ਮੁਹਾਲੀ ਜ਼ਿਲ੍ਹਾ ਪੰਜਾਬ ਦਾ ‘ਹੌਟਸਪੌਟ’ ਬਣਿਆ

ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ 21 ਵਿਅਕਤੀਆਂ ਸਮੇਤ ਕੁੱਲ 151 ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ। ਇਹ ਵਾਇਰਸ ਸੂਬੇ ਵਿੱਚ ਤੇਜ਼ੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ ਤੇ ਹੁਣ ਤੱਕ 17 ਜ਼ਿਲ੍ਹਿਆਂ ਵਿੱਚ ਦਸਤਕ ਦੇ ਚੁੱਕਾ ਹੈ। ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਮੁਹਾਲੀ ਜ਼ਿਲ੍ਹਾ ਪੂਰੇ ਸੂਬੇ ਵਿੱਚ ‘ਹੌਟਸਪੌਟ’ ਬਣਦਾ ਜਾ ਰਿਹਾ ਹੈ।

ਇਸ ਜ਼ਿਲ੍ਹੇ ਵਿੱਚ ਹੁਣ ਤਕ ਸਭ ਤੋਂ ਵੱਧ ਵਿਅਕਤੀਆਂ ਵਿੱਚ ਕਰੋਨਾ ਦੀ ਲਾਗ ਦੇ ਲੱਛਣ ਪਾਏ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ 11 ਨਵੇਂ ਮਰੀਜ਼ਾਂ ਦਾ ਪਤਾ ਲੱਗਣ ਮਗਰੋਂ ਮੁਹਾਲੀ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 48 ਤੱਕ ਅੱਪੜ ਗਈ ਹੈ। ਇਸੇ ਤਰ੍ਹਾਂ ਪਠਾਨਕੋਟ ਜ਼ਿਲ੍ਹੇ ਵਿੱਚ ਵੀ ਅੱਜ 8 ਨਵੇਂ ਕੇਸ ਸਾਹਮਣੇ ਆਉਣ ਨਾਲ ਇਸ ਨੀਮ ਪਹਾੜੀ ਖਿੱਤੇ ਵਿੱਚ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ।

ਸਿਹਤ ਵਿਭਾਗ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਮੁਹਾਲੀ ’ਚ 11, ਪਠਾਨਕੋਟ ਵਿੱਚ 8 ਅਤੇ ਸੰਗਰੂਰ ਤੇ ਜਲੰਧਰ ਵਿੱਚ ਇੱਕ-ਇਕ ਨਵਾਂ ਕੇਸ ਸਾਹਮਣੇ ਆਇਆ ਹੈ। ਹਾਲਾਂਕਿ ਤਸੱਲੀ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ 20 ਮਰੀਜ਼ ਠੀਕ ਹੋ ਕੇ ਆਪਣੇ ਘਰੀਂ ਪਰਤ ਚੁੱਕੇ ਹਨ। ਨਵਾਂਸ਼ਹਿਰ ਵਿੱਚ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਸਗੋਂ ਪਹਿਲਾਂ ਤੋਂ ਹੀ ਪੀੜਤ ਵਿਅਕਤੀਆਂ ਵਿੱਚੋਂ ਕਈ ਮਰੀਜ਼ ਸਿਹਤਯਾਬ ਹੋ ਗਏ ਹਨ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਲ ਦੀ ਘੜੀ ਸਿਰਫ਼ ਉਨ੍ਹਾਂ ਵਿਅਕਤੀਆਂ ਦੇ ਹੀ ਨਮੂਨੇ ਲਏ ਜਾਂਦੇ ਹਨ, ਜੋ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਏ ਹੋਣ ਜਾਂ ਹਸਪਤਾਲ ਪਹੁੰਚਣ ਤੋਂ ਬਾਅਦ ਕਰੋਨਾ ਵਾਇਰਸ ਦੇ ਲੱਛਣ ਦਿਖਾਈ ਦੇਣ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਟੈਸਟ ਕਰਨ ਦੀ ਸਮਰੱਥਾ ਵਧਾਈ ਗਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਨਮੂਨਿਆਂ ਦੇ ਨਤੀਜੇ ਵੀ ਜਲਦੀ ਮਿਲ ਜਾਣਗੇ।

ਸੂਬੇ ਦੀ ਵਸੋਂ ਪੌਣੇ ਤਿੰਨ ਕਰੋੜ ਤੋਂ ਵੱਧ ਹੋਣ ਦੇ ਬਾਵਜੂਦ ਹੁਣ ਤੱਕ ਸਿਰਫ਼ 3461 ਨਮੂਨੇ ਹੀ ਲਏ ਗਏ ਹਨ। ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਇਹ ਨਮੂਨੇ 3461 ਵਿਅਕਤੀਆਂ ਦੇ ਨਹੀਂ ਹਨ ਬਲਕਿ ਇੱਕ ਵਿਅਕਤੀ ਦੇ ਇੱਕ ਤੋਂ ਵੱਧ ਵਾਰ ਤੇ ਕਈ ਵਾਰੀ ਇੱਕੋ ਮਰੀਜ਼ ਦੇ 3 ਜਾਂ 4 ਨਮੂਨੇ ਲੈਬਾਰਟਰੀ ਨੂੰ ਭੇਜਣੇ ਪੈਂਦੇ ਹਨ।

ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਡਿਪਟੀ ਕਮਿਸ਼ਨਰਾਂ ਨੂੰ ਕਣਕ ਦੀ ਵਾਢੀ ਅਤੇ ਕਣਕ ਦੀ ਵਿਕਰੀ ਸਮੇਂ ਮੰਡੀਆਂ ਵਿੱਚ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਨਾਉਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਮੰਡੀਆਂ ’ਚ ਮਜ਼ਦੂਰਾਂ, ਕਿਸਾਨਾਂ ਅਤੇ ਵਪਾਰੀਆਂ ਦੀ ਆਮਦ ਦੌਰਾਨ ਹੋਣ ਵਾਲੇ ਇਕੱਠ ਚਿੰਤਾ ਤੇ ਚੁਣੌਤੀ ਦਾ ਵਿਸ਼ਾ ਹਨ। ਇਸ ਲਈ ਡਿਪਟੀ ਕਮਿਸ਼ਨਰਾਂ ਨੂੰ ਕਰਫਿਊ ਪਾਸ ਜਾਰੀ ਕਰਦੇ ਸਮੇਂ ਹਦਾਇਤਾਂ ਦਾ ਖਾਸ ਖਿਆਲ ਰੱਖਣ ਦੀ ਹਦਾਇਤ ਕੀਤੀ ਗਈ ਹੈ।

Previous articleਕਰੋਨਾ ਨੇ ਜੈਵਿਕ-ਅਤਿਵਾਦੀ ਹਮਲੇ ਦੀ ਝਲਕ ਦਿਖਾਈ: ਗੁਟੇਰੇਜ਼
Next articleਪਿੰਡ ਜਵਾਹਰਪੁਰ ਦੇ ਦਸ ਮਰੀਜ਼ ਪਾਜ਼ੇਟਿਵ