ਡੇਰਾਬੱਸੀ (ਸਮਾਜਵੀਕਲੀ) : ਇਥੋਂ ਦੇ ਪਿੰਡ ਜਵਾਹਰਪੁਰ ਵਿੱਚ ਦਸ ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਨਿਕਲ ਆਈ ਹੈ। ਪਿੰਡ ਵਿੱਚ ਮਰੀਜ਼ਾਂ ਦੀ ਗਿਣਤੀ 32 ਅਤੇ ਜ਼ਿਲ੍ਹਾ ਮੁਹਾਲੀ ਵਿੱਚ 48 ਹੋ ਗਈ ਹੈ। ਮਰੀਜ਼ਾਂ ਵਿੱਚ ਇਕ ਡੇਢ ਸਾਲ ਦਾ ਮਾਸੂਮ ਬੱਚਾ ਵੀ ਸ਼ਾਮਲ ਹੈ, ਜੋ ਆਪਣੀ ਮਾਂ ਨਾਲ ਹੀ ਬਨੂੜ ਦੇ ਗਿਆਨ ਸਾਗਰ ਹਸਪਤਾਲ ’ਚ ਰਹੇਗਾ। ਉਹ ਪੰਜਾਬ ਦਾ ਸਭ ਤੋਂ ਛੋਟਾ ਕਰੋਨਾ ਪੀੜਤ ਮਰੀਜ਼ ਹੈ। ਇਸ ਬੱਚੇ ਦੀ ਮਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਬੱਚੇ ਦਾ ਪਿਤਾ, ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆਉਣ ਕਾਰਨ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਸਿਹਤ ਵਿਭਾਗ ਮੁਤਾਬਕ ਲੰਘੇ ਦਿਨ ਲਏ 64 ਲੋਕਾਂ ਦੇ ਨਮੂਨਿਆਂ ਵਿੱਚੋਂ 32 ਦੀ ਹੀ ਰਿਪੋਰਟ ਆਈ ਹੈ। ਇਨ੍ਹਾਂ ਵਿੱਚੋਂ ਦਸ ਪਾਜ਼ੇਟਿਵ ਅਤੇ 22 ਨੈਗਟਿਵ ਹਨ। ਹਾਲੇ 32 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸਾਹਮਣੇ ਆਏ ਮਰੀਜ਼ਾਂ ਵਿੱਚ ਡੇਰਾਬੱਸੀ ਦੇ ਸ਼ਕਤੀ ਨਗਰ ਦਾ ਕੋਈ ਵੀ ਮਰੀਜ਼ ਸ਼ਾਮਲ ਨਹੀਂ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾਬੱਸੀ ਦੇ ਸ਼ਕਤੀ ਨਗਰ ਦੇ 12 ਨਮੂਨੇ ਲਏ ਸੀ।
ਬਕਾਇਆ 32 ਸੈਂਪਲਾਂ ਵਿੱਚੋਂ ਹੋਰ ਵੀ ਰਿਪੋਰਟਾਂ ਪਾਜ਼ੇਟਿਵ ਆਉਣ ਦੀ ਸੰਭਾਵਣਾ ਬਣੀ ਹੋਈ ਹੈ। ਅੱਜ ਸਾਹਮਣੇ ਆਏ ਮਰੀਜ਼ ਪਿੰਡ ਦੀ ਸਰਪੰਚ ਕਮਲਜੀਤ ਕੌਰ, ਉਸ ਦੇ ਕਾਂਗਰਸੀ ਆਗੂ ਪਤੀ ਗੁਰਵਿੰਦਰ ਸਿੰਘ ਛੋਟਾ ਅਤੇ ਪਹਿਲਾਂ ਸਾਹਮਣੇ ਆਏ ਪੰਚ ਮਲਕੀਤ ਸਿੰਘ ਦੇ ਪਰਿਵਾਰ ਵਿੱਚੋਂ ਹੀ ਹਨ। ਸਿਹਤ ਵਿਭਾਗ ਲਈ ਹਾਲਾਂਕਿ ਇਹ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਅਜੇ ਤੱਕ ਇਹ ਬਿਮਾਰੀ ਸਰਪੰਚ ਦੇ ਪਰਿਵਾਰ ਦੇ ਇਰਦ
ਗਿਰਦ ਹੀ ਘੁੰਮ ਰਹੀ ਹੈ। ਪ੍ਰਸ਼ਾਸਨ ਨੇ ਪਿੰਡ ਜਵਾਹਰਪੁਰ, ਦੇਵੀ ਨਗਰ ਤੇ ਹਰੀਪੁਰ ਕੁੜਾਂ ਨੂੰ ਸੀਲ ਕੀਤਾ ਹੋਇਆ ਹੈ। ਪਿੰਡ ਵਾਸੀਆਂ ਨੂੰ ਨਿੱਤ ਵਰਤੋਂ ਦੇ ਸਾਮਾਨ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਨੂੰ ਦਵਾਈ ਲੈਣ ਲਈ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ।
ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਸੰਗੀਤਾ ਜੈਨ ਨੇ ਕਿਹਾ ਕਿ ਅੱਜ ਸਾਹਮਣੇ ਆਏ ਮਰੀਜ਼ਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਪਿੰਡ ਵਿੱਚ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੂੰ ਕੈਮਿਸਟਾਂ ਦੇ ਨੰਬਰ ਦਿੱਤੇ ਗਏ ਹਨ, ਜਿਨ੍ਹਾਂ ਨੂੰ ਫੋਨ ਕਰ ਕੇ ਉਹ ਦਵਾਈ ਮੰਗਵਾ ਸਕਦੇ ਹਨ।