ਵਿਸ਼ਵ ਚੈਂਪੀਅਨ ਬਣ ਕੇ ਪਰਤੀ ਪੀਵੀ ਸਿੰਧੂ ਦਾ ਅੱਜ ਇੱਥੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ। ਓਲੰਪਿਕ 2016 ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਸਵਿੱਟਜ਼ਰਲੈਂਡ ਦੇ ਬਾਸੇਲ ਵਿੱਚ ਹੋਏ ਫਾਈਨਲ ਵਿੱਚ 21-7, 21-7 ਨਾਲ ਹਰਾਇਆ। ਉਹ ਸੋਮਵਾਰ ਰਾਤ ਨੂੰ ਕੌਮੀ ਕੋਚ ਪੁਲੇਲਾ ਗੋਪੀਚੰਦ ਨਾਲ ਭਾਰਤ ਪਰਤੀ ਅਤੇ ਹਵਾਈ ਅੱਡੇ ’ਤੇ ਭੀੜ ਨੇ ਉਸ ਨੂੰ ਘੇਰ ਲਿਆ।
ਹਵਾਈ ਅੱਡੇ ਤੋਂ ਬਾਹਰ ਆਉਂਦਿਆਂ ਹੀ ਮੀਡੀਆ ਨੇ ਉਸ ’ਤੇ ਸਵਾਲਾਂ ਦੀ ਝੜੀ ਲਾ ਦਿੱਤੀ। ਸਿੰਧੂ ਨੇ ਕਿਹਾ, ‘‘ਮੈਂ ਬਹੁਤ ਖੁਸ਼ ਹਾਂ, ਮੈਨੂੰ ਆਪਣੇ ਦੇਸ਼ ’ਤੇ ਮਾਣ ਹੈ। ਇਸ ਜਿੱਤ ਦੀ ਕਾਫ਼ੀ ਸਮੇਂ ਤੋਂ ਉਡੀਕ ਸੀ।’’ ਇਸ ਤੋਂ ਕੁੱਝ ਦੇਰ ਮਗਰੋਂ ਸਿੱਧੂ ਨੇ ਖੇਡ ਮੰਤਰੀ ਕਿਰਨ ਰਿਜਿਜੂ ਨਾਲ ਨਾਸ਼ਤਾ ਕੀਤਾ ਅਤੇ ਮਗਰੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਆਪਣੇ ਨਿੱਜੀ ਟਵਿੱਟਰ ਪੇਜ ’ਤੇ ਤਸਵੀਰਾਂ ਸਾਂਝੀ ਕਰਦਿਆਂ ਸਿੰਧੂ ਨੂੰ ‘ਭਾਰਤ ਦਾ ਮਾਣ’ ਦੱਸਿਆ। ਦੂਜੇ ਪਾਸੇ ਰਿਜਿਜੂ ਨੇ ਉਸ ਨੂੰ ਦਸ ਲੱਖ ਰੁਪਏ ਨਕਦ ਪੁਰਸਕਾਰ ਦਿੱਤਾ। ਹੈਦਰਾਬਾਦ ਦੀ ਇਹ ਖਿਡਾਰਨ ਦੁਪਹਿਰ ਸਮੇਂ ਆਪਣੇ ਸ਼ਹਿਰ ਰਵਾਨਾ ਹੋ ਗਈ।
Sports ਪੀਵੀ ਸਿੰਧੂ ਦਾ ਭਰਵਾਂ ਸਵਾਗਤ