ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਗੋਲੀ ਚਲਾਉਣ ਦੇ ਮਾਮਲੇ ’ਚ ਪੁਲੀਸ ਨੇ ਰੱਖਿਆ ਸੀ 50 ਹਜ਼ਾਰ ਦਾ ਇਨਾਮ
ਪੰਜਾਬ ਪੁਲੀਸ ਨੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ ਪਰ ਪਿਛਲੇ ਦਿਨੀਂ ਇੱੱਕ ਚਰਚਿਤ ਗੈਂਗਸਟਰ ਕੰਵਰ ਰਣਦੀਪ ਸਿੰਘ ਖਰੌੜ ਉਰਫ਼ ਐੱਸ.ਕੇ. ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਇਸ ਨਾਲ ਜਿੱਥੇ ਕਾਂਗਰਸ ’ਚ ਹਲਚਲ ਪੈਦਾ ਹੋ ਗਈ, ਉੱਥੇ ਹੀ ਵਿਰੋਧੀ ਧਿਰਾਂ ਵੀ ਕਾਂਗਰਸ ਨੂੰ ਘੇਰ ਰਹੀਆਂ ਹਨ। ਇਸ ਤੋਂ ਇਲਾਵਾ ਪੁਲੀਸ ਹਲਕਿਆਂ ਵਿੱਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਨੇੜਲੇ ਪਿੰਡ ਬਾਰਨ ਦਾ ਰਹਿਣ ਵਾਲਾ ਐੱਸ.ਕੇ. ਗੈਂਗਸਟਰਾਂ ਦੇ ਹਰਵਿੰਦਰ ਰਿੰਦਾ ਦੀ ਅਗਵਾਈ ਹੇਠਲੇ ਬਹੁ-ਚਰਚਿਤ ਗਰੋਹ ਨਾਲ ਸਬੰਧਤ ਦੱਸਿਆ ਜਾਂਦਾ ਹੈ। ਐੱਸ.ਕੇ. ਖ਼ਿਲਾਫ਼ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਤਲ, ਇਰਾਦਾ ਕਤਲ, ਡਕੈਤੀ ਤੇ ਲੁੱਟ-ਖੋਹ ਆਦਿ ਦੇ 20 ਕੇਸ ਦਰਜ ਹਨ। ਕੁਝ ਕੇਸਾਂ ਵਿੱਚੋਂ ਉਹ ਬਰੀ ਵੀ ਹੋ ਚੁੱਕਾ ਹੈ ਜਦੋਂਕਿ ਬਹੁਤੇ ਕੇਸ ਅਜੇ ਵੀ ਅਦਾਲਤ ’ਚ ਚੱਲ ਰਹੇ ਹਨ। ਉਂਜ, ਅਜੇ ਤੱਕ ਸਜ਼ਾ ਕਿਸੇ ਕੇਸ ਵਿੱਚ ਨਹੀਂ ਹੋਈ ਹੈ। ਉਹ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਪੁਸੂ) ਦਾ ਪ੍ਰਮੁੱਖ ਅਹੁਦੇਦਾਰ ਵੀ ਹੈ। ਉਸ ਨਾਲ ਪਟਿਆਲਾ ਸਮੇਤ ਹੋਰਨਾਂ ਖੇਤਰਾਂ ਤੋਂ ਵੱਡੀ ਗਿਣਤੀ ਵਿਦਿਆਰਥੀ ਅਤੇ ਨੌਜਵਾਨ ਜੁੜੇ ਹੋਏ ਹਨ। ਅਪਰੈਲ-2016 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਵਿਦਿਆਰਥੀ ਆਗੂ ’ਤੇ ਗੋਲੀ ਚਲਾਉਣ ਦੀ ਘਟਨਾ ਦੇ ਸਬੰਧ ’ਚ ਚੰਡੀਗੜ੍ਹ ਪੁਲੀਸ ਨੇ ਐੱਸ.ਕੇ. ਸਮੇਤ ਤਿੰਨ ਜਣਿਆਂ ’ਤੇ 50-50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਸੀ। ਫਿਰ ਐੱਸ.ਕੇ. ਅਤੇ ਗੁਰਪ੍ਰੀਤ ਗੋਪੀ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਲੱਖ ਰੁਪਏ ਦਾ ਇਨਾਮ ਪਟਿਆਲਾ ਪੁਲੀਸ ਨੇ ਹਾਸਲ ਕੀਤਾ ਸੀ। ਕੁਝ ਮਹੀਨੇ ਪਹਿਲਾਂ ਐੱਸ.ਕੇ. ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਬਾਹਰ ਆਇਆ ਸੀ। ਇਸ ਤੋਂ ਪਹਿਲਾਂ ਉਹ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਸਮਰਥਕ ਵੀ ਰਹਿ ਚੁੱਕਾ ਹੈ, ਪਰ 6 ਅਪਰੈਲ ਨੂੰ ਇੱਥੇ ਇੱਕ ਸਮਾਗਮ ਵਿੱਚ ਉਹ ਆਪਣੇ ਸੈਂਕੜੇ ਸਮਰਥਕਾਂ ਸਣੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ। ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਸ੍ਰੀ ਹੈਰੀਮਾਨ ਦੇ ਇੱਕ ਸਮਰਥਕ ਜਤਿੰਦਰ ਸਿੰਘ ਵੱੱਲੋਂ ਕਰਵਾਏ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਨੇ ਐੱਸ.ਕੇ. ਤੇ ਸਾਥੀਆਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਸੀ। ਸਟੇਜ ’ਤੇ ਐੱਸ.ਕੇ. ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਦੇ ਨਾਲ ਵਾਲੀ ਕੁਰਸੀ ’ਤੇ ਬੈਠਾ ਸੀ। ਉੱਧਰ, ਵਿਰੋਧੀ ਧਿਰਾਂ ਨੇ ਇਸ ਸਬੰਧੀ ਕਾਂਗਰਸ ਨੂੰ ਲੰਬੇ ਹੱੱਥੀਂ ਲਿਆ। ਵੱਖ ਵੱਖ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਨੇ ਚੋਣਾਂ ਜਿੱਤਣ ਲਈ ਹਮੇਸ਼ਾਂ ਅਜਿਹੇ ਹੀ ਅਡੰਬਰ ਰਚੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਵੱਲੋਂ ਇੱਕ ਗੈਂਗਸਟਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਕਾਰਵਾਈ ਚੋਣਾਂ ਵਿੱਚ ਅਪਰਾਧੀਆਂ ਦਾ ਸਹਾਰਾ ਲੈਣ ਦੀ ਪ੍ਰਤੱਖ ਮਿਸਾਲ ਹੈ। ਉੱਧਰ, ਐੱਸ.ਕੇ. ਦੇ ਇੱਕ ਸਾਥੀ ਦਾ ਕਹਿਣਾ ਹੈ ਕਿ ਐੱਸ.ਕੇ. ਖ਼ਿਲਾਫ਼ ਕਈ ਕੇਸ ਰੰਜਿਸ਼ ਤਹਿਤ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐੱਸਓਆਈ ਦੇ ਕੁਝ ਆਗੂਆਂ ਨੇ ਦਰਜ ਕਰਵਾਏ ਹਨ।