ਸੁੱਚਾ ਸਿੰਘ ਲੰਗਾਹ ਨੂੰ ਮੁਆਫੀ ਨਾ ਦੇਣ ਦੀ ਮੰਗ

ਅੰਮ੍ਰਿਤਸਰ- ਪੰਥ ਵਿਚੋਂ ਛੇਕੇ ਹੋਏ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਵਲੋਂ ਪੰਥ ਵਾਪਸੀ ਲਈ ਅਕਾਲ ਤਖਤ ’ਤੇ ਖਿਮਾ ਯਾਚਨਾ ਪੱਤਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਹੀ ਅੱਜ ਉਸ ਨੂੰ ਮੁਆਫੀ ਨਾ ਦੇਣ ਦੇ ਸਬੰਧ ਵਿਚ ਮੰਗ ਪੱਤਰ ਦਿੱਤਾ ਗਿਆ ਹੈ।
ਇਹ ਮੰਗ ਪੱਤਰ ਲਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ ਤੇ ਉਨ੍ਹਾਂ ਦੇ ਹੋਰ ਸਾਥੀਆਂ ਵਲੋਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਰਣਜੀਤ ਸਿੰਘ ਨੂੰ ਸੌਂਪਿਆ ਗਿਆ ਹੈ। ਇਸ ਸਬੰਧ ਵਿਚ ਗੱਲ ਕਰਦਿਆਂ ਲਖਵਿੰਦਰ ਸਿੰਘ ਨੇ ਆਖਿਆ ਕਿ ਜੇ ਸ੍ਰੀ ਲੰਗਾਹ ਨੂੰ ਮੁਆਫੀ ਦਿੱਤੀ ਗਈ ਅਤੇ ਪੰਥ ਵਿਚ ਵਾਪਸੀ ਕੀਤੀ ਗਈ ਤਾਂ ਇਸ ਫੈਸਲੇ ਖਿਲਾਫ ਸੰਗਤ ਵਿਚ ਰੋਹ ਪੈਦਾ ਹੋਵੇਗਾ। ਉਨ੍ਹਾਂ ਇਸ ਮਾਮਲੇ ਵਿਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਨ ਸਬੰਧੀ ਕੀਤੇ ਫੈਸਲੇ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਸ ਸਿੱਖ ਆਗੂ ਵਲੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੁੰਦਿਆਂ ਬੱਜਰ ਕੁਰਹਿਤ ਕੀਤੀ ਗਈ ਹੈ। ਪੰਥ ਵਿਚੋਂ ਛੇਕੇ ਜਾਣ ਦੇ ਬਾਵਜੂਦ ਉਹ ਪ੍ਰੋਗਰਾਮਾਂ ਵਿਚ ਵਿਚਰਦਾ ਰਿਹਾ ਹੈ।
ਇਸੇ ਮੰਗ ਪੱਤਰ ਵਿਚ ਇੰਟਰਨੈੱਟ ਅਤੇ ਨੈਟ ਫਲਿਕਸ ’ਤੇ ਵੈਬ ਸੀਰੀਜ਼ ਫਿਲਮ ‘ਗਿਲਟੀ’ ਤੇ ਇਤਰਾਜ਼ ਕੀਤਾ ਗਿਆ ਹੈ ਜਿਸ ਵਿਚ ਇਕ ਔਰਤ ਕਿਰਦਾਰ ਦਾ ਨਾਂ ਨਾਨਕੀ ਰੱਖਿਆ ਹੋਇਆ ਹੈ ਪਰ ਇਹ ਔਰਤ ਆਪਣੇ ਕਿਰਦਾਰ ਵਿਚ ਸ਼ਰਾਬ ਪੀਂਦੀ ਹੈ ਅਤੇ ਅਨੈਤਿਕ ਕੰਮ ਕਰਦੀ ਹੈ। ਉਨ੍ਹਾਂ ਆਖਿਆ ਕਿ ਇਹ ਨਾਂ ਬੇਬੇ ਨਾਨਕੀ ਨਾਲ ਸਬੰਧਤ ਹੈ। ਇਸ ਲਈ ਵੈਬ ਸੀਰੀਜ਼ ’ਤੇ ਰੋਕ ਲਾਉਣ ਲਈ ਕੰਪਨੀ ’ਤੇ ਦਬਾਅ ਪਾਇਆ ਜਾਵੇ। ਉਨ੍ਹਾਂ ਨੇ ਇਕ ਮਾਮਲੇ ਵਿਚ ਬਾਬਾ ਸੁਖਦੇਵ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਵੀਡੀਓ ਦੇ ਮਾਮਲੇ ਵਿਚ ਉਸ ਨੂੰ ਤਲਬ ਕਰਕੇ ਤਾੜਨਾ ਕਰਨ ਦੀ ਅਪੀਲ ਕੀਤੀ ਹੈ।

Previous articleਟਰੰਪ ਨੇ ਅਮਰੀਕਾ ’ਚ ਕੌਮੀ ਐਮਰਜੈਂਸੀ ਐਲਾਨੀ
Next articleਪੀਆਰਟੀਸੀ ਦੀ ਤੇਜ਼ ਰਫ਼ਤਾਰ ਬੱਸ ਪਲਟੀ