ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਮੁਕਾਬਲੇ ਵਾਲੀ ਥਾਂ ’ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਆਮ ਲੋਕਾਂ ਉਪਰ ਸੁਰੱਖਿਆ ਬਲਾਂ ਵੱਲੋਂ ਚਲਾਈ ਗੋਲੀ ਨਾਲ ਸੱਤ ਵਿਅਕਤੀ ਹਲਾਕ ਹੋ ਗਏ ਜਦਕਿ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਮਾਰੇ ਗਏ ਅਤੇ ਫ਼ੌਜ ਦਾ ਜਵਾਨ ਸ਼ਹੀਦ ਹੋ ਗਿਆ। ਮਾਰੇ ਗਏ ਦਹਿਸ਼ਤਗਰਦਾਂ ’ਚ ਫ਼ੌਜ ਦਾ ਭਗੌੜਾ ਜ਼ਹੂਰ ਅਹਿਮਦ ਠੋਕਰ ਵੀ ਸ਼ਾਮਲ ਹੈ। ਅਪੁਸ਼ਟ ਰਿਪੋਰਟਾਂ ਮੁਤਾਬਕ ਅੱਠ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਦਹਿਸ਼ਤਗਰਦਾਂ ਦੇ ਸਿਰਨੂ ਪਿੰਡ ’ਚ ਛਿਪੇ ਹੋਣ ਦੀਆਂ ਖ਼ੁਫ਼ੀਆ ਰਿਪੋਰਟਾਂ ਮਿਲਣ ਮਗਰੋਂ ਸੁਰੱਖਿਆ ਬਲਾਂ ਨੇ ਉਥੇ ਘੇਰਾ ਪਾਇਆ ਸੀ। ਵਾਦੀ ’ਚ ਤਣਾਅ ਨੂੰ ਦੇਖਦਿਆਂ ਅਧਿਕਾਰੀਆਂ ਨੇ ਸ੍ਰੀਨਗਰ ਸਮੇਤ ਕਸ਼ਮੀਰ ’ਚ ਜ਼ਿਆਦਾਤਰ ਥਾਵਾਂ ’ਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਦੌਰਾਨ ਫੌਜ ਨੇ ਨਾਗਰਿਕਾਂ ਦੇ ਮਾਰੇ ਜਾਣ ’ਤੇ ਅਫਸੋਸ ਪ੍ਰਗਟਾਇਆ ਹੈ। ਸਥਾਨਕ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਜ਼ਹੂਰ ਠੋਕਰ ਅਤੇ ਹੋਰ ਦਹਿਸ਼ਤਗਰਦ ਘਿਰ ਗਏ ਹਨ ਤਾਂ ਉਹ ਵੱਡੀ ਗਿਣਤੀ ’ਚ ਮੁਕਾਬਲੇ ਵਾਲੀ ਥਾਂ ’ਤੇ ਪਹੁੰਚ ਗਏ। ‘ਤਿੰਨ ਦਹਿਸ਼ਤਗਰਦਾਂ ਦੀ ਮੌਤ ਨਾਲ ਮੁਕਾਬਲਾ ਤਾਂ 90 ਮਿੰਟਾਂ ’ਚ ਖ਼ਤਮ ਹੋ ਗਿਆ ਸੀ ਪਰ ਸੁਰੱਖਿਆ ਬਲਾਂ ਨੂੰ ਮੁਸ਼ਕਲ ਹਾਲਾਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੋਕ ਸੈਨਾ ਦੇ ਵਾਹਨਾਂ ’ਤੇ ਚੜ੍ਹਨ ਲੱਗ ਗਏ ਸਨ।’ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਨੇ ਜਵਾਨਾਂ ਨੂੰ ਚਾਰੇ ਪਾਸਿਉਂ ਘੇਰ ਲਿਆ ਅਤੇ ਕੁਝ ਨੇ ਉਨ੍ਹਾਂ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਭੀੜ ਨੂੰ ਖਦੇੜਨ ਲਈ ਚਿਤਾਵਨੀ ਵਜੋਂ ਹਵਾ ’ਚ ਗੋਲੀਆਂ ਦਾਗ਼ੀਆਂ ਗਈਆਂ ਪਰ ਜਦੋਂ ਉਹ ਮੌਕੇ ਤੋਂ ਨਾ ਹਟੇ ਤਾਂ ਸੁਰੱਖਿਆ ਬਲਾਂ ਨੂੰ ਉਨ੍ਹਾਂ ’ਤੇ ਫਾਇਰਿੰਗ ਕਰਨੀ ਪਈ। ਗੋਲੀਬਾਰੀ ’ਚ ਸੱਤ ਆਮਨਾਗਰਿਕ ਮਾਰੇ ਗਏ ਜਦੋਂ ਕਿ ਦਰਜਨਾਂ ਜ਼ਖ਼ਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ’ਚ ਕਸ਼ਮੀਰੀ ਨੌਜਵਾਨ ਵੀ ਸ਼ਾਮਲ ਹੈ ਜੋ ਹੁਣੇ ਜਿਹੇ ਪਤਨੀ ਅਤੇ ਤਿੰਨ ਮਹੀਨਿਆਂ ਦੀ ਬੱਚੀ ਨਾਲ ਇੰਡੋਨੇਸ਼ੀਆ ਤੋਂ ਘਰ ਪਰਤਿਆ ਸੀ। ਪੁਲੀਸ ਨੇ ਦੱਸਿਆ ਕਿ ਨੌਜਵਾਨ ਪੱਥਰਾਅ ਕਰ ਰਹੀ ਭੀੜ ਦਾ ਹਿੱਸਾ ਸੀ। ਜ਼ਿਕਰਯੋਗ ਹੈ ਕਿ ਠੋਕਰ ਪਿਛਲੇ ਸਾਲ ਜੁਲਾਈ ’ਚ ਬਾਰਾਮੂਲਾ ਜ਼ਿਲ੍ਹੇ ਦੀ ਫ਼ੌਜੀ ਯੂਨਿਟ ਤੋਂ ਰਾਈਫਲ ਅਤੇ ਤਿੰਨ ਮੈਗਜ਼ੀਨਾਂ ਲੈ ਕੇ ਗਾਇਬ ਹੋ ਗਿਆ ਸੀ। ਸੁਰੱਖਿਆ ਬਲਾਂ ਨੇ ਕਿਹਾ ਕਿ ਉਹ ਦਹਿਸ਼ਤਗਰਦਾਂ ਨਾਲ ਰਲ ਗਿਆ ਸੀ। ਉਹ 44 ਰਾਸ਼ਟਰੀ ਰਾਈਫਲਜ਼ ਦੇ ਰਾਈਫਲਮੈਨ ਔਰੰਗਜ਼ੇਬ ਨੂੰ ਅਗ਼ਵਾ ਕਰਕੇ ਮਾਰਨ ਵਾਲੇ ਅਤਿਵਾਦੀਆਂ ’ਚ ਵੀ ਸ਼ਾਮਲ ਸੀ। ਮਾਰੇ ਗਏ ਦੋ ਹੋਰ ਦਹਿਸ਼ਤਗਰਦਾਂ ਦੀ ਪਛਾਣ ਬਾਰੇ ਅਜੇ ਕੁਝ ਵੀ ਨਹੀਂ ਪਤਾ ਲੱਗ ਸਕਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਦੌਰਾਨ ਸੈਨਾ ਦਾ ਜਵਾਨ ਸ਼ਹੀਦ ਹੋ ਗਿਆ ਜਦਕਿ ਦੋ ਹੋਰ ਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹਤਿਆਤ ਵਜੋਂ ਦੱਖਣੀ ਕਸ਼ਮੀਰ, ਸ੍ਰੀਨਗਰ, ਬਾਂਦੀਪੋਰਾ ਅਤੇ ਸੋਪੋਰ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਅਤੇ ਹੰਦਵਾੜਾ, ਬਡਗਾਮ ਤੇ ਗੰਦਰਬਲ ’ਚ ਉਨ੍ਹਾਂ ਦੀ ਸਪੀਡ ਘੱਟ ਕਰ ਦਿੱਤੀ। ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਦੇ ਬਾਕੀ ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ਆਮ ਵਾਂਗ ਜਾਰੀ ਹਨ। -ਪੀਟੀਆਈ ਸਿਆਸੀ ਪਾਰਟੀਆਂ ਵੱਲੋਂ ਨਿਖੇਧੀ: ਸ੍ਰੀਨਗਰ: ਪੁਲਵਾਮਾ ਜ਼ਿਲ੍ਹੇ ’ਚ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸੱਤ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਸਿਆਸੀ ਪਾਰਟੀਆਂ ਨੇ ਨਿਖੇਧੀ ਕਰਦਿਆਂ ਘਟਨਾ ਨੂੰ ‘ਕਤਲੇਆਮ’ ਕਰਾਰ ਦਿੱਤਾ ਹੈ। ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਰਾਜਪਾਲ ਸਤਪਾਲ ਮਲਿਕ ਦੀ ਅਗਵਾਈ ਹੇਠ ਪ੍ਰਸ਼ਾਸਨ ਜੰਮੂ ਕਸ਼ਮੀਰ ਦੇ ਲੋਕਾਂ ਦੀ ਸੁਰੱਖਿਆ ਲਈ ਕੁਝ ਨਹੀਂ ਕਰ ਰਿਹਾ ਹੈ। ਟਵਿੱਟਰ ’ਤੇ ਉਨ੍ਹਾਂ ਕਿਹਾ ਕਿ ਸੈਨਾ ਦੀ ਵਧੀਕੀ ‘ਕਤਲੇਆਮ’ ਤੋਂ ਘੱਟ ਨਹੀਂ। ਪੀਡੀਪੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕੋਈ ਮੁਲਕ ਆਪਣੇ ਲੋਕਾਂ ਨੂੰ ਮਾਰ ਕੇ ਜੰਗ ਨਹੀਂ ਜਿੱਤ ਸਕਦਾ ਹੈ। ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜੀ ਏ ਮੀਰ ਨੇ ਕਤਲੇਆਮ ਬੰਦ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ ਨੂੰ ਸਹੀ ਢੰਗ ਨਾਲ ਅਪਣਾਇਆ ਜਾਂਦਾ ਤਾਂ ਪੁਲਵਾਮਾ ’ਚ ਹੱਤਿਆਵਾਂ ਨੂੰ ਰੋਕਿਆ ਜਾ ਸਕਦਾ ਸੀ। ਸਾਬਕਾ ਮੰਤਰੀ ਸੱਜਾਦ ਲੋਨ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਅਪਰੇਸ਼ਨਾਂ ਦੇ ਖ਼ਮਿਆਜੇ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਜੇਕਰ ਆਮ ਨਾਗਰਿਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੋਵੇ ਤਾਂ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਨੂੰ ਤੁਰੰਤ ਰੋਕ ਦੇਣਾ ਚਾਹੀਦਾ ਹੈ। ਸੀਪੀਐਮ ਆਗੂ ਅਤੇ ਸਾਬਕਾ ਵਿਧਾਇਕ ਐਮ ਵਾਈ ਤਾਰੀਗਾਮੀ ਨੇ ਕਿਹਾ ਕਿ ਭਾਜਪਾ ਕਸ਼ਮੀਰ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ।
HOME ਪੁਲਵਾਮਾ ਮੁਕਾਬਲੇ ’ਚ 7 ਨਾਗਰਿਕਾਂ ਸਮੇਤ 11 ਹਲਾਕ