ਸੋਲ੍ਹਾਂ ਸਾਲ ਦੀ ਗ੍ਰੇਟਾ ਨੂੰ ਐਮਨੈਸਟੀ ਪੁਰਸਕਾਰ

ਸਵੀਡਨ ਦੀ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ ਤੇ ‘ਫਰਾਈਡੇਜ਼ ਫਾਰ ਫਿਊਚਰ ਯੂਥ’ ਮੁਹਿੰਮ ਨੂੰ ਐਮਨੈਸਟੀ ਇੰਟਰਨੈਸ਼ਨਲ ਦਾ ‘ਅੰਬੈਸਡਰ ਆਫ ਕਾਨਸ਼ਿਐਂਸ’ ਐਵਾਰਡ ਦਿੱਤਾ ਗਿਆ ਹੈ। ਉਸ ਨੂੰ ਇਹ ਐਵਾਰਡ ਵਾਤਾਵਰਨ ਤਬਦੀਲੀ ਦੇ ਖਤਰਿਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣ ਦੀ ਜ਼ਰੂਰਤ ’ਤੇ ਜ਼ੋਰ ਦੇਣ ਨਾਲ ਸਬੰਧਤ ਉਸ ਦੇ ਕੰਮ ਲਈ ਦਿੱਤਾ ਗਿਆ ਹੈ। ਅਮਰੀਕਾ ਦੀ ਰਾਜਧਾਨੀ ’ਚ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ’ਚ ਕਰਵਾਏ ਗਏ ਸਮਾਗਮ ਦੌਰਾਨ 16 ਸਾਲਾ ਗ੍ਰੇਟਾ ਥੁਨਬਰਗ ਨੂੰ ਜਦੋਂ ਇਹ ਪੁਰਸਕਾਰ ਦਿੱਤਾ ਗਿਆ ਤਾਂ ਸਾਰਿਆਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰ ਕੇ ਉਸ ਦਾ ਹੌਸਲਾ ਵਧਾਇਆ। ਉਸ ਨੇ ਕਿਹਾ, ‘ਸਾਡੇ ’ਚੋਂ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਹਰ ਸੰਭਵ ਤਰੀਕੇ ਨਾਲ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਉਨ੍ਹਾਂ ’ਤੇ ਦਬਾਅ ਬਣਾਏ।’ ਥੁਨਬਰਗ ਨੂੰ ਮਾਈਕਰੋਫੋਨ ਤੱਕ ਪਹੁੰਚਣ ਲਈ ਇੱਕ ਪੌੜੀ ਦਾ ਸਹਾਰਾ ਲੈਣਾ ਪਿਆ। ਥੁਨਬਰਗ ਨੇ ਕਿਹਾ ਕਿ ਇਹ ਪੁਰਸਕਾਰ ਸਿਰਫ਼ ਉਸ ਦਾ ਨਹੀਂ ਹੈ ਸਗੋਂ ਉਨ੍ਹਾਂ ਲੱਖਾਂ ਨੌਜਵਾਨਾਂ ਦਾ ਹੈ ਜਿਨ੍ਹਾਂ ਪਿਛਲੇ ਸਾਲ ਤੋਂ ਲਗਾਤਾਰ ਹਰ ਸ਼ੁੱਕਰਵਾਰ ਨੂੰ ਸਕੂਲ ’ਚ ਹੜਤਾਲ ਕੀਤੀ। ਹੁਣ ਉਹ 20 ਸਤੰਬਰ ਨੂੰ ਆਲਮੀ ਵਾਤਾਵਰਨ ਹੜਤਾਲ ਦੀ ਯੋਜਨਾ ਬਣਾ ਰਹੀ ਹੈ ਜਿਸ ’ਚ ਨਿਊਯਾਰਕ ਦੇ ਹਜ਼ਾਰਾਂ ਲੋਕ ਹਿੱਸਾ ਲੈਣਗੇ।

Previous articleਪੰਘਾਲ ਤੇ ਮਨੀਸ਼ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰਜ਼ ’ਚ
Next articleProtests in MP, cheers in Gujarat marked Modi’s B’day