ਪ੍ਰਧਾਨ ਮੰਤਰੀ ਕਰੋਨਾ ਦੇ ਟੈਸਟਾਂ ਲਈ ਵਿੱਤੀ ਪੈਕੇਜ ਦੇਣ: ਕੈਪਟਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਰੋਨਾਵਾਇਰਸ ਸੰਕਟ ਦਾ ਟਾਕਰਾ ਕਰਨ ਲਈ ਸੂਬੇ ਨੂੰ ਵਿੱਤੀ ਪੈਕੇਜ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਤਾਂ ਇਸ ਨਾਲ ਪ੍ਰਾਈਵੇਟ ਹਸਪਤਾਲਾਂ ਅਤੇ ਲੈਬਾਰਟਰੀਆਂ ਵਿਚ ਟੈਸਟ ਕਰਵਾਏ ਜਾ ਸਕਣਗੇ। ਉਨ੍ਹਾਂ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲੀਸ ਮੁਖੀਆਂ ਨੂੰ ਪੂਰੀ ਤਨਦੇਹੀ ਨਾਲ ਸਥਿਤੀ ਦਾ ਟਾਕਰਾ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾਵਾਇਰਸ ਦਾ ਪਤਾ ਲਾਉਣ ਲਈ ਟੈਸਟ ਕਰਵਾਉਣੇ ਬਹੁਤ ਜ਼ਰੂਰੀ ਹਨ ਤੇ ਕੇਂਦਰ ਸਰਕਾਰ ਤੁਰੰਤ ਇਸ ਦੇ ਹੱਲ ਲਈ ਪ੍ਰਾਈਵੇਟ ਹਸਪਤਾਲਾਂ, ਲੈਬਾਂ ਅਤੇ ਸੁਪਰਸਪੈਸ਼ਲਿਟੀ ਹਸਪਤਾਲਾਂ ਨੂੰ ਟੈਸਟ ਕਰਨ ਦੀ ਖੁੱਲ੍ਹ ਦੇਵੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਰੋਨਾਵਾਇਰਸ ਦੇ ਪੀੜਤਾਂ ਦੇ ਸੰਪਰਕ ਵਿਚ ਆਏ ਹਨ, ਉਨ੍ਹਾਂ ਦੇ ਟੈਸਟ ਕਰਵਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ਲਈ ਵਿਦੇਸ਼ੀ ਉਡਾਣਾਂ ਦੇ ਦੇਸ਼ ਵਿਚ ਦਾਖ਼ਲੇ ’ਤੇ ਪਾਬੰਦੀ ਲਾਈ ਜਾਵੇ। ਉਨ੍ਹਾਂ ਸਲਾਹ ਦਿਤੀ ਕਿ ਜਿਹੜੇ ਵਰਕਰ ਕੋਵਿਡ-19 ਵਿਰੁਧ ਚਲਾਈ ਮੁਹਿੰਮ ਵਿਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਮਨਰੇਗਾ ’ਚੋਂ ਮਿਹਨਤਾਨਾ ਦੇਣ ਦੀ ਆਗਿਆ ਦਿੱੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ’ਚ ਲੋਕਾਂ ਨੂੰ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਪੰਜ ਕਿਲੋ ਕਣਕ ਦਿਤੀ ਜਾਵੇ। ਮੁੱਖ ਮੰਤਰੀ ਨੇ ਸੂਬੇ ਦੇ ਸੀਨੀਅਰ ਅਧਿਕਾਰੀਆਂ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਡੀਜੀਪੀ ਦਿਨਕਰ ਗੁਪਤਾ ਦੀ ਹਾਜ਼ਰੀ ਵਿਚ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਭਿਆਨਕ ਬੀਮਾਰੀ ਦੇ ਟਾਕਰੇ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ਖ਼ੁਦ ਹਸਪਤਾਲਾਂ ਵਿਚ ਜਾ ਕੇ ਤਿਆਰੀਆਂ ਦਾ ਜਾਇਜ਼ਾ ਲੈਣ। ਦਵਾਈਆਂ ਦੀ ਕਿਸੇ ਜ਼ਿਲ੍ਹੇ ਵਿਚ ਘਾਟ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਲੋਂ ਦਿਨ ਰਾਤ ਕੀਤੇ ਜਾ ਕੰਮ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਸਲਾਹ ਦਿਤੀ ਕਿ ਉਹ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਤੋਂ ਗੁਰੇਜ਼ ਕਰਨ।

Previous articleਕਰੋਨਾਵਾਇਰਸ: ਪੰਜਾਬ ’ਚ ਨੌਂ ਸ਼ੱਕੀ ਮਰੀਜ਼ ਸਾਹਮਣੇ ਆਏ
Next articleਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਸਖ਼ਤ, ਹੁਣ ਨਿਯਮ ਤੋੜਨ ‘ਤੇ 6 ਮਹੀਨੇ ਦੀ ਜੇਲ੍ਹ ਤੇ ਜ਼ੁਰਮਾਨਾ