਆ ਅਤੇ ਹੋਰ ਅਧਿਕਾਰਤ ਸੰਸਥਾਵਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਇਸ ਪੇਸ਼ੇਵਾਰ ਖੇਡ ਵਿੱਚ ਵੀ ਕਾਮਯਾਬੀ ਦੀਆ ਮੰਜ਼ਿਲਾਂ ਸਰ ਕੀਤੀਆਂ ਜਾ ਸਕਦੀਆਂ ਹਨ। ਨਿਊਟਨ ਟੈਨਿਸ ਕਲੱਬ ਦਾ ਅਗਲਾ ਨਿਸ਼ਾਨਾ ਨਿਊਟਨ ਅਥਲੈਟਿਕ ਪਾਰਕ ਵਿੱਚ ਆਪਣੇ ਲਈ ਰਿਜ਼ਰਵ ਕੋਰਟ ਦੀ ਪ੍ਰਾਪਤੀ ਕਰਨਾ ਹੈ ਕਿਉਂਕਿ ਰਿਜ਼ਰਵ ਕੋਰਟ ਦੀ ਅਣਹੋਂਦ ਕਾਰਨ ਉਨਾਂ ਨੂੰ ਹਾਲ ਦੀ ਘੜੀ  ਪ੍ਰੈਕਟਿਸ ਦੌਰਾਨ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜੇਕਰ ਇਸ ਕਲੱਬ ਦੀ ਪੂਰੀ ਕਾਰਜਸ਼ੈਲੀ ਉੱਪਰ ਝਾਤ ਮਾਰੀਏ ਤਾਂ ਜਸਵੀਰ ਪੰਧੇਰ ਅਤੇ ਰਾਜਦੀਪ ਸਿੰਘ ਝੱਲੀ ਤੋਂ ਇਲਾਵਾ ਜੋ ਨਾਮ ਉੱਭਰ ਕੇ ਸਾਹਮਣੇ ਆਉਂਦੇ ਹਨ ਉਹ ਹਨ: ਗੁਰਿੰਦਰ ਡੇਹਲੋ, ਗੁਰਮੁੱਖ ਸਿੰਘ ਝੂਟੀ, ਅਮਰਜੀਤ ਸਿੰਘ ਸੰਧੂ, ਅਮਨਦੀਪ ਸਿੰਘ ਵੜੈਚ, ਸੁੱਖ ਥਿੰਦ, ਰਣਜੀਤ ਕੋਰ ਸੰਘੇੜਾ ਆਦਿ। ਗੁਰਿੰਦਰ ਡੇਹਲੋ ਜੋ ਆਪ ਫ਼ੀਲਡ ਹਾਕੀ ਦੇ ਬਹੁਤ ਵਧੀਆ ਖਿਡਾਰੀ ਰਹੇ ਹਨ ਅਤੇ ਮੈਨੀਟੋਬਾ ਫ਼ੀਲਡ ਹਾਕੀ ਦੇ ਪ੍ਰਧਾਨ ਦੀ ਭੂਮਿਕਾ ਵੀ ਨਿਭਾਂ ਚੁੱਕੇ ਹਨ, ਹੁਣ ਉਹ ਨਿਊਟਨ ਕਲੱਬ ਨਾਲ ਜੁੜ ਕੇ ਟੈਕਨੀਕਲ ਅਤੇ ਸੰਚਾਰ ਸਲਾਹਕਾਰ ਦੇ ਰੂਪ ਵਿੱਚ ਕਲੱਬ ਨੂੰ ਆਪਣੀ ਵੱਡਮੁਲੀਆ ਸੇਵਾਵਾਂ ਪ੍ਰਦਾਨ ਕਰ ਰਹੇ ਹਨ।

ਨਿਊਟਨ ਕਲੱਬ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਕਲੱਬ ਦੀ ਵੈੱਬਸਾਈਟ newtontennisclub.ca ਨੂੰ ਸਰਫ਼ ਕੀਤਾ ਜਾ ਸਕਦਾ ਹੈ। ਕਲੱਬ ਦਾ ਮੁੱਖ ਮੋਟੋ ਹੈ ਕਿ ਅਸੀਂ ਇੱਕਜੁੱਟ ਹੋ ਕੇ ਖੇਡਾਂਗੇ ਅਤੇ ਜਿੱਤਾਂਗੇ। ਲੋੜ ਹੈ ਤਾਂ ਇਸ ਕਲੱਬ ਦੇ ਵੱਧ ਤੋਂ ਵੱਧ ਮੈਂਬਰ ਬਣਨ ਦੀ ਜਾਂ ਕਿਸੇ ਹੋਰ ਸਕਾਰਾਤਮਿਕ ਢੰਗ-ਤਰੀਕੇ ਨਾਲ ਸਹਿਯੋਗ ਕਰਨ ਦੀ ਤਾਂ ਕਿ ਇਸ ਦੇ ਮੋਢੀ ਸੱਜਣਾਂ ਵੱਲੋਂ ਵੇਖੇ ਇਸ ਵੱਡੇ ਸੁਪਨੇ ਨੂੰ ਨੇੜਲੇ ਭਵਿੱਖ ਅੰਦਰ ਹਕੀਕਤ ਵਿੱਚ ਬਦਲਿਆ ਜਾ ਸਕੇ… ਆਮੀਨ !

 

 

 

 

   

  ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ,
ਤਹਿਸੀਲ ਗੜਸ਼ੰਕਰ,
ਜ਼ਿਲਾ ਹੁਸ਼ਿਆਰਪੁਰ ।
ਮੋ:9465576022

Previous articleਫਿਰ ਭੈਣੀ ਤੋਂ ਚੋਹਲਾ ਸਾਹਿਬ ਬਣ ਗਿਆ
Next articleਬਿ੍ਰਟਿਸ਼ ਰਿਪੋਰਟ ”ਚ ਭਾਰਤੀ ਵਿਦਿਆਰਥੀਆਂ ਨੂੰ ਪੜਾਈ ਤੋਂ ਬਾਅਦ 4 ਸਾਲ ਦਾ ਵੀਜ਼ਾ ਦੇਣ ਦਾ ਜ਼ਿਕਰ