ਉਹ ਬਚਪਨ ਤੋਂ ਹੀ ਬਹੁਤ ਸ਼ਰਾਰਤੀ ਸੁਭਾਅ ਦਾ ਸੀ ।ਘਰ ਵਿੱਚ ਸਭ ਤੋਂ ਛੋਟਾ ਹੋਣ ਕਾਰਨ ਸਭ ਦਾ ਲਾਡਲਾ ਵੀ ਸੀ । ਮਾਂ ਪਿਓ ਦਾ ਪਿਆਰ ਤਾਂ ਉਸ ਨੇ ਸਭ ਤੋਂ ਵੱਧ ਪਾਇਆ ਸੀ ਪਰ ਦਾਦੀ ਲਈ ਤਾਂ ਜਾਨ ਤੋਂ ਵੀ ਵੱਧ ਸੀ । ਅਕਸਰ ਉਸ ਦੇ ਹਿੱਸੇ ਦੀ ਕੁੱਟ ਵੀ ਉਸ ਦੇ ਵੱਡੇ ਭਰਾ ਨੂੰ ਹੀ ਪੈ ਜਾਇਆ ਕਰਦੀ ਸੀ। ਦਾਦੀ ਨੇ ਉਸ ਦਾ ਨਾਂ ਲਾਡ ਦੇ ਨਾਲ ਬਹੁਤ ਹੀ ਵੱਡਾ ਰੱਖਿਆ ਸੀ, ਜਦੋਂ ਵੀ ਉਸ ਨੂੰ ਗੋਦੀ ਵਿੱਚ ਲੈ ਕੇ ਪਿਆਰ ਕਰਦੀ ਤਾਂ ਕਹਿੰਦੀ “ਅਤੀ ਸੁੰਦਰ , ਵੱਡੇ ਸਾਹਬ , ਅੰਗਰੇਜ਼ ਮੁੰਡੇ, ਪੁਲਿਸ ।”
ਉਹ ਬਚਪਨ ਵਿੱਚ ਹੀ ਖਾਕੀ ਰੰਗ ਦੇ ਕੱਪੜੇ ਪਾ ਕੇ ਪੁਲਿਸ ਅਫਸਰ ਬਣਨ ਦੇ ਸੁਪਨੇ ਲੈਂਦਾ ਸੀ ਪਰ ਇਸ ਲਈ ਪੜ੍ਹਾਈ ਬਹੁਤ ਜ਼ਰੂਰੀ ਸੀ ਤੇ ਪੜ੍ਹਨ ਵਾਲੇ ਪਾਸੇ ਉਸ ਦਾ ਧਿਆਨ ਬਿਲਕੁਲ ਵੀ ਨਹੀਂ ਸੀ । ਉਹ ਕਲਾਸ ਵਿੱਚ ਵੀ ਅਕਸਰ ਪਿੱਛੇ ਬੈਠਦਾ ਤੇ ਸਾਰਾ ਸਮਾਂ ਸ਼ਰਾਰਤਾਂ ਵਿੱਚ ਧਿਆਨ ਰੱਖਦਾ । ਜਦ ਵੀ ਵੱਡੀ ਭੈਣ ਉਸ ਨੂੰ ਪੜ੍ਹਾਉਣ ਲੱਗਦੀ ਤਾਂ ਉਹ ਕੋਈ ਝੂਠ ਬੋਲ ਕੇ ਆਪਣੀ ਭੈਣ ਨੂੰ ਹੀ ਦਾਦੀ ਤੋਂ ਕੁੱਟਵਾ ਦਿਆ ਕਰਦਾ। ਮਾਂ ਸਾਰਾ ਦਿਨ ਪਿੱਛੇ ਪਿੱਛੇ ਉਸ ਨੂੰ ਕੁਝ ਖਵਾਣ ਲਈ ਤੁਰੀ ਫਿਰਦੀ ਪਰ ਉਸ ਦੇ ਸਿਰ ਤੇ ਜੂੰ ਵੀ ਨਾ ਸਿਰਕਦੀ।
ਥੋੜ੍ਹਾ ਬਹੁਤ ਪੜ੍ਹ ਕੇ ਕਿਸੇ ਤਰ੍ਹਾਂ ਉਹ ਪੰਜਵੀਂ ਕਲਾਸ ਵਿੱਚ ਹੋ ਗਿਆ ਸੀ । ਪੰਜਵੀਂ ਕਲਾਸ ਬੋਰਡ ਦੀ ਹੋਣ ਕਰਕੇ ਹਰ ਕੋਈ ਉਸ ਨੂੰ ਮਨ ਲਾ ਕੇ ਪੜ੍ਹਨ ਲਈ ਕਹਿੰਦਾ । ਸਕੂਲ ਸਿਰਫ਼ ਪੰਜਵੀਂ ਤੱਕ ਹੋਣ ਕਰਕੇ ਉਸ ਦੇ ਮਨ ਵਿੱਚ ਵੀ ਛੇਵੀਂ ਕਲਾਸ ਵਿੱਚ ਵੱਡੇ ਸਕੂਲ ਜਾਣ ਦਾ ਪੂਰਾ ਚਾਅ ਸੀ , ਪਰ ਇਸ ਦੇ ਬਾਵਜੂਦ ਵੀ ਉਸ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਸੀ ।
ਸਕੂਲ ਦੀਆਂ ਦੋ ਮੈਡਮਾਂ ‘ਗੰਗਾ ਮੈਡਮ ‘ ਤੇ ‘ਸਤੀਸ਼ ਮੈਡਮ’ ਜਿਨ੍ਹਾਂ ਤੋਂ ਉਹ ਬਹੁਤ ਹੀ ਜਿਹਾ ਡਰਦਾ ਸੀ ਤੇ ਜਿਨ੍ਹਾਂ ਦੇ ਕਲਾਸ ਵਿੱਚ ਆਉਣ ਦੇ ਨਾਮ ਤੋਂ ਵੀ ਉਸ ਨੂੰ ਬੁਖਾਰ ਚੜ੍ਹ ਜਾਂਦਾ ਸੀ ।
ਉਸ ਦੇ ਦੋ ਬਹੁਤ ਹੀ ਖਾਸ ਦੋਸਤ ਵਿਸ਼ਾਲ ਅਤੇ ਵਿਸ਼ਵਪ੍ਰੀਤ ਉਸ ਨੂੰ ਅਕਸਰ ਹੀ ਪੜ੍ਹਨ ਲਈ ਕਹਿੰਦੇ ਰਹਿੰਦੇ ਸੀ ਪਰ ਪੜ੍ਹਾਈ ਸ਼ਾਇਦ ਉਸ ਦੇ ਸਿਰ ਉੱਤੋਂ ਹੀ ਲੰਘ ਜਾਂਦੀ ਸੀ । ਉਸ ਨੂੰ ਇਸ ਗੱਲ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੀਆਂ ਇਹ ਬੇਪਰਵਾਹੀਆਂ ਜ਼ਿੰਦਗੀ ਵਿੱਚ ਉਸ ਨੂੰ ਕਿੰਨਾ ਪਿੱਛੇ ਲੈ ਕੇ ਜਾ ਸਕਦੀਆਂ ਹਨ । ਉਹ ਕਲਾਸ ਦੀ ਇੱਕ ਲੜਕੀ ਜੋ ਕਲਾਸ ਦੀ ਮਨੀਟਰ ਸੀ ਨੂੰ ਉਹ ਪਸੰਦ ਕਰਦਾ ਸੀ। ਟੈਲੀਵਿਜ਼ਨ ਅਤੇ ਫਿਲਮਾਂ ਦਾ ਅਸਰ ਉਸ ਤੇ ਸਾਫ ਉਸ ਤੇ ਦਿਖਾਈ ਦੇ ਰਿਹਾ ਸੀ ।
ਇਨ੍ਹਾਂ ਸ਼ਰਾਰਤਾਂ ਅਤੇ ਬੇਪਰਵਾਹੀਆਂ ਦੇ ਵਿੱਚ ਹੀ ਪੰਜਵੀਂ ਕਲਾਸ ਦੇ ਪੇਪਰ ਆ ਗਏ ਸੀ ਤੇ ਸਾਰਾ ਸਾਲ ਉਸ ਨੇ ਕਿੰਨੀ ਪੜ੍ਹਾਈ ਕੀਤੀ ਸੀ ਇਹ ਉਸ ਦੇ ਇਮਤਿਹਾਨਾਂ ਦੀ ਉੱਤਰ ਪੱਤ੍ਰਿਕਾ ਦੱਸ ਰਹੀ ਸੀ ।
31 ਮਾਰਚ 1998 ਦਾ ਉਹ ਦਿਨ ਜਿਸ ਨੇ ਉਸ ਦੀ ਜ਼ਿੰਦਗੀ ਨੂੰ ਝੰਜੋੜ ਕੇ ਰੱਖ ਦਿੱਤਾ। ਉਸ ਦਿਨ ਉਹ ਹੋਇਆ ਜੋ ਉਸ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ । ਉਸ ਦੇ ਸਾਰੇ ਦੋਸਤ ਪਾਸ ਹੋ ਕੇ ਨਵੇਂ ਅਤੇ ਵੱਡੇ ਸਕੂਲ ਜਾਣ ਦੀਆਂ ਖੁਸ਼ੀਆਂ ਮਨਾ ਰਹੇ ਸੀ , ਪਰ ਉਹ ਪੰਜਵੀਂ ਜਮਾਤ ਵਿੱਚੋਂ ਫੇਲ੍ਹ ਹੋ ਚੁੱਕਾ ਸੀ ।
ਰੋਂਦਾ ਹੋਇਆ ਭਰਾ ਦਾ ਹੱਥ ਫੜ ਕੇ ਜਦ ਘਰ ਪਹੁੰਚਿਆ ਤਾਂ ਉਹ ਆਪਣੇ ਕਿਸੇ ਵੀ ਪਰਿਵਾਰ ਦੇ ਮੈਂਬਰ ਨਾਲ ਅੱਖ ਨਹੀਂ ਮਿਲਾ ਰਿਹਾ ਸੀ। ਮਾਂ ਨੇ ਗੁੱਸੇ ਵਿੱਚ ਝਿੜਕਿਆ ਤਾਂ ਦਾਦੀ ਨੇ ਮਨਾ ਕਰ ਦਿੱਤਾ ਕਿ “ਮੁੰਡੇ ਦਾ ਅੱਗੇ ਰੋ -ਰੋ ਕੇ ਬੁਰਾ ਹਾਲ ਹੈ , ਚੁੱਲ੍ਹੇ ਵਿੱਚ ਪੈਣ ਪੜ੍ਹਾਈਆਂ ।”
ਦਾਦੀ ਇਸੇ ਗੁੱਸੇ ਵਿੱਚ ਸਕੂਲ ਦੀਆਂ ਮੈਡਮਾਂ ਨਾਲ ਲੜਨ ਪਹੁੰਚ ਗਈ ਪਰ ਹੁਣ ਹੱਥੋਂ ਸਮਾਂ ਨਿਕਲ ਚੁੱਕਾ ਸੀ।
ਉਸ ਦਿਨ ਨੇ ਉਸ ਦੀ ਜ਼ਿੰਦਗੀ ਨੂੰ ਬਹੁਤ ਵੱਡਾ ਸਬਕ ਦਿੱਤਾ ਸੀ। ਉਸ ਦੀਆਂ ਸਾਰੀਆਂ ਸ਼ਰਾਰਤਾਂ ਤੇ ਜਿਵੇਂ ਖੰਭ ਲਾ ਕੇ ਉਡ ਹੀ ਗਈਆਂ ਹੋਣ।
ਕੋਈ ਉਸ ਨੂੰ ਕਹਿ ਰਿਹਾ ਸੀ ਕਿ ਥੋੜ੍ਹੇ ਪੈਸੇ ਲੱਗਣਗੇ ਮੈਂ ਪਾਸ ਕਰਵਾ ਦਿਆਂਗਾ ਤੇ ਕਈ ਉਸ ਨੂੰ ਹੋਰ ਸੌਖਾ ਤਰੀਕਾ ਦੱਸ ਰਿਹਾ ਸੀ।
ਪਰ ਹੁਣ ਉਹ ਅੰਦਰੋਂ ਅੰਦਰੀ ਹੀ ਕੁਝ ਕਰਨ ਦਾ ਮਨ ਬਣਾ ਚੁੱਕਾ ਸੀ ।
ਉਸ ਨੇ ਨਿਰਾਸ਼ ਮਨ ਦੇ ਨਾਲ ਫਿਰ ਪੰਜਵੀਂ ਕਲਾਸ ਵਿੱਚ ਦਾਖਲਾ ਲਿਆ । ਹੁਣ ਉਸ ਦੀ ਕਲਾਸ ਵਿੱਚ ਉਸ ਦਾ ਕੋਈ ਵੀ ਦੋਸਤ ਨਹੀਂ ਸੀ ਤੇ ਨਾ ਹੀ ਉਹ ਮਨੀਟਰ ਜਿਸ ਨੂੰ ਉਹ ਸਾਰਾ ਦਿਨ ਵੇਖਦਾ ਰਹਿੰਦਾ ਸੀ ।
ਉਸ ਨੂੰ ਸਕੂਲ ਵਿੱਚ ਵੀ ਕਈ ਅਧਿਆਪਕ ਫੇਲ ਹੋ ਜਾਣ ਕਾਰਨ ਤਾਹਨੇ ਮਾਰਦੇ ਰਹਿੰਦੇ ਪਰ ਉਹ ਕਿਸੇ ਦਾ ਕੁਝ ਵੀ ਜਵਾਬ ਨਾ ਦਿੰਦਾ ਤੇ ਕਲਾਸ ਵਿੱਚ ਵੀ ਚੁੱਪ ਚਾਪ ਬੈਠਾ ਰਹਿੰਦਾ , ਸਿਰਫ਼ ਪੜ੍ਹਾਈ ਵੱਲ ਹੀ ਧਿਆਨ ਦਿੰਦਾ । ਉਸ ਦੀ ਜਮਾਤ ਹੁਣ ‘ਸਤੀਸ਼ ਮੈਡਮ ‘ ਕੋਲ ਸੀ ਜਿਸ ਤੋਂ ਪਹਿਲਾਂ ਉਹ ਬਹੁਤ ਡਰਦਾ ਸੀ ਪਰ ਹੁਣ ਉਸ ਦਾ ਪੜ੍ਹਾਈ ਵਿੱਚ ਮਨ ਲੱਗਾ ਵੇਖ ਕੇ ਸਤੀਸ਼ ਮੈਡਮ ਉਸ ਨੂੰ ਬਹੁਤ ਹੀ ਉਤਸ਼ਾਹਿਤ ਕਰਦੀ ਸੀ ਤੇ ਉਸ ਨੂੰ ਕਲਾਸ ਤੋਂ ਬਾਅਦ ਵੀ ਪੜ੍ਹਾਉਂਦੀ ਰਹਿੰਦੀ ਸੀ । ਉਸ ਦੀ ਮਿਹਨਤ ਦਾ ਨਤੀਜਾ ਤਾਂ ਆਉਣਾ ਹੀ ਸੀ , ਇਸ ਸਾਲ ਪੰਜਵੀਂ ਜਮਾਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ।
ਹਰ ਕੋਈ ਉਸ ਤੇ ਗਰਵ ਕਰ ਰਿਹਾ ਸੀ । ਉਸ ਦੇ ਸੁਪਨਿਆਂ ਨੂੰ ਜਿਵੇਂ ਖੰਭ ਲੱਗ ਚੁੱਕੇ ਸਨ । ਫਿਰ ਉਸ ਨੇ ਪਿੱਛੇ ਮੁੜ ਕੇ ਕਦੀ ਨਹੀਂ ਵੇਖਿਆ ਅਤੇ ਹਰ ਜਮਾਤ ਵਿੱਚ ਹੀ ਵਧੀਆ ਨੰਬਰ ਲੈ ਕੇ ਪਾਸ ਹੁੰਦਾ ਰਿਹਾ।
ਉਸ ਲਈ ਪੰਜਵੀਂ ਜਮਾਤ ਵਿੱਚੋਂ ਫੇਲ੍ਹ ਹੋਣਾ ਇੱਕ ਵਰਦਾਨ ਸਾਬਿਤ ਹੋਇਆ ਸੀ।
ਕਹਿੰਦੇ ਹਨ ਕਿ ਸਿਤਾਰੇ ਕਦੀ ਵੀ ਹਨੇਰੇ ਬਿਨਾਂ ਨਹੀਂ ਚਮਕਦੇ , ਇਸ ਲਈ ਅਗਰ ਜਿੰਦਗੀ ਵਿੱਚ ਕਦੇ ਹਨੇਰਾ ਆ ਜਾਵੇ ਤਾਂ ਸਮਝੋ ਕਿ ਤੁਹਾਡਾ ਸਿਤਾਰਾ ਚਮਕਣ ਹੀ ਵਾਲਾ ਹੈ।
ਦੀਪ ਚੌਹਾਨ
ਫਿਰੋਜ਼ਪੁਰ।
ਸੰਪਰਕ 9464212566