ਫਿਰ ਭੈਣੀ ਤੋਂ ਚੋਹਲਾ ਸਾਹਿਬ ਬਣ ਗਿਆ

(ਸਮਾਜਵੀਕਲੀ)

ਇਤਿਹਾਸਕ ਨਗਰ ਚੋਹਲਾ ਸਾਹਿਬ (ਤਰਨ ਤਾਰਨ) ਸਿੱਖ ਇਤਿਹਾਸ ਵਿਚ ਅਤੇ ਪੂਰੇ ਭਾਰਤਵਰਸ਼ ਇੱਕ ਵਿਲੱਖਣ ਤੇ ਅਹਿਮ ਸਥਾਨ ਰੱਖਦਾ ਹੈ।ਇਹ ਨਗਰ/ਸ਼ਹਿਰ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਨਾਲ ਵੱਸਿਆ ਹੋਇਆ ਹੈ।ਇਹ ਨਗਰ ਦਰਿਆ ਬਿਆਸ ਦੇ ਕੰਢੇ ‘ਤੇ ਵੱਸੇ ਅਤੇ ਕੁਝ ਕੁ ਹੋਰ ਮਾਝੇ ਦੇ ਪਿੰਡਾਂ ਦੀ ਰਾਜਧਾਨੀ ਕਰਕੇ ਜਾਣਿਆ ਜਾਂਦਾ ਹੈ।

4 ਹਾੜ ਸੰਮਤ 1654 ਵਿਚ ਜਦੋਂ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵੱਡੇ ਭਰਾਤਾ ਪ੍ਰਿਥੀ ਚੰਦ ਦੇ ਵਿਰੋਧ ਤੋਂ ਤੰਗ ਆ ਕੇ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਉੱਠ ਕੇ ਨਗਰ ਤਰਨ ਤਾਰਨ ਅਤੇ ਸਰਹਾਲੀ ਵਿਚ ਦੀ ਹੁੰਦੇ ਹੋਏ ਉਸ ਵਕਤ ਦੇ ਇੱਕ ਛੋਟੇ ਜਿਹੇ ਪਰ ਭਾਗਾਂ ਵਾਲੇ ਪਿੰਡ ਭੈਣੀ ਵਿਖੇ  ਪਹੁੰਚੇ ਤਾਂ ਇਥੋਂ ਦੀਆਂ ਸੰਗਤਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ।ਇੱਕ ਰਾਤ ਦਾ ਪੜਾਅ ਕਰਕੇ ਗੁਰੂ ਸਾਹਿਬ ਜਦੋਂ ਇੱਥੋਂ ਚਾਲੇ ਪਾਉਣ ਲੱਗੇ ਤਾਂ ਇਸ ਨਗਰ ਦੀ ਵਸਨੀਕ ਇੱਕ ਨੰਬਰਦਾਰਨੀ ਮਾਈ ਗਲ ਵਿੱਚ ਪੱਲਾ ਪਾ ਕੇ ਅੱਗੇ ਹੋ ਖਲੋਤੀ।ਕਹਿਣ ਲੱਗੀ, ‘ਸੱਚੇ ਪਾਤਸ਼ਾਹ ਮੇਰੀ ਬੇਨਤੀ ਮੰਨ ਕੇ ਅੱਜ ਦਾ ਦਿਨ ਇਥੇ ਹੋਰ ਠਹਿਰੋ,ਮੈਂ ਅਜੇ ਤੁਹਾਡੀ ਹੋਰ ਸੇਵਾ ਕਰਨੀ ਚਾਹੁੰਦੀ ਹਾਂ।’

ਮਾਈ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਸਾਹਿਬ ਨੇ ਇਸ(ਭੈਣੀ )  ਨਗਰ ਵਿਚ ਕੁਝ ਸਮਾਂ ਹੋਰ ਠਹਿਰਨਾ ਸਵੀਕਾਰ ਕਰ ਲਿਆ। ਕਹਿਣ ਦੇ ਮੁਤਾਬਕ ਜਦੋਂ ਨੰਬਰਦਾਰਨੀ ਮਾਈ ਗੁਰੂ ਜੀ ਵਾਸਤੇ  ਪਿੱਤਲ ਦੇ ਇਕ ਸਾਫ-ਸੁਥਰੇ ਬਰਤਨ ਵਿਚ ਦੇਸੀ ਘਿਓ ਦੀ ਚੂਰੀ ਘੁੱਟ ਕੇ ਲੈ ਆਈ ਤਾਂ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਪ੍ਰਸੰਨਚਿੱਤ ਹੋ ਕੇ ਉਸ ਚੂਰੀ ਨੂੰ ਛਕਿਆ। ਚੂਰੀ ਛਕਣ ਤੋਂ ਬਾਅਦ ਗੁਰੂ ਸਾਹਿਬ ਮੇਹਰਾਂ ਦੇ ਘਰ ਵਿੱਚ ਆ ਗਏ ਅਤੇ ਆਪਣੇ ਮੁਖਾਰਬਿੰਦ ਵਿਚੋਂ ਬੋਲੇ ‘ਮਾਈ! ਇਹ ਤਾਂ ਤੂੰ ਸਾਡੇ ਵਾਸਤੇ ਸੁਆਦਲਾ ਚੋਹਲਾ(ਚੂਰੀ) ਤਿਆਰ ਕਰਕੇ ਲਿਆਈਂ ਏਂ।ਉਸ ਦਿਨ ਤੋਂ ਹੀ ਪਿੰਡ ਭੈਣੀ ਦਾ ਨਾਮ ਬਦਲ ਕੇ ਚੋਹਲਾ ਹੋ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਬਚਨਾਂ ਨੂੰ ਇਸ ਤਰ੍ਹਾਂ ਤਸਦੀਕ ਕੀਤਾ ਗਿਆ ਹੈ:-

ਹਰਿ ਹਰਿ ਨਾਮੁ ਅਮੋਲਾ॥                                                                                 

ਅਲੁਖ ਲਖਾਇਆ ਗੁਰ ਤੇ ਪਾਇਆ,                   

ਨਾਨਕ ਇਹੁ ਹਰਿ ਕਾ ਚੋਲ੍ਹਾ॥     (ਆਸਾ ਮ.ਪ.ਅੰਗ407) 

ਗੁਰੂ ਸਾਹਿਬ ਦੇ ਇਨ੍ਹਾਂ ਮਹਾਂ ਵਾਕਾਂ ਕਾਰਨ ਹੀ ਇਹ ਨਗਰ ਚੋਹਲੇ ਤੋਂ ਚੋਹਲਾ ਸਾਹਿਬ ਕਰਕੇ ਸਤਿਕਾਰਿਆ ਜਾਣ ਲੱਗਾ। ਅੱਜ ਇਹ ਨਗਰ ਆਧੁਨਿਕ ਤਰਜ਼ ‘ਤੇ ਵਿਕਾਸਮੁੱਖੀ ਦਿਸ਼ਾ ਵੱਲ ਅਗਰਗਾਮੀ ਹੈ ਜਿਸ ਨੂੰ ਸਰਕਾਰੀ ਪੱਧਰ ‘ਤੇ ਉਪ-ਤਹਿਸੀਲ ਦਾ ਦਰਜਾ ਮਿਲਿਆ ਹੋਇਆ।

ਰਮੇਸ਼ ਬੱਗਾ ਚੋਹਲਾ   

ਮ: ਨੰ:1348/17/1  

ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)   

ਮੋਬ:9463132719

Previous articleਮੁੱਖ ਮੰਤਰੀ ਨੇ PM ਨੂੰ ਪੱਤਰ ਲਿਖ ਜ਼ਿੰਦਗੀਆ ਤੇ ਰੋਜ਼ੀ-ਰੋਟੀ ਬਚਾਉਣ ਲਈ 80845 ਕਰੋੜ ਦੀ ਸਹਾਇਤਾ ਮੰਗੀ
Next articleਪੰਜਾਬੀ ਭਾਈਚਾਰੇ ਵੱਲੋਂ ਨਵੀਂ ਪੀੜੀ ਨੂੰ ਖੇਡਾਂ ਨਾਲ ਜੋੜਨ ਦੀ ਵੱਡੀ ਪਹਿਲ: ਨਿਊਟਨ ਟੈਨਿਸ ਕਲੱਬ, ਸਰੀ