ਏਅਰ ਫੋਰਸ ਵੱਲੋਂ ਪਾਕਿ ਐਫ-16 ਜਹਾਜ਼ ਡੇਗਣ ਦੇ ਸਬੂਤ ਜਾਰੀ

ਭਾਰਤੀ ਏਅਰ ਫੋਰਸ ਨੇ 27 ਫਰਵਰੀ ਦੀ ਹਵਾਈ ਕਾਰਵਾਈ ਦੌਰਾਨ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਵਿੱਚ ਪਾਕਿਸਤਾਨ ਦਾ ਐਫ-16 ਲੜਾਕੂ ਜਹਾਜ਼ ਡੇਗਣ ਦੇ ਪੁਖ਼ਤਾ ਸਬੂਤ ਵਜੋਂ ਸੋਮਵਾਰ ਨੂੰ ਰਾਡਾਰ ਗ੍ਰਾਫਿਕਸ ਜਾਰੀ ਕੀਤੇ। ਭਾਰਤ ਦੀ ਇਹ ਟਿੱਪਣੀ ਅਮਰੀਕਾ ਦੀ ਉੱਘੀ ਮੈਗਜ਼ੀਨ ‘ਫੌਰਨ ਪਾਲਿਸੀ’ ਦੀ ਉਸ ਰਿਪੋਰਟ ਤੋਂ ਬਾਅਦ ਆਈ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਕੋਲ ਮੌਜੂਦ ਐਫ-16 ਲੜਾਕੂ ਜਹਾਜ਼ਾਂ ਦੀ ਗਿਣਤੀ ਪੂਰੀ ਹੈ ਤੇ ਉਨ੍ਹਾਂ ਦਾ ਕੋਈ ਜਹਾਜ਼ ਗਾਇਬ ਨਹੀਂ ਹੈ। ਸਰਕਾਰ ਦਾਅਵਾ ਕਰਦੀ ਰਹੀ ਹੈ ਕਿ ਭਾਰਤੀ ਪਾਇਲਟ ਅਭਿਨੰਦਨ ਵਰਤਮਾਨ ਨੇ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਖਦੇੜਿਆ ਅਤੇ ਆਪਣੇ ਮਿੱਗ 21 ਬੇਸਨ ਜਹਾਜ਼ ਨਾਲ ਉਸ ਨੂੰ ਡੇਗ ਦਿੱਤਾ, ਜਦੋਂ ਕਿ ਪਾਕਿਸਤਾਨ ਇਸ ਦਾਅਵੇ ਦਾ ਖੰਡਨ ਕਰਦਾ ਰਿਹਾ ਹੈ ਕਿ ਉਸ ਦਾ ਕੋਈ ਜਹਾਜ਼ ਹਵਾਈ ਹਮਲੇ ਵਿੱਚ ਡਿੱਗਿਆ ਹੈ। ਏਅਰ ਵਾਈਸ ਮਾਰਸ਼ਲ ਆਰ ਜੀ ਕੇ ਕਪੂਰ ਨੇ ਕਿਹਾ,‘‘ ਏਅਰ ਫੋਰਸ ਕੋਲ ਨਾ ਸਿਰਫ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਪਾਕਿਸਤਾਨ ਏਅਰ ਫੋਰਸ ਨੇ 27 ਫਰਵਰੀ ਨੂੰ ਐਫ-16 ਲੜਾਕੂ ਜਹਾਜ਼ ਦੀ ਵਰਤੋਂ ਕੀਤੀ, ਸਗੋਂ ਏਅਰ ਫੋਰਸ ਕੋਲ ਮਿੱਗ 21 ਜਹਾਜ਼ ਰਾਹੀਂ ਐਫ-16 ਲੜਾਕੂ ਜਹਾਜ਼ ਡੇਗਣ ਦੇ ਵੀ ਸਬੂਤ ਹਨ।’’

Previous articleਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ
Next articleਪ੍ਰਨੀਤ ਦੀ ਅਗਵਾਈ ਹੇਠ ਗੈਂਗਸਟਰ ਦੇ ਕਾਂਗਰਸ ’ਚ ਸ਼ਾਮਲ ਹੋਣ ਤੋਂ ਵਿਵਾਦ