‘ਪਿੰਡ ਬਚਾਓ, ਪੰਜਾਬ ਬਚਾਓ’ ਯਾਤਰਾ ਪਹਿਲੀ ਤੋਂ

ਅੰਮ੍ਰਿਤਸਰ (ਸਮਾਜ ਵੀਕਲੀ) : ਪੰਜਾਬ ਹਿਤੈਸ਼ੀ ਜਥੇਬੰਦੀਆਂ ਵੱਲੋਂ ‘ਪਿੰਡ ਬਚਾਓ, ਪੰਜਾਬ ਬਚਾਓ’ ਯਾਤਰਾ ਪਹਿਲੀ ਨਵੰਬਰ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਵਧੇਰੇ ਹੱਕਾਂ, ਮਾਂ-ਬੋਲੀ ਪੰਜਾਬੀ, ਵਾਤਾਵਰਨ ਦੀ ਸੰਭਾਲ ਅਤੇ ਪੰਜਾਬੀ ਸੱਭਿਆਚਾਰ ਨੂੰ ਸੁਰਜੀਤ ਕਰਨ ਲਈ ਲੋਕਾਂ ਵਿੱਚ ਅਲਖ ਜਗਾਈ ਜਾਵੇਗੀ।

ਅੱਜ ਇੱਥੇ ‘ਪਿੰਡ ਬਚਾਓ, ਪੰਜਾਬ ਬਚਾਓ’ ਜਥੇਬੰਦੀ ਦੇ ਆਗੂਆਂ, ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਡਾ. ਪਿਆਰੇ ਲਾਲ ਗਰਗ, ਡਾ ਸ਼ਾਮ ਸੁੰਦਰ ਦੀਪਤੀ, ਰਮਨਦੀਪ ਕੌਰ ਤੇ ਪ੍ਰੋ. ਮਨਜੀਤ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਪ੍ਰੋਗਰਾਮ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲੀ ਨਵੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਅਰਦਾਸ ਕਰਨ ਮਗਰੋਂ ਜੱਲ੍ਹਿਆਂਵਾਲਾ ਬਾਗ਼ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਇਹ ਕਾਫ਼ਲਾ ਰਵਾਨਾ ਹੋਵੇਗਾ। ਪਹਿਲੇ ਪੜਾਅ ਤਹਿਤ ਮਾਝੇ ਦੇ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਪਿੰਡਾਂ ’ਚ ਕਾਫ਼ਲਾ ਜਾਵੇਗਾ, ਜਿੱਥੇ ਸੱਥਾਂ ਵਿੱਚ ਬੈਠ ਕੇ ਲੋਕਾਂ ਨਾਲ ਸੰਵਾਦ ਰਚਾਇਆ ਜਾਵੇਗਾ।

ਇਸ ਕਾਫ਼ਲੇ ਰਾਹੀਂ ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਧੇਰੇ ਹੱਕ ਪ੍ਰਾਪਤੀ ਵਾਸਤੇ ਲੋਕਾਂ ਵਿੱਚ ਅਲਖ ਜਗਾਈ ਜਾਵੇਗੀ। ਇਹ ਕਾਫ਼ਲਾ ਲਗਪਗ 90 ਦਿਨ ਪੰਜਾਬ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚ ਲੋਕਾਂ ਨਾਲ ਗੱਲਬਾਤ ਕਰੇਗਾ। ਦੂਜੇ ਪੜਾਅ ’ਚ ਮਾਲਵਾ ਤੇ ਤੀਜੇ ਪੜਾਅ ’ਚ ਦੁਆਬੇ ’ਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਹਮੀਰ ਸਿੰਘ, ਖੁਸ਼ਹਾਲ ਸਿੰਘ, ਜਸਪਾਲ ਸਿੰਘ, ਕਿਰਨਜੀਤ ਕੌਰ ਝੁਨੀਰ, ਜਸਪਾਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਤੇ ਕਰਨੈਲ ਸਿੰਘ ਜਖੇਪਾਲ ਹਾਜ਼ਰ ਸਨ।

Previous articleਦਿੱਲੀ ਧਰਨੇ ’ਚ ਪਾਰਟੀ ਝੰਡੇ ਤੋਂ ਬਿਨਾਂ ਸ਼ਾਮਲ ਹੋਵਾਂਗੇ: ਭਗਵੰਤ ਮਾਨ
Next articleSivasankar gone, who’s next as ED, Customs to go in for the kill