ਪੀਆਰਟੀਸੀ ਦੀ ਤੇਜ਼ ਰਫ਼ਤਾਰ ਬੱਸ ਪਲਟੀ

ਸਮਾਣਾ ਪਟਿਆਲਾ ਰੋਡ ’ਤੇ ਪਿੰਡ ਨੱਸੂਪੁਰ ਨੇੜੇ ਪੀਆਰਟੀਸੀ ਦੀ ਤੇਜ਼ ਰਫ਼ਤਾਰ ਬੱਸ ਪਹਿਲਾਂ ਦਰੱਖ਼ਤ ਨਾਲ ਟਕਰਾ ਗਈ ਤੇ ਫ਼ਿਰ ਨੇੜਲੇ ਖੇਤਾਂ ਵਿਚ ਪਲਟ ਗਈ। ਇਸ ਕਾਰਨ ਡੇਢ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ। ਉਨ੍ਹਾਂ ਨੂੰ ਸਮਾਣਾ ਦੇ ਸਿਵਲ ਹਸਪਤਾਲ ਦੇ ਨਾਲ-ਨਾਲ ਕੁੱਝ ਨਿੱਜੀ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਬੱਸ ਦਾ ਡਰਾਈਵਰ ਅਤੇ ਕੰਡਕਟਰ ਹਾਦਸੇ ਮਗਰੋਂ ਫਰਾਰ ਹੋ ਗਏ।
ਸਵਾਰੀਆਂ ਨੇ ਦੱਸਿਆ ਕਿ ਪੀਆਰਟੀਸੀ ਦੀ ਬੱਸ ਸਵੇਰੇ ਕਰੀਬ 11 ਵਜੇ ਸਮਾਣਾ ਤੋਂ ਪਟਿਆਲਾ ਲਈ ਚੱਲੀ। ਡਰਾਈਵਰ ਬੱਸ ਨੂੰ ਤੇਜ਼ ਗਤੀ ਨਾਲ ਚਲਾ ਰਿਹਾ ਸੀ। ਪਿੰਡ ਨੱਸੂਪੁਰ ਨੇੜੇ ਉਹ ਬੱਸ ਤੋਂ ਆਪਣਾ ਨਿਰੰਤਰਣ ਗੁਆ ਬੈਠਾ ਤੇ ਬੱਸ ਸੜਕ ਕਿਨਾਰੇ ਖੜ੍ਹੇ ਦਰੱਖ਼ਤ ਵਿਚ ਵੱਜਣ ਤੋਂ ਬਾਅਦ ਨੇੜਲੇ ਖੇਤਾਂ ਵਿਚ ਪਲਟ ਗਈ। ਬੱਸ ਵਿਚ ਕਰੀਬ 30 ਸਵਾਰੀਆਂ ਸਨ ਜਿਨ੍ਹਾਂ ਵਿੱਚੋਂ ਡੇਢ ਦਰਜਨ ਦੇ ਕਰੀਬ ਜ਼ਖ਼ਮੀ ਹੋ ਗਈਆਂ।
ਸਦਰ ਥਾਣਾ ਮੁਖੀ ਰਣਬੀਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਜ਼ਖਮੀਆਂ ਨੂੰ ਬੱਸ ਵਿਚੋਂ ਕੱਢਿਆ ਤੇ ਹਸਪਤਾਲ ਪਹੁੰਚਾਇਆ। ਜਖ਼ਮੀਆਂ ਵਿਚ ਵੰਕਿਸ਼ਾ (12) ਪੁੱਤਰੀ ਰਾਜੀਵ ਕੁਮਾਰ ਅਤੇ ਉਸ ਦੀ ਮਾਂ ਈਸ਼ਾ ਅਨੇਜਾ ਵਾਸੀ ਇੰਦਰਾਪੁਰੀ ਸਮਾਣਾ, ਜੋਗਿੰਦਰੋਂ ਦੇਵੀ ਪਤਨੀ ਗਿਆਨ ਚੰਦ ਵਾਸੀ ਮਲਕਾਣਾ ,ਅਜੈ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਵਾਸੀ ਮਲਕਾਣਾ, ਰਾਜੀਵ ਕੁਮਾਰ ਪੁੱਤਰ ਹਰੀ ਚੰਦ ਵਾਸੀ ਮੱਛੀ ਹੱਟਾ, ਸਿੰਮੀ ਪਤਨੀ ਸੰਦੀਪ ਕੁਮਾਰ, ਉਸ ਦਾ ਪੁੱਤਰ ਜੈਤਿਕ ਵਾਸੀ ਗੜ੍ਹ ਮੁਹੱਲਾ ਸਮਾਣਾ ਅਤੇ ਉਸ ਦੀ ਮਾਤਾ ਕਵਿਤਾ ਗੋਇਲ ਪਤਨੀ ਸੁਨੀਲ ਗੋਇਲ, ਲਾਡੀ ਪੁੱਤਰ ਬਲਵੀਰ ਸਿੰਘ, ਸੁਖਵਿੰਦਰ ਸਿੰਘ ਵਾਸੀ ਕੁਤਬਨਪੁਰ ਸ਼ਾਮਲ ਹਨ। ਏਐਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Previous articleਸੁੱਚਾ ਸਿੰਘ ਲੰਗਾਹ ਨੂੰ ਮੁਆਫੀ ਨਾ ਦੇਣ ਦੀ ਮੰਗ
Next articleਗੁਟਕਿਆਂ ਨਾਲ ਛੇੜਛਾੜ: ਨਾਮਧਾਰੀ ਸੰਪਰਦਾ ਖ਼ਿਲਾਫ਼ ਕਾਰਵਾਈ ਮੰਗੀ