ਬਹੁਤ ਵੱਡੀ ਕਹਾਣੀ, ਜਿਸ ਨਾਲ ਡਾਕਟਰੀ ਵਿਗਿਆਨ ਵਿੱਚ ਇਕ ਕ੍ਰਾਂਤੀ ਆਈ

ਲੂਈ ਪਾਸਚਰ ਫਰਾਂਸੀਸੀ ਵਿਗਿਆਨੀ

– ਭਗਵੰਤ

ਦੋਸਤੋ ਅੱਜ ਕਰੋਨਾ ਵਾਇਰਸ ਦਾ ਦੌਰ ਚੱਲ ਰਿਹਾ ਹੈ ਤਾਂ ਆਪਾਂ ਗੱਲ ਵਾਇਰਸ ਦੀ ਹੀ ਕਰਦੇ ਹਾਂ। ਸਾਰੇ ਹੀ ਘਰ ਵਿੱਚ ਦੁੱਧ ਨੁੰ ਖਰਾਬ ਹੋਣ ਤੋਂ ਬਚਾਉਣ ਲਈ ਉਬਾਲ ਕੇ ਰਖਦੇ ਹਨ ਜਿਸ ਨੂੰ ਪਾਸਚਰਾਇਜ਼ ਦੁੱਧ ਵੀ ਕਹਿੰਦੇ ਹਨ ਜੋ ਕਿ ਮਹਾਨ ਵਿਗਿਆਨੀ ਲੂਈ ਪਾਸਚਰ ਦੇ ਨਾਮ ਨਾਲ ਸਬੰਧਤ ਹੈ। ਕੀ ਤੁਹਾਨੂੰ ਪਤਾ ਹੈ ਇਸ ਦੇ ਪਿਛੇ ਬਹੁਤ ਵੱਡੀ ਕਹਾਣੀ ਹੈ ਜਿਸ ਨਾਲ ਡਾਕਟਰੀ ਵਿਗਿਆਨ ਵਿੱਚ ਇਕ ਕ੍ਰਾਂਤੀ ਆਈ।

ਦਸੰਬਰ 1822 ਵਿੱਚ ਜਨਮੇ ਲੂਈ ਪਾਸਚਰ ਫਰਾਂਸੀਸੀ ਵਿਗਿਆਨੀ ਸੀ ਜਿਸ ਨੇ ਪਹਿਲੀ ਵਾਰ ਸੋਚਿਆ ਕਿ ਖਾਣ ਵਾਲੀਆਂ ਚੀਜ਼ਾਂ ਖਰਾਬ ਕਿਉਂ ਹੁੰਦੀਆਂ ਹਨ। ਉਸਨੇ ਪਤਾ ਕੀਤਾ ਤਾਂ ਪਾਇਆ ਕਿ ਹਰ ਖਾਣ ਵਾਲੇ ਭੋਜਨ ਵਿੱਚ ਕੁਝ ਜੀਵਾਣੂ ਹੁੰਦੇ ਹਨ ਜੋ ਕੁਝ ਸਮੇ ਵਿੱਚ ਵਧ ਜਾਂਦੇ ਹਨ ਤੇ ਭੋਜਨ ਨੂੰ ਖਰਾਬ ਕਰ ਦਿੰਦੇ ਹਨ। ਉਸ ਨੇ ਦੇਖਣ ਲਈ ਦੁੱਧ ਨੂੰ 70 ਡਿਗਰੀ ਫਾਰਨਹੀਟ ਤੱਕ ਉਬਾਲ ਕੇ ਠੰਡਾ ਕੀਤਾ ਤਾਂ ਪਤਾ ਲੱਗਿਆ ਕਿ ਹੁਣ ਦੁੱਧ ਛੇਤੀ ਖਰਾਬ ਨਹੀਂ ਹੋਇਆ । ਲੂਈ ਪਾਸਚਰ ਬਚਪਨ ਤੋਂ ਹੀ ਦੇਖਦਾ ਆ ਰਿਹਾ ਸੀ ਕਿ ਜਦੋਂ ਪਾਗਲ ਕੁੱਤੇ ਤੇ ਭੇੜੀਏ ਲੋਕਾਂ ਨੂੰ ਕੱਟਦੇ ਹਨ ਤਾਂ ਕੁਝ ਦਿਨਾਂ ਵਿੱਚ ਹੀ ਤੜਪ ਤੜਪ ਕੇ ਬੰਦੇ ਦੀ ਮੌਤ ਹੋ ਜਾਂਦੀ ਹੈ।

ਲੂਈ ਇਸ ਤੋਂ ਕਾਫੀ ਦੁੱਖੀ ਸੀ ਤੇ ਦੁਨੀਆਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਇਸ ਦਾ ਹੱਲ ਲੱਭ ਰਿਹਾ ਸੀ ਉਸ ਨੇ ਸੋਚਿਆ ਕਿ ਜੇਕਰ ਦੁੱਧ ਜਾਂ ਪਦਾਰਥਾਂ ਵਿੱਚ ਜੀਵਾਣੂ ਹੋ ਸਕਦੇ ਹਨ ਤਾਂ ਬੰਦੇ ਜਾਂ ਜਾਨਵਰ ਦੇ ਖੂਨ ਵਿੱਚ ਵੀ ਇਸੇ ਤਰ੍ਹਾਂ ਦੇ ਜੀਵਾਣੂ ਹੀ ਹੁੰਦੇ ਹੋਣਗੇ ਜਿਹੜੇ ਸਾਨੂੰ ਬਿਮਾਰ ਕਰਦੇ ਹਨ। ਕਾਫੀ ਸਮੇ ਦੀ ਘੋਖ ਤੋਂ ਬਾਅਦ ਉਸਨੇ ਇਹ ਸਾਬਿਤ ਕੀਤਾ ਕੇ ਵਾਕਿਆ ਹੀ ਸਾਡੇ ਖੂਨ ਵਿੱਚ ਦੋ ਤਰ੍ਹਾਂ ਦੇ ਜੀਵਾਣੂ ਹੁੰਦੇ ਹਨ ਇੱਕ ਸਾਡੀ ਰੱਖਿਆ ਕਰਨ ਵਾਲੇ ਤੇ ਦੂਜੇ ਸਾਨੂੰ ਬੀਮਾਰ ਕਰਨ ਵਾਲੇ। ਸਾਡੀ ਰੱਖਿਆ ਕਰਨ ਵਾਲੇ ਜੀਵਾਣੂਆਂ ਨੂੰ ਇੰਮਿਊਨਟੀ ਸਿਸਟਮ ਵੀ ਕਿਹਾ ਜਾਂਦਾ ਹੈ। ਹਲਕੇ ਕੁੱਤੇ ਦੇ ਕੱਟਣ ਨਾਲ ਸਾਡੇ ਸਰੀਰ ਵਿੱਚ ਜੋ ਜੀਵਾਣੂ (ਰੇਬੀਜ਼) ਦਾਖ਼ਲ ਹੁੰਦੇ ਹਨ ਉਹ ਬੜੇ ਖਤਰਨਾਕ ਤੇ ਚਲਾਕ ਹੁੰਦੇ ਹਨ ਤੇ ਸਾਡੀ ਰੱਖਿਆ ਕਰਨ ਵਾਲੇ ਜੀਵਾਣੂਆਂ ਨੂੰ ਚਕਮਾ ਦੇ ਕੇ ਸਾਨੂੰ ਬੀਮਾਰ ਕਰ ਦਿੰਦੇ ਹਨ। ਇਹਨਾ ਤੋਂ ਨਿਜਾਤ ਪਾਉਣ ਲਈ ਸਾਡੀ ਰੱਖਿਆ ਕਰਨ ਵਾਲੇ ਜੀਵਾਣੂਆਂ ਨੂੰ ਇਹਨਾਂ ਖਤਰਨਾਕ ਜੀਵਾਣੂਆਂ ਨੂੰ ਸਮਝਣਾ ਪਵੇਗਾ। ਪਰ ਉਹ ਕਿਵੇ ਸੰਭਵ ਹੋਵੇਗਾ ? ਲੂਈ ਪਾਸਚਰ ਇਸ ਗੱਲ ਨੂੰ ਲੈਕੇ ਕਾਫੀ ਚਿੰਤਤ ਸੀ ਤੇ ਲਗਾਤਾਰ ਇਸਦਾ ਹੱਲ ਲੱਭ ਰਿਹਾ ਸੀ।

ਅਚਾਨਕ ਇੱਕ ਦਿਨ ਲ਼ੂਈ ਪਾਸਚਰ ਦਾ ਇਕ ਦੋਸਤ ਆਇਆ ਤੇ ਕਹਿਣ ਲੱਗਾ ਕਿ ਉਸਦੀਆਂ ਮੁਰਗੀਆਂ ਲਗਾਤਾਰ ਇੱਕ ਹੈਜੇ ਦੀ ਤਰ੍ਹਾਂ ਦੀ ਬਿਮਾਰੀ ਨਾਲ ਮਰ ਰਹੀਆਂ ਹਨ। ਲੂਈ ਨੇ ਇੱਕ ਮਰ ਚੁੱਕੀ ਮੁਰਗੀ ਦੇ ਖੂਨ ਵਿੱਚ ਦੇਖਿਆ ਕਿ ਖਤਰਨਾਕ ਬੈਕਟੀਰੀਆ ਅਜੇ ਵੀ ਘੁੰਮ ਰਹੇ ਹਨ। ਉਸ ਨੇ ਬਿਮਾਰੀ ਵਾਲੇ ਬੈਕਟੀਰੀਆ ਨੂੰ ਕੱਢ ਕੇ ਇੱਕ ਖਾਸ ਤਰਲ ਵਿੱਚ ਪਾਕੇ ਉਹਨਾਂ ਨੂੰ ਕਮਜੋਰ ਕਰ ਕੇ ਇਕ ਸਿਹਤਮੰਦ ਮੁਰਗੀ ਦੇ ਟੀਕੇ ਦੇ ਰੂਪ ਵਿੱਚ ਲਾ ਦਿੱਤਾ । ਨਤੀਜਾ ਹੈਰਾਨ ਕਰ ਦੇਣ ਵਾਲਾ ਸੀ। ਉਹ ਮੁਰਗੀ ਨੂੰ ਹੁਣ ਕਦੇ ਵੀ ਕੋਈ ਬਿਮਾਰੀ ਨਹੀ ਹੋਈ ਤੇ ਉਸਨੇ ਇਸ ਤਰਾਂ ਲੂਈ ਪਾਸਚਰ ਨੇ ਲੱਖਾਂ ਮੁਰਗੀਆਂ, ਭੇਡਾਂ ਗਾਵਾਂ ਤੇ ਹੋਰ ਜਾਨਵਰਾਂ ਨੂੰ ਬਿਮਾਰੀਆਂ ਤੋਂ ਬਚਾਇਆ । ਇਸੇ ਤਕਨੀਕ ਨੂੰ ਅਪਨਾ ਕੇ ਲੂਈ ਨੇ ਪਾਗਲ ਕੁੱਤੇ ਦੇ ਖੂਨ ਵਿੱਚੋਂ ਹਲਕਾਅ ਵਾਲੇ ਬੈਕਟੀਰੀਆ (ਰੇਬੀਜ਼) ਪ੍ਰਾਪਤ ਕੀਤੇ ਤੇ ਉਹਨਾਂ ਨੂੰ ਇਨਅੈਕਟਿਵ ਜਾਂ ਕਮਜ਼ੋਰ ਕਰਕੇ ਦੁਬਾਰਾ ਪਾਗਲ ਕੁੱਤੇ ਦੇ ਉਹ ਟੀਕੇ ਦੇ ਰੂਪ ਵਿੱਚ ਲਾਏ ਤਾਂ ਹੌਲੀ ਹੌਲੀ ਪਾਗਲ ਕੁੱਤਾ ਵੀ ਠੀਕ ਹੋ ਗਿਆ। ਇਸ ਤਰਾਂ ਉਸ ਨੇ ਸਰੀਰ ਦੀ ਰੱਖਿਆ ਕਰਨ ਵਾਲੇ ਜੀਵਾਣੂਆਂ ਦੀ ਜਾਣ ਪਛਾਣ ਖਤਰਨਾਕ ਜੀਵਾਣੂਆਂ ਨੂੰ ਕਮਜ਼ੋਰ ਕਰਕੇ ਟੀਕੇ ਦੇ ਰੂਪ ਸਰੀਰ ਵਿੱਚ ਦਾਖਲ ਕਰਾ ਕੇ ਕਰਾਈ ਤੇ ਰੱਖਿਆ ਕਰਨੇ ਵਾਲੇ ਜੀਵਾਣੂਆਂ ਨੇ ਲਗਦੇ ਹੱਥ ਸਰੀਰ ਵਿੱਚ ਅੈਕਟਿਵ ਬਿਮਾਰੀ ਦੇ ਜੀਵਾਣੂਆਂ ਨੂੰ ਪਛਾਣ ਕੇ ਖਤਮ ਕਰ ਦਿੱਤਾ। ਬਿਲਕੁਲ ਇੱਕ ਆਮ ਮਨੁੱਖੀ ਜੰਗ ਜਾਂ ਲੜਾਈ ਦੀ ਤਰ੍ਹਾਂ ਹੀ ਸਾਡੇ ਸਰੀਰ ਵਿੱਚ ਜੀਵਾਣੂ ਕੰਮ ਕਰਦੇ ਹਨ।

ਇੱਕ ਦਿਨ ਇੱਕ ਔਰਤ ਰੋਂਦੀ ਹੋਈ ਲੂਈ ਪਾਸਚਰ ਕੋਲ ਆਪਣੇ 9 ਸਾਲ ਦੇ ਬੱਚੇ ਜੋਸਫ ਨੂੰ ਲੈਕੇ ਆਈ ਤੇ ਕਹਿਣ ਲੱਗੀ ਕੇ ਇਸਨੂੰ ਇੱਕ ਹਲਕੇ ਹੋਏ ਕੁੱਤੇ ਨੇ ਦੋ ਦਿਨ ਪਹਿਲਾਂ ਕੱਟ ਲਿਆ ਹੈ ਤੇ ਬੱਚਾ ਤੜਪ ਰਿਹਾ ਹੈ। ਉਹ ਔਰਤ ਲੂਈ ਦੀਆਂ ਮਿੰਨਤਾਂ ਕਰ ਰਹੀ ਸੀ ਕਿ ਉਸ ਦੇ ਬੱਚੇ ਨੂੰ ਸਿਰਫ ਲੂਈ ਪਾਸਚਰ ਹੀ ਬਚਾ ਸਕਦਾ ਹੈ। ਲੂਈ ਬਹੁਤ ਦੁਵਿਧਾ ਵਿੱਚ ਸੀ ਕਿਉਂਕਿ ਉਸ ਨੇ ਅਜੇ ਤੱਕ ਕਿਸੇ ਵੀ ਮਨੁੱਖ ਤੇ ਆਪਣੇ ਬਣਾਏ ਹਲਕਾਅ ਵਿਰੋਧੀ (ਐਂਟੀ ਰੇਬੀਜ਼) ਟੀਕੇ ਦਾ ਪ੍ਰਯੋਗ ਨਹੀਂ ਕੀਤਾ ਸੀ। ਕੀ ਪਤਾ ਮਨੁੱਖੀ ਸਰੀਰ ਤੇ ਇਸਦਾ ਕੀ ਪ੍ਰਭਾਵ ਪਵੇਗਾ ? ਬੱਚੇ ਦੀ ਜਾਨ ਵੀ ਜਾ ਸਕਦੀ ਸੀ ਤੇ ਲੋਕਾਂ ਨੇ ਉਸ ਨੂੰ ਕਦੇ ਮਾਅਫ ਨਹੀਂ ਕਰਨਾ ਸੀ। ਪਰ ਇਹ ਸੋਚ ਕੇ ਵੀ ਬੱਚੇ ਨੇ ਵੈਸੇ ਵੀ ਕੁਝ ਸਮੇਂ ਵਿੱਚ ਮਰ ਹੀ ਜਾਣਾ ਹੈ ਤਾਂ ਉਸਨੇ ਉਹ ਹਲਕੇ ਕੁੱਤੇ ਲਈ ਬਣਾਈ ਦਵਾਈ ਦਾ ਹਲਕਾਅ ਵਿਰੋਧੀ (ਐਂਟੀ ਰੇਬੀਜ਼) ਟੀਕਾ ਬੱਚੇ ਦੇ ਲਾ ਦਿੱਤਾ ਪਰ ਖੁਰਾਕ ਘੱਟ ਰੱਖੀ ਤੇ ਫਿਰ ਲਗਾਤਾਰ 14 ਦਿਨਾਂ ਤੱਕ ਥੋੜ੍ਹੀ ਥੋੜ੍ਹੀ ਖੁਰਾਕ ਦੀ ਮਾਤਰਾ ਵਧਾ ਕੇ ਰੋਜ਼ ਬੱਚੇ ਦੇ ਉਸਨੇ ਟੀਕਾ ਲਾਇਆ ਤਾ ਬੱਚਾ ਬਿਲਕੁਲ ਠੀਕ ਹੋ ਗਿਆ। ਲੂਈ ਪਾਸਚਰ ਇਸ ਖਤਰਨਾਕ ਵਾਇਰਸ ਦਾ ਹੱਲ ਲੱਭ ਚੁੱਕਾ ਸੀ ਉਸਦਾ ਬਣਾਇਆ ਟੀਕਾ ਮਨੁੱਖੀ ਸਰੀਰ ਤੇ ਕੰਮ ਕਰ ਗਿਆ । ਇਸ ਤੋਂ ਬਾਅਦ ਕੀ ਖਤਰਨਾਕ ਬਿਮਾਰੀਆਂ ਅਤੇ ਜ਼ਹਿਰੀਲੇ ਜਾਨਵਰਾਂ ਨਾਲ ਕੱਟਣ ਕਰਕੇ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਿਆ।

ਫਰਾਂਸੀਸੀ ਸਰਕਾਰ ਤੇ ਦੁਨੀਆਂ ਵਲੋਂ ਉਸ ਨੂੰ ਇਸ ਖੋਜ ਕਰਕੇ ਬਹੁਤ ਸਨਮਾਨ ਮਿਲਿਆ। ਉਸਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਦੇ ਭਲੇ ਲਈ ਬਿਮਾਰੀਆਂ ਦੇ ਹੱਲ ਲੱਭਣ ਵਿੱਚ ਲਾ ਦਿਤੀ ਜਿਸ ਦੌਰਾਨ ਉਸ ਦੀਆਂ ਦੋ ਬੇਟੀਆਂ ਤੇ ਪਤਨੀ ਦੀ ਮੌਤ ਹੋ ਚੁੱਕੀ ਸੀ ਕਿਉਂਕਿ ਲੂਈ ਆਪਣੇ ਕੰਮ ਵਿੱਚ ਇੰਨਾ ਬਿਵਸਥ ਸੀ ਕਿ ਆਪਣੇ ਪਰਿਵਾਰ ਵੱਲ ਧਿਆਨ ਹੀ ਨਹੀ ਦੇ ਸਕਿਆ ਜੋ ਕਿ ਇੱਕ ਬਹੁਤ ਵੱਡੀ ਕੁਰਬਾਨੀ ਹੈ। ਲੂਈ ਪਾਸਚਰ ਦੇ ਖੋਜ ਕੀਤੇ ਇਸ ਸਿਧਾਂਤ ਨਾਲ ਉਸ ਤੋਂ ਪਿਛੋਂ ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਦਾ ਇਲਾਜ਼ ਸੰਭਵ ਹੋਇਆ ਹੈ। ਪਰ ਅੱਜ ਕੱਲ ਬਹੁਤੇ ਲੋਕ ਮਨੁੱਖਤਾ ਦੀ ਭਲਾਈ ਦਾ ਸਿਹਰਾ ਡੇਰੇ ਦੇ ਸਾਧੂ ਸੰਤਾਂ ਦੇ ਸਿਰ ਹੀ ਬੰਨਦੇ ਹਨ ਤੇ ਉਹਨਾਂ ਨੂੰ ਅਜਿਹੇ ਮਹਾਨ ਵਿਗਿਆਨੀ ਡਾਕਟਰਾਂ ਦਾ ਨਾਮ ਵੀ ਨਹੀ ਪਤਾ ਜਿਸਨੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਸਾਰਾ ਜੀਵਨ ਲਾ ਦਿੱਤਾ।

ਜੇ ਜਾਣਕਾਰੀ ਚੰਗੀ ਲੱਗੇ ਤਾਂ ਅੱਗੇ ਜਰੂਰ ਸ਼ੇਅਰ ਕਰੋ ।  -(ਸਮਾਜ ਵੀਕਲੀ)

Previous articleਬਰਤਾਨੀਆ ਚ ਕੋਵਿਡ-19 ਕਾਰਨ ਭਾਰਤੀ ਮੂਲ ਦੇ ਇੱਕ ਹੋਰ ਡਾਕਟਰ ਦੀ ਮੌਤ 
Next articlePujara gives you an idea how much you are drifting: Shami