ਪ੍ਰੀਖਣ ਸਫ਼ਲ ਰਹੇ ਤਾਂ ਅਕਤੂਬਰ ਤਕ ਆ ਸਕਦੀ ਹੈ ਕਰੋਨਾ ਦੀ ਵੈਕਸੀਨ

ਨਵੀਂ ਦਿੱਲੀ  (ਸਮਾਜਵੀਕਲੀ) – ਜੇਕਰ ਮਨੁੱਖ ’ਤੇ ਕੀਤੇ ਗਏ ਪ੍ਰੀਖਣ ਸਫ਼ਲ ਰਹੇ ਤਾਂ ਅਕਤੂਬਰ ਤਕ ਕਰੋਨਾਵਾਇਰਸ ਦੀ ਵੈਕਸੀਨ ਬਾਜ਼ਾਰ ’ਚ ਆ ਸਕਦੀ ਹੈ। ਸਿਰਮ ਇੰਸਟੀਚਿਊਟ ਆਫ਼ ਇੰਡੀਆ ਨੇ ਐਤਵਾਰ ਨੂੰ ਕਿਹਾ ਕਿ ਉਹ ਕਰੋਨਾਵਾਇਰਸ ਦੀ ਔਕਸਫੋਰਡ ਯੂਨੀਵਰਸਿਟੀ ਵੱਲੋਂ ਅਗਲੇ ਤਿੰਨ ਹਫ਼ਤਿਆਂ ’ਚ ਬਣਾਈ ਜਾਣ ਵਾਲੀ ਵੈਕਸੀਨ ਨੂੰ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ।

ਵੈਕਸੀਨ ਤਿਆਰ ਕਰਨ ਲਈ ਸੱਤ ਆਲਮੀ ਸੰਸਥਾਵਾਂ ਜੁਟੀਆਂ ਹੋਈਆਂ ਹਨ ਅਤੇ ਪੁਣੇ ਆਧਾਰਿਤ ਕੰਪਨੀ ਔਕਸਫੋਰਡ ਯੂਨੀਵਰਸਿਟੀ ਨਾਲ ਭਾਈਵਾਲੀ ਕਰਨ ਵਾਲਿਆਂ ’ਚੋਂ ਇਕ ਹੈ। ਸਿਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ,‘‘ਸਾਡੀ ਟੀਮ ਔਕਸਫੋਰਡ ਯੂਨੀਵਰਸਿਟੀ ਦੇ ਡਾਕਟਰ ਹਿੱਲ ਨਾਲ ਕੰਮ ਕਰ ਰਹੀ ਹੈ ਅਤੇ ਸਾਨੂੰ ਆਸ ਹੈ ਕਿ 2-3 ਹਫ਼ਤਿਆਂ ’ਚ ਵੈਕਸੀਨ ਬਣਨੀ ਸ਼ੁਰੂ ਹੋ ਜਾਵੇਗੀ। ਪਹਿਲੇ ਛੇ ਮਹੀਨੇ 50 ਲੱਖ ਖੁਰਾਕ ਹਰ ਮਹੀਨੇ ਤਿਆਰ ਕੀਤੀ ਜਾਵੇਗੀ।

ਇਸ ਮਗਰੋਂ ਸਾਨੂੰ ਹਰ ਮਹੀਨੇ ਉਤਪਾਦਨ ਵਧ ਕੇ ਇਕ ਕਰੋੜ ਖੁਰਾਕ ਹੋਣ ਦੀ ਆਸ ਹੈ।’’ ਉਨ੍ਹਾਂ ਕਿਹਾ ਕਿ ਇੰਸਟੀਚਿਊਟ ਨੇ ਪਹਿਲਾਂ ਔਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਮਿਲ ਕੇ ਮਲੇਰੀਆ ਦੀ ਦਵਾਈ ਦੇ ਪ੍ਰਾਜੈਕਟ ’ਤੇ ਕੰਮ ਕੀਤਾ ਸੀ ਅਤੇ ਆਖਿਆ ਜਾ ਸਕਦਾ ਹੈ ਕਿ ਉਹ ਬਿਹਤਰੀਨ ਵਿਗਿਆਨੀਆਂ ’ਚੋਂ ਇਕ ਹਨ।

ਪੂਨਾਵਾਲਾ ਨੇ ਆਸ ਜਤਾਈ ਕਿ ਪ੍ਰੀਖਣ ਸਫ਼ਲ ਰਹਿਣ ’ਤੇ ਕਰੋਨਾਵਾਇਰਸ ਦੀ ਵੈਕਸੀਨ ਸਤੰਬਰ-ਅਕਤੂਬਰ ਤਕ ਬਾਜ਼ਾਰ ’ਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ’ਚ ਪ੍ਰੀਖਣ ਅਗਲੇ ਦੋ-ਤਿੰਨ ਹਫ਼ਤਿਆਂ ’ਚ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਕਰੋਨਾ ਦੀ ਵੈਕਸੀਨ ਦਾ ਪੇਟੈਂਟ ਨਹੀਂ ਕਰਵਾਏਗੀ ਅਤੇ ਦੁਨੀਆ ਭਰ ’ਚ ਕੋਈ ਵੀ ਇਸ ਨੂੰ ਤਿਆਰ ਕਰਕੇ ਵੇਚ ਸਕੇਗਾ।

Previous articleਜਲੰਧਰ ’ਚ ਸਭ ਤੋਂ ਵੱਧ ਕਰੋਨਾ ਪੀੜਤ
Next articleਯੂਪੀ ਸ਼ਰਾਬ ਦੀਆਂ 300 ਪੇਟੀਆਂ ਝਾਂਸਲਾ ਵਿੱਚ ਕਾਬੂ