ਦਿੱਲੀ ਧਰਨੇ ’ਚ ਪਾਰਟੀ ਝੰਡੇ ਤੋਂ ਬਿਨਾਂ ਸ਼ਾਮਲ ਹੋਵਾਂਗੇ: ਭਗਵੰਤ ਮਾਨ

ਮੋਗਾ (ਸਮਾਜ ਵੀਕਲੀ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇੱਥੇ ਸਰਕਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਉਹ 5 ਨਵੰਬਰ ਨੂੰ ਕਿਸਾਨਾਂ ਦੇ ਦਿੱਲੀ ਧਰਨੇ ਵਿੱਚ ਬਿਨਾਂ ਪਾਰਟੀ ਦੇ ਝੰਡੇ ਤੋਂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ‘ਆਪ’ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਕਿਸਾਨ ਜਿੱਥੇ ਵੀ ਬੁਲਾਉਣਗੇ, ਉਹ ਕਿਸਾਨਾਂ ਦਾ ਸਾਥ ਦੇਣਗੇ।

ਇਸ ਦੌਰਾਨ ਸੰਸਦ ਮੈਂਬਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਅਤੇ ਕਿਸਾਨਾਂ-ਮਜ਼ਦੂਰਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਖੇਤੀ ਬਿੱਲਾਂ ਦੇ ਨਾਂ ’ਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਧਾਨ ਸਭਾ ’ਚ ਪਾਸ ਕੀਤੇ ਕਾਨੂੰਨਾਂ ’ਚ ਸੱਚਮੁੱਚ ਦਮ ਹੁੰਦਾ ਤਾਂ ਸਰਕਾਰ ਇਨ੍ਹਾਂ ਬਿੱਲਾਂ ’ਚ ਨਰਮਾ ਅਤੇ ਕਪਾਹ ਸਮੇਤ ਐੱਮਐੱਸਪੀ ਦੇ ਘੇਰੇ ’ਚ ਆਉਂਦੀਆ ਫ਼ਸਲਾਂ ਨੂੰ ਸ਼ਾਮਲ ਕਰਨ ਤੋਂ ਨਾ ਭੱਜਦੀ। ਜਦੋਂ ਤੱਕ ਸੂਬਾ ਸਰਕਾਰ ਐੱਮਐੱਸਪੀ ’ਤੇ ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਵਾਲਾ ਸੂਬੇ ਦਾ ਆਪਣਾ ਕਾਨੂੰਨ ਨਹੀਂ ਲਿਆਉਂਦੀ, ਓਨਾ ਚਿਰ ਪੰਜਾਬ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਵਾਂਗ ਕੈਪਟਨ ਸਰਕਾਰ ਕੋਲੋਂ ਵੀ ਕੋਈ ਇਨਸਾਫ਼ ਨਹੀਂ ਮਿਲ ਸਕਦਾ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਸੰਸਦ ਵੱਲੋਂ ਪਾਸ ਕਾਨੂੰਨਾਂ ਨੂੰ ਪੰਜਾਬ ਵਿਧਾਨ ਸਭਾ ’ਚ ਸੋਧੇ ਜਾਣ ਦਾ ਡਰਾਮਾ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਦੱਸਣ ਕਿ ਕੀ ਪੰਜਾਬ ਵਿਧਾਨ ਸਭਾ ਕੋਲ ਕੇਂਦਰੀ ਕਾਨੂੰਨਾਂ ਨੂੰ ਸੋਧਣ ਦਾ ਕਾਨੂੰਨੀ ਅਤੇ ਸੰਵਿਧਾਨਕ ਹੱਕ  ਹੈ।

ਕੀ ਇਨ੍ਹਾਂ ਕਾਨੂੰਨਾਂ ’ਤੇ ਰਾਜਪਾਲ ਅਤੇ ਰਾਸ਼ਟਰਪਤੀ ਦਸਤਖ਼ਤ ਕਰਨਗੇ ਅਤੇ ਕੀ ਇਹ ਕਾਨੂੰਨ ਕਣਕ ਅਤੇ ਝੋਨੇ ਦੀ ਖਰੀਦ ਐੱਮਐੱਸਪੀ ਅਨੁਸਾਰ ਕੀਤੇ ਜਾਣ ਦੀ ਗਾਰੰਟੀ ਦਿੰਦੇ ਹਨ? ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੂੰਜੀਪਤੀਆਂ ਨੂੰ ਸਿੱਧੇ ਤੌਰ ’ਤੇ ਮੁਨਾਫ਼ਾ ਦੇਣ ਲਈ ਕਿਸਾਨਾਂ ਖ਼ਿਲਾਫ਼ ਬਿੱਲ ਪਾਸ ਕੀਤਾ ਗਿਆ ਹੈ। ਇਸ ਬਿੱਲ ਦੇ ਲਾਗੂ ਹੋਣ ਨਾਲ ਦੇਸ਼ ਦਾ ਅੰਨਦਾਤਾ ਪੂਰੀ ਤਰ੍ਹਾਂ  ਟੁੱਟ ਜਾਵੇਗਾ। ਇਸ ਮੌਕੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ, ਜੈਤੋ ਤੋਂ ਵਿਧਾਇਕ ਬਲਦੇਵ ਸਿੰਘ, ਹਲਕਾ ਇੰਚਾਰਜ ਨਵਦੀਪ ਸਿੰਘ ਸੰਘਾ, ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਐਡਵੋਕੇਟ ਹਾਜ਼ਰ ਸਨ।

Previous articleEx-Gujarat CM Keshubhai Patel passes away
Next article‘ਪਿੰਡ ਬਚਾਓ, ਪੰਜਾਬ ਬਚਾਓ’ ਯਾਤਰਾ ਪਹਿਲੀ ਤੋਂ