ਹਲਕੇ ਦੇ ਪਿੰਡਾਂ ਵਿੱਚ ਪਾਰਕਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ – ਚੀਮਾ
ਹੁਸੈਨਪੁਰ (ਕੌੜਾ) (ਸਮਾਜ ਵੀਕਲੀ) : – ਵਿਧਾਇਕ ਸ੍ਰ.ਨਵਤੇਜ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਹਲਕੇ ਦੇ ਅਨੇਕਾਂ ਪਿੰਡਾਂ ਵਿੱਚ ਪਾਰਕਾਂ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਅਤੇ ਬਹੁਤ ਜਲਦ 20 ਪਿੰਡਾਂ ਵਿੱਚ ਪਾਰਕਾਂ ਦਾ ਉਸਾਰੀ ਮੁਕੰਮਲ ਕਰ ਲਈ ਜਾਵੇਗਾ।
ਹਲਕੇ ਦੇ ਪਿੰਡ ਠੱਟਾ ਨਵਾਂ ਅਤੇ ਨਸੀਰਪੁਰ ਵਿਖੇ ਤਿਆਰ ਕੀਤੇ ਗਏ ਪਾਰਕਾਂ ਦਾ ਉਦਘਾਟਨ ਕਰਨ ਮੌਕੇ ਉਨਾਂ ਦੱਸਿਆ ਕਿ ਸੁਲਤਾਨਪੁਰ ਹਲਕੇ ਦੇ ਪਿੰਡਾਂ ਦੀ ਦਿੱਖ ਸੁਧਾਰਨ ਅਤੇ ਸੁੰਦਰੀਕਰਨ ਲਈ ਪਾਰਕਾਂ ਦੀ ਉਸਾਰੀ ਅਤੇ ਖੇਡ ਦੇ ਮੈਦਾਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਵਿੱਚ 50 ਪਿੰਡਾਂ ਅੰਦਰ ਪਾਰਕਾਂ ਦੀ ਉਸਾਰੀ ਕੀਤੀ ਗਈ ਸੀ, ਜਦਕਿ ਇਸ ਵਾਰ 20 ਪਾਰਕਾਂ ਦੀ ਉਸਾਰੀ ਦਾ ਕੰਮ ਜਾਰੀ ਹੈ।
ਇਸ ਤੋਂ ਇਲਾਵਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਅਤੇ ਉਨਾਂ ਦੀ ਊਰਜਾ ਨੂੰ ਸਹੀ ਪਾਸੇ ਲਾਉਣ ਦੇ ਮੰਤਵ ਨਾਲ 25 ਪਿੰਡਾਂ ਵਿੱਚ ਖੇਡ ਮੈਦਾਨ ਤਿਆਰ ਕਰਨ ਦਾ ਕੰਮ ਜਾਰੀ ਹੈ।
ਉਨਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੁਲਤਾਨਪੁਰ ਹਲਕੇ ਦੇ ਪਿੰਡਾਂ ਅੰਦਰ ਮਨਰੇਗਾ ਯੋਜਨਾ ਤਹਿਤ ਕਰਵਾਏ ਜਾ ਸਕਣ ਵਾਲੇ ਵਿਕਾਸ ਕੰਮਾਂ ਸਬੰਧੀ ਵਿਸਥਾਰਤ ਯੋਜਨਾਬੰਧੀ ਕਰਨ ਤਾਂ ਜੋ ਮਨਰੇਗਾ ਤਹਿਤ ਜਿੱਥੇ ਦਿਹਾਤੀ ਖੇਤਰਾਂ ਦਾ ਵਿਕਾਸ ਕਰਵਾਇਆ ਜਾ ਸਕੇ ਉੱਥੇ ਹੀ ਲਾਕਡਾਉਨ ਦੌਰਾਨ ਰੁਜ਼ਗਾਰ ਦੇ ਮੌਕਿਆਂ ਵਿੱਚ ਕਮੀ ਆਉਣ ਦੀ ਸਮੱਸਿਆ ਨੂੰ ਦੂਰ ਕਰਦੇ ਹੋਏ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕੇ।
ਇਸ ਮੌਕੇ ਬੀ.ਡੀ.ਪੀ.ਓ ਗੁਰਪ੍ਰਤਾਪ ਸਿੰਘ ਬੱਲ,ਮਾਰਕਿਟ ਕਮੇਟੀ ਸੁਲਤਾਨਪੁਰ ਦੇ ਚੇਅਰਮੈਨ ਪਰਮਿੰਦਰ ਸਿੰਘ,ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।