ਪੁਲੀਸ ਨੇ ਪਟਵਾਰਖਾਨੇ ਦੀ ਵਸੀਅਤ ‘ਤੋੜੀ’

ਮੋਗਾ– ਇਥੇ ਥਾਣਾ ਸਿਟੀ ਦੱਖਣੀ ਪੁਲੀਸ ਨੇ ਕਰਫ਼ਿਊ ਦੌਰਾਨ ਪਟਵਾਰ ਭਵਨ, ਮੋਗਾ ਜੀਤ ਸਿੰਘ ਦੇ ਤਾਲੇ ਤੋੜ ਕੇ ਕਥਿਤ ਥਾਣਾ ਤਬਦੀਲ ਕਰਨ ਦੀ ਕੋਸ਼ਿਸ ਕੀਤੀ, ਜਿਸ ਤੋਂ ਪਟਵਾਰੀਆਂ ਦਾ ਪਾਰਾ ਚੜ੍ਹ ਗਿਆ। ਪਟਵਾਰ ਯੂਨੀਅਨ ਦੇ ਦਬਾਅ ਮਗਰੋਂ ਡਿਪਟੀ ਕਮਿਸ਼ਨਰ ਨੇ ਆਪਣਾ ਹੁਕਮ ਵਾਪਸ ਲੈ ਕੇ ਪਟਵਾਰੀ ਸ਼ਾਂਤ ਕੀਤੇ।
ਮਾਲ ਪਟਵਾਰੀ ਇੰਦਰਜੀਤ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਪਟਵਾਰ ਭਵਨ, ਮੋਗਾ ਜੀਤ ਸਿੰਘ ਦੇ ਤਾਲੇ ਤੋੜ ਦਿੱਤੇ ਤੇ ਪਟਵਾਰ ਭਵਨ ਦਾ ਨਾਮ ਮਿਟਾ ਕੇ ਪੁਲੀਸ ਵਿਭਾਗ ਦਾ ਲੋਗੋ ਬਣਾ ਦਿੱਤਾ ਅਤੇ ਦਫ਼ਤਰ ਅੱਗੋਂ ਪਟਵਾਰੀਆਂ ਦੇ ਨਾਮ ਮਿਟਾ ਕੇ ਪੁਲੀਸ ਅਫ਼ਸਰਾਂ ਦੇ ਲਿਖ ਦਿੱਤੇ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਕੁਝ ਚਿਰ ਪਹਿਲਾਂ ਹੀ ਇਮਾਰਤ ਨੂੰ ਰੰਗ ਰੋਗਨ ਅਤੇ ਮੁਰੰਮਤ ਕਰਵਾਈ ਗਈ ਸੀ। ਉਨ੍ਹਾਂ ਮਾਮਲਾ ਯੂਨੀਅਨ ਦੇ ਧਿਆਨ ਵਿੱਚ ਲਿਆਂਦਾ ਅਤੇ ਸੂਬਾਈ ਪ੍ਰਧਾਨ ਮੋਹਨ ਸਿੰਘ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਉਨ੍ਹਾਂ ਦੱਸਿਆ ਕਿ ਪਟਵਾਰੀਆਂ ਦੇ ਵਫ਼ਦ ਨੂੰ ਡੀਸੀ ਸੰਦੀਪ ਹੰਸ ਨੇ ਭਰੋਸਾ ਦਿੱਤਾ ਕਿ ਪਟਵਾਰ ਭਵਨ ਵਿਚ ਥਾਣਾ ਤਬਦੀਲ ਨਹੀਂ ਕੀਤਾ ਜਾਵੇਗਾ। ਸੂਬਾਈ ਪ੍ਰਧਾਨ ਨੇ ਦਾਅਵਾ ਕੀਤਾ ਕਿ ਡਿਪਟੀ ਕਮਿਸ਼ਨਰ ਵੱਲੋਂ ਆਪਣਾ ਹੁਕਮ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਪੁਲੀਸ ਨੇ ਮਾਲ ਵਿਭਾਗ ਦੀ ਇਮਾਰਤ ਦੇ ਗੈਰਕਾਨੂੰਨੀ ਢੰਗ ਨਾਲ ਤਾਲੇ ਤੋੜੇ ਹਨ, ਜਿਥੇ ਕਈ ਪਿੰਡਾਂ ਦਾ ਰਿਕਾਰਡ ਤੇ ਵਿਭਾਗ ਦੀਆਂ ਜ਼ਰੂਰੀ ਫਾਈਲਾਂ ਪਈਆਂ ਸਨ।
ਇਥੇ ਸੰਘਣੀ ਆਬਾਦੀ ਵਾਲੀ ਨਗਰ ਨਿਗਮ ਦੀ ਮਾਲਕੀ ਵਾਲੀ ਇਮਾਰਤ ਵਿੱਚ ਥਾਣਾ ਸਿਟੀ ਦੱਖਣੀ ਦੀ ਇਮਾਰਤ ਖਸਤਾ ਹਾਲ ਵਿੱਚ ਹੈ ਅਤੇ ਇਸ ਨੂੰ ਇੱਕ ਸਕੂਲ ਟਰੱਸਟ ਵੱਲੋਂ ਖਰੀਦ ਕਰ ਲਿਆ ਗਿਆ ਹੈ। ਇਸ ਖਸਤਾ ਹਾਲ ਇਮਾਰਤ ’ਚੋਂ ਥਾਣਾ ਤਬਦੀਲ ਕਰਨ ਲਈ ਜ਼ਿਲ੍ਹਾ ਪੁਲੀਸ ਮੁਖੀ ਦੇ ਪੱਤਰ ਉੱਤੇ ਡਿਪਟੀ ਕਮਿਸ਼ਨਰ ਨੇ ਕਰੀਬ ਢਾਈ ਮਹੀਨੇ ਪਹਿਲਾਂ ਇਸ ਹਲਕੇ ’ਚ ਸਲੱਮ ਖੇਤਰ ਦੇ ਕਮਿਊਨਟੀ ਸੈਂਟਰ ਇਮਾਰਤ ਵਿੱਚ ਥਾਣਾ ਤਬਦੀਲ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ। ਇਸ ਕਮਿਊਨਿਟੀ ਸੈਂਟਰ ’ਚ ਥਾਣਾ ਤਬਦੀਲ ਕਰਨ ਦੇ ਵਿਰੋਧ ’ਚ ਇਸ ਹਲਕੇ ਦੇ ਅਕਾਲੀ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਦੀ ਅਗਵਾਈ ਵਿੱਚ ਲੋਕਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਆਮ ਵਰਗ ਲੋਕਾਂ ਦੀਆਂ ਧਾਰਮਿਕ ਤੇ ਸਮਾਜਿਕ ਲੋੜਾਂ ਲਈ ਸੈਂਟਰ ਦੀ ਉਸਾਰੀ ਕਰਵਾਈ ਸੀ। ਇਸ ਥਾਂ ’ਤੇ ਗੰਦਾ ਛੱਪੜ ਹੁੰਦਾ ਸੀ, ਜਿਸ ਦੀ ਸਫ਼ਾਈ ਕਰਵਾ ਕੇ ਕੁੱਝ ਹਿੱਸੇ ਵਿੱਚ ਖੇਡ ਸਟੇਡੀਅਮ ਤੇ ਅੱਗੇ ਕਮਿਊਨਿਟੀ ਸੈਂਟਰ ਬਣਾਇਆ ਗਿਆ ਹੈ। ਲੋਕ ਦਬਾਅ ਕਾਰਨ ਇਸ ਕਮਿਉੂਨਿਟੀ ਸੈਂਟਰ ’ਚ ਉਸ ਸਮੇਂ ਵੀ ਇਹ ਥਾਣਾ ਤਬਦੀਲ ਨਾਂ ਹੋ ਸਕਿਆ। ਵਿਧਾਇਕ ਵਿਜੇ ਸਾਥੀ ਦਾ ਕਹਿਣਾ ਹੈ ਕਿ ਪੁਲੀਸ ਥਾਣਾ ਸਿਟੀ-2 ਦੀ ਮੌਜੂਦਾ ਇਮਾਰਤ ਵੀ ਪੁਲੀਸ ਵਿਭਾਗ ਨਾਲ ਸਬੰਧਤ ਨਹੀਂ ਹੈ। ਇਹ ਥਾਂ ਆਰੀਆ ਸਮਾਜ ਸਕੂਲ ਨਾਲ ਸਬੰਧਤ ਹੈ, ਜਿਸ ’ਤੇ ਪੁਲੀਸ ਨੇ ਕਰੀਬ ਦੋ ਦਹਾਕੇ ਤੋਂ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ।

Previous articleਸਪੇਨ ਦੀ ਸ਼ਹਿਜ਼ਾਦੀ ਕਰੋਨਾ ਨਾਲ ਮਰਨ ਵਾਲੀ ਪਹਿਲੀ ਸ਼ਾਹੀ ਸ਼ਖ਼ਸੀਅਤ
Next articleਸੂਬੇ ਵਿਚ ‘ਲੇਬਰ ਸੰਕਟ’ ਪੈਦਾ ਹੋਣ ਦਾ ਡਰ