ਧੁੱਲੇਵਾਲ ਧੁੱਸੀ ਬੰਨ੍ਹ ਨੂੰ ਢਾਹ ਲਗਾਉਣ ਲੱਗਾ ਸਤਲੁਜ

ਭਾਖੜਾ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਰਿਆ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ। ਪ੍ਰਸ਼ਾਸਨ ਵੱਲੋਂ ਮਾਛੀਵਾੜਾ ਨੇੜੇ ਪੈਂਦੇ ਦੋ ਨਾਜ਼ੁਕ ਸਥਾਨ ਧੁੱਲੇਵਾਲ ਤੇ ਸੈਸੋਂਵਾਲ ਵਿਚ ਧੁੱਸੀ ਬੰਨ੍ਹ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਸੀ ਅਤੇ ਇਸ ਨੂੰ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਸੀ। ਸਤਲੁਜ ਦਰਿਆ ਵਿਚ ਵਧਦੇ ਪਾਣੀ ਨੇ ਤਾਂ ਬੰਨ੍ਹ ਨੂੰ ਕੋਈ ਢਾਹ ਨਾ ਲਗਾਈ ਪਰ ਹੁਣ ਘਟਦਾ ਪਾਣੀ ਧੁੱਲੇਵਾਲ ਵਿਚ ਧੁੱਸੀ ਬੰਨ੍ਹ ਨੂੰ ਅੱਜ ਸਵੇਰ ਤੋਂ ਢਾਹ ਲਗਾਉਣ ਲੱਗ ਪਿਆ। ਇਸ ਕਾਰਨ ਪ੍ਰਸ਼ਾਸਨ ਵੱਲੋਂ ਚੌਕਸ ਹੋ ਕੇ ਬਚਾਅ ਕਾਰਜਾਂ ਵਿਚ ਤੇਜ਼ੀ ਲਿਆ ਦਿੱਤੀ ਗਈ। ਧੁੱਲੇਵਾਲ ਵਿਚ ਕਰੀਬ 50 ਫੁੱਟ ਲੰਬੇ ਧੁੱਸੀ ਬੰਨ੍ਹ ਨੂੰ ਪਾਣੀ ਨੇ ਢਾਹ ਲਗਾਉਣੀ ਸ਼ੁਰੂ ਕਰ ਦਿੱਤੀ। ਐਸ.ਡੀ.ਐਮ. ਸਮਰਾਲਾ ਗੀਤਿਕਾ ਸਿੰਘ ਮੌਕੇ ’ਤੇ ਪੁੱਜੇ ਅਤੇ ਆਪਣੀ ਨਿਗਰਾਨੀ ’ਚ ਬਚਾਅ ਕਾਰਜ ਸ਼ੁਰੂ ਕਰਵਾਏ। ਪ੍ਰਸ਼ਾਸਨ ਵਲੋਂ ਆਪਣੇ ਤੌਰ ’ਤੇ ਮਜ਼ਦੂਰ ਲਗਾ ਕੇ ਅਤੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਜਿੱਥੇ ਪਾਣੀ ਢਾਹ ਲਗਾ ਰਿਹਾ ਸੀ ਉਥੇ ਦਰੱਖਤ ਕੱਟ ਕੇ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਨਾਲ ਮਿੱਟੀ ਦੀਆਂ ਬੋਰੀਆਂ ਲਗਾਈਆਂ ਜਾ ਰਹੀਆਂ ਹਨ। ਐੱਸ.ਡੀ.ਐੱਮ ਗੀਤਿਕਾ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਸਥਿਤੀ ਕੰਟਰੋਲ ਹੇਠ ਹੈ, ਧੁੱਸੀ ਬੰਨ੍ਹ ਨੂੰ ਪਾੜ ਨਾ ਪਵੇ ਉਸ ਨੂੰ ਬਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ 100 ਤੋਂ ਵੱਧ ਮਜ਼ਦੂਰ ਲਗਾਏ ਗਏ ਹਨ ਜੋ ਦਿਨ-ਰਾਤ ਕੰਮ ਕਰਨਗੇ। ਇਸ ਮੌਕੇ ਨਾਇਬ ਤਹਿਸੀਲਦਾਰ ਵਿਜੈ ਕੁਮਾਰ, ਸਬ-ਇੰਸਪੈਕਟਰ ਸੰਤੋਖ ਸਿੰਘ ਵੀ ਮੌਜੂਦ ਸਨ।

Previous articleਪਿੰਡਾਂ ’ਚ ਪਾਣੀ ਘਟਿਆ; ਹੁਣ ਗੱਡੀਆਂ ਰਾਹੀਂ ਪੁੱਜੇਗੀ ਰਾਹਤ
Next articleਪੀਵੀ ਸਿੰਧੂ ਦਾ ਭਰਵਾਂ ਸਵਾਗਤ