ਪੰਘਾਲ ਤੇ ਮਨੀਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰਜ਼ ’ਚ

ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਅਮਿਤ ਪੰਘਾਲ (52 ਕਿਲੋ), ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਮਨੀਸ਼ ਕੌਸ਼ਿਕ (63 ਕਿਲੋ) ਅਤੇ ਸਨਜੀਤ (91 ਕਿਲੋ) ਨੇ ਅੱਜ ਪੁਰਸ਼ਾਂ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਪੰਘਾਲ ਨੇ ਪਹਿਲੇ ਵਿਸ਼ਵ ਚੈਂਪੀਅਨਸ਼ਿਪ ਤਗ਼ਮੇ ਵੱਲ ਪੈਰ ਪੁੱਟਦਿਆਂ ਤੁਰਕੀ ਦੇ ਬਾਤੂਹਾਨ ਸੀਫਕੀ ਨੂੰ ਹਰਾਇਆ। ਇਸੇ ਤਰ੍ਹਾਂ ਕੌਸ਼ਿਕ ਨੇ ਚੌਥਾ ਦਰਜਾ ਪ੍ਰਾਪਤ ਮੰਗੋਲੀਆ ਦੇ ਚਿੰਜੋਰਿਗ ਬਾਤਾਰਸੁਖ ਨੂੰ ਸ਼ਿਕਸਤ ਦਿੱਤੀ।
ਸਨਜੀਤ ਨੇ ਦੂਜਾ ਦਰਜਾ ਪ੍ਰਾਪਤ ਉਜ਼ਬੇਕਿਸਤਾਨ ਦੇ ਸੰਜਾਰ ਤੁਰਸੁਨੋਵ ਨੂੰ 3-2 ਨਾਲ ਹਰਾ ਕੇ ਵੱਡਾ ਉਲਟਫੇਰ ਕੀਤਾ। ਤੁਰਸੁਨੋਵ ਨੇ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਪੰਘਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੂਜੀ ਵਾਰ ਖੇਡ ਰਿਹਾ ਹੈ, ਜਦਕਿ ਕੌਸ਼ਿਕ ਅਤੇ ਸਨਜੀਤ ਦੀ ਇਹ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਹੈ। ਤਿੰਨੋ ਭਾਰਤ ਫੌਜ ਦੇ ਮੁੱਕੇਬਾਜ਼ ਹਨ। ਦੂਜਾ ਦਰਜਾ ਪ੍ਰਾਪਤ ਪੰਘਾਲ ਨੇ 5-0 ਨਾਲ ਜਿੱਤ ਦਰਜ ਕੀਤੀ। ਹੁਣ ਉਸ ਦਾ ਸਾਹਮਣਾ ਫਿਲਪੀਨਜ਼ ਦੇ ਕਾਰਲੋ ਪਾਲਾਮ ਨਾਲ ਹੋਵੇਗਾ, ਜੋ ਬੀਤੇ ਸਾਲ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਪੰਘਾਲ ਤੋਂ ਹਾਰ ਗਿਆ ਸੀ।
ਸਾਬਕਾ ਕੌਮੀ ਚੈਂਪੀਅਨ ਕੌਸ਼ਿਕ ਦਾ ਸਾਹਮਣਾ ਹੁਣ ਬ੍ਰਾਜ਼ੀਲ ਦੇ ਵਾਂਡੇਰਸਨ ਡੀ ਓਲੀਵੀਅਰਾ ਨਾਲ ਹੋਵੇਗਾ। ਓਲੀਵੀਅਰਾ ਨੇ ਜਾਪਾਨ ਦੇ ਸਾਈਸੁਕੇ ਨਾਰਿਮੁਤਸੁ ਨੂੰ ਸ਼ਿਕਸਤ ਦਿੱਤੀ। ਸਨਜੀਤ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਇਕਵਾਡੋਰ ਦੇ ਜੂਲੀਓ ਸੈਸਾ ਕੈਸਟਿਲੋ ਨਾਲ ਹੋਵੇਗਾ, ਜਿਸ ਨੇ ਹੰਗਰੀ ਦੇ ਐਡਮ ਹਮੋਰੀ ਨੂੰ ਹਰਾਇਆ ਹੈ।

Previous articleਸਾਤਵਿਕ-ਅਸ਼ਵਿਨੀ ਨੇ ਚਾਈਨਾ ਓਪਨ ਦਾ ਪਹਿਲਾ ਗੇੜ ਜਿੱਤਿਆ
Next articleਸੋਲ੍ਹਾਂ ਸਾਲ ਦੀ ਗ੍ਰੇਟਾ ਨੂੰ ਐਮਨੈਸਟੀ ਪੁਰਸਕਾਰ