ਕੈਪਟਨ ਵੱਲੋਂ ਬਲਬੀਰ ਸਿੰਘ ਸੀਨੀਅਰ ਲਈ ਭਾਰਤ ਰਤਨ ਦੀ ਮੰਗ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਦੇਸ਼ ਦਾ ਸਭ ਤੋਂ ਉੱਚੇ ਨਾਗਰਿਕ ਸਨਮਾਨ ਭਾਰਤ ਰਤਨ ਦੇਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਲਿਖੇ ਪੱਤਰ ਵਿੱਚ 95 ਸਾਲਾ ਬਲਬੀਰ ਨੂੰ ਆਪਣੇ ਦੌਰ ਦਾ ਲਾਜਵਾਬ ਖਿਡਾਰੀ ਦੱਸਿਆ। ਉਨ੍ਹਾਂ ਲਿਖਿਆ, ‘‘ਮੈਂ ਤੁਹਾਡਾ ਧਿਆਨ ਇਸ ਵਿਸ਼ੇ ਵੱਲ ਕੇਂਦਰਿਤ ਕਰਨਾ ਚਾਹੁੰਦਾ ਹਾਂ ਅਤੇ ਅਪੀਲ ਕਰਦਾ ਹਾਂ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੇ ਸਭ ਤੋਂ ਸਨਮਾਨਿਤ ਅਤੇ ਅਸਾਧਾਰਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ।’’ ਉਨ੍ਹਾਂ ਲਿਖਿਆ, ‘‘ਬਲਬੀਰ ਸਿੰਘ ਸੀਨੀਅਰ ਹਾਕੀ ਦੇ ਮਹਾਨ ਖਿਡਾਰੀ ਹਨ ਅਤੇ ਓਲੰਪਿਕ 1948, 1952 ਅਤੇ 1956 ਵਿੱਚ ਸੋਨ ਤਗ਼ਮੇ ਜਿੱਤਣ ਵਾਲੀਆਂ ਭਾਰਤੀ ਟੀਮਾਂ ਦੇ ਮੈਂਬਰ ਰਹੇ ਹਨ। ਉਹ 1956 ਓਲੰਪਿਕ ’ਚ ਭਾਰਤੀ ਟੀਮ ਦੇ ਕਪਤਾਨ ਵੀ ਸਨ।’’ ਉਨ੍ਹਾਂ ਅੱਗੇ ਲਿਖਿਆ, ‘‘ਸ੍ਰੀ ਸੀਨੀਅਰ ਦੇ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ 1957 ’ਚ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਮੈਂ ਅਪੀਲੀ ਕਰਦਾ ਹਾਂ ਕਿ ਭਾਰਤ ਰਤਨ ਲਈ ਸ੍ਰੀ ਬਲਬੀਰ ਸਿੰਘ ਸੀਨੀਅਰ ਦੇ ਨਾਂ ’ਤੇ ਗੌਰ ਕੀਤਾ ਜਾਵੇ।’’ ਜ਼ਿਕਰਯੋਗ ਹੈ ਕਿ ਸ੍ਰੀ ਸੀਨੀਅਰ ਨੂੰ ਕੌਮਾਂਤਰੀ ਓਲੰਪਿਕ ਕਮੇਟੀ ਨੇ ਆਧੁਨਿਕ ਓਲੰਪਿਕ ਇਤਿਹਾਸ ਦੇ 16 ਮਹਾਨ ਖਿਡਾਰੀਆਂ ’ਚ ਚੁਣਿਆ ਸੀ। ਓਲੰਪਿਕ ਹਾਕੀ ਫਾਈਨਲ ’ਚ ਸਭ ਤੋਂ ਵੱਧ ਗੋਲਾਂ ਦਾ ਉਨ੍ਹਾਂ ਦਾ ਰਿਕਾਰਡ ਅੱਜ ਤੱਕ ਕਾਇਮ ਹੈ। ਉਨ੍ਹਾਂ ਨੇ ਹੈਲਸਿੰਕੀ ਓਲੰਪਿਕ 1952 ’ਚ ਨੈਦਰਲੈਂਡਜ਼ ਖ਼ਿਲਾਫ਼ ਫਾਈਨਲ ’ਚ ਭਾਰਤ ਦੀ 6.1 ਨਾਲ ਜਿੱਤ ’ਚ ਪੰਜ ਗੋਲ ਕੀਤੇ ਸਨ। ਉਹ ਵਿਸ਼ਵ ਕੱਪ 1975 ਜੇਤੂ ਭਾਰਤੀ ਟੀਮ ਦੇ ਮੈਨੇਜਰ ਵੀ ਸਨ। ਇਸ ’ਤੇ ਸ੍ਰੀ ਬਲਬੀਰ ਸਿੰਘ ਸੀਨੀਅਰ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖਿਡਾਰੀ ਜਿਸ ਦੇ ਹੱਕਦਾਰ ਹਨ ਉਨ੍ਹਾਂ ਨੂੰ ਉਹ ਮਾਨਤਾ ਮਿਲਣਾ ਅੰਮ੍ਰਿਤ ਦੇ ਸਮਾਨ ਹੈ। ਪੁਰਸਕਾਰ ਅਤੇ ਮਾਨਤਾ ਦੇਣਾ ਸਰਕਾਰ ਦੇ ਹੱਥ ਵਿੱਚ ਹੈ। ਖਿਡਾਰੀ, ਕੋਚ, ਪ੍ਰਬੰਧਕ ਅਤੇ ਪ੍ਰਸ਼ਾਸਕ ਦੇ ਰੂਪ ਵਿੱਚ ਪੂਰਾ ਜੀਵਨ ਖੇਡਾਂ ਨੂੰ ਸਮਰਪਿਤ ਕਰਨ ਦੇ ਅਧਾਰ ’ਤੇ ਉਨ੍ਹਾਂ ਦੇ ਨਾਂ ਦੀ ਸਿਫ਼ਾਰਿਸ਼ ਕਰਨ ਲਈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਨਾ ਚਾਹੁੰਦੇ ਹਨ।

Previous articleਹਾਂਗਕਾਂਗ: ਵਿਦਿਆਰਥੀਆਂ ਵਲੋਂ ਦੋ ਹਫ਼ਤਿਆਂ ਲਈ ਕਲਾਸਾਂ ਦੇ ਬਾਈਕਾਟ ਦਾ ਐਲਾਨ
Next articleਦ੍ਰਾਵਿੜ ਤੇ ਯੁਵੀ ਤੋਂ ਸਿੱਖੇ ਕ੍ਰਿਕਟ ਦੇ ਗੁਰ: ਸ਼ੁਭਮਨ ਗਿੱਲ