ਜੰਮੂ (ਸਮਾਜ ਵੀਕਲੀ) : ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਵਿੱਚ ਕੰਟਰੋਲ ਰੇਖਾ ਨੇੜੇ ਪਾਕਿਸਤਾਨ ਵਲੋਂ ਵੱਖ-ਵੱਖ ਪਿੰਡਾਂ ਵਿੱਚ ਗੋਲੀਬੰਦੀ ਦੀ ਊਲੰਘਣਾ ਦੌਰਾਨ ਦਾਗੇ ਗਏ 120-ਐੱਮਐੱਮ ਦੇ ਪੰਜ ਮੋਰਟਾਰ, ਜੋ ਚੱਲੇ ਨਹੀਂ ਸਨ, ਅੱਜ ਭਾਰਤੀ ਫੌਜ ਨੇ ਨਕਾਰਾ ਕੀਤੇ।
ਅਧਿਕਾਰੀਆਂ ਅਨੁਸਾਰ ਇਹ ਮੋਰਟਾਰ ਬਲਨੋਈ ਸੈਕਟਰ ਦੇ ਵੱਖ-ਵੱਖ ਪਿੰਡਾਂ ਦੇ ਰਿਹਾਇਸ਼ੀ ਖੇਤਰਾਂ ਨੇੜਿਓਂ ਬਰਾਮਦ ਹੋਏ। ਪਿੰਡ ਵਾਸੀਆਂ ਵਲੋਂ ਜਾਣਕਾਰੀ ਦਿੱਤੇ ਜਾਣ ਮਗਰੋਂ ਇਨ੍ਹਾਂ ਨੂੰ ਬੰਬ ਨਕਾਰਾ ਕਰਨ ਵਾਲੀ ਸਕੁਐਡ ਨੇ ਮੌਕੇ ਤੋਂ ਹਟਾਇਆ। ਬਾਅਦ ਵਿੱਚ ਜੰਗਲੀ ਖੇਤਰ ਵਿੱਚ ਇਹ ਮੋਰਟਾਰ ਨਕਾਰਾ ਕੀਤੇ ਗਏ। ਇਸੇ ਦੌਰਾਨ ਪਾਕਿਸਤਾਨ ਰੇਂਜਰਜ਼ ਨੇ ਰਾਤ ਵੇਲੇ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਠੂਆ ਵਿੱਚ ਸਰਹੱਦ ਨੇੜੇ ਮੂਹਰਲੀਆਂ ਚੌਕੀਆਂ ਅਤੇ ਪਿੰਡਾਂ ਵਿੱਚ ਗੋਲਾਬਾਰੀ ਕੀਤੀ।
ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਰਾਤ ਕਰੀਬ 9.15 ਵਜੇ ਪਾਨਸਰ-ਮਨਿਯਾਰੀ ਖੇਤਰ ਵਿੱਚ ਗੋਲਾਬਾਰੀ ਸ਼ੁਰੂ ਹੋਈ ਅਤੇ ਰਾਤ ਭਰ ਜਾਰੀ ਰਹੀ। ਵਸਨੀਕਾਂ ਨੂੰ ਮਜਬੂਰਨ ਜ਼ਮੀਨਦੋਜ਼ ਬੰਕਰਾਂ ਵਿੱਚ ਲੁਕਣਾ ਪਿਆ। ਬੀਐੱਸਐੱਫ ਜਵਾਨਾਂ ਨੇ ਇਸ ਗੋਲਾਬਾਰੀ ਦਾ ਕਰਾਰਾ ਜਵਾਬ ਦਿੱਤਾ। ਭਾਰਤ ਵਾਲੇ ਪਾਸੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪਿੰਡ ਮਨਿਯਾਰੀ ਦੇ ਇੱਕ ਵਸਨੀਕ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਨਾਈ ਦੀ ਦੁਕਾਨ ਨੁਕਸਾਨੀ ਗਈ।