ਬੈਪਟਿਸਟ ਸੋਸਾਇਟੀ ਦੀ ਸਵੈ ਸਹਾਈ ਗਰੁੱਪਾਂ ਦੀ ਮੁਹਿੰਮ ਨਾਲ ਪੇਂਡੂ ਵਿਕਾਸ ਨੇ ਰਫ਼ਤਾਰ ਫੜ੍ਹੀ- ਅਟਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਮਾਜਿਕ ਵਿਕਾਸ ਕਾਰਜਾਂ ਵਿਚ ਯਤਨਸ਼ੀਲ ਬੈਪਟਿਸਟ ਚੈਰੀਟੇਬਲ ਸੋਸਾਇਟੀ ਲਗਾਤਾਰ ਨਿੱਗਰ ਪ੍ਰਾਪਤੀਆਂ ਵੱਲ ਵਧ ਰਹੀ ਹੈ। ਸਵੈ ਸਹਾਈ ਗਰੁੱਪਾਂ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦੇ ਖੇਤਰ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲੀ ਸੰਸਥਾ ਦੇ ਰੂਪ ਵਿੱਚ ਉਭਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਸੁਸਾਇਟੀ ਵੱਲੋਂ ਨਬਾਰਡ ਦੇ ਸਹਿਯੋਗ ਨਾਲ ਪਿੰਡ ਹੁਸੈਨਪੁਰ ਵਿਖੇ 21 ਦਿਨਾਂ ਐਮ.ਈ. ਡੀ.ਪੀ.ਸਕੀਮ ਤਹਿਤ ਡਿਜ਼ਾਈਨਦਾਰ ਸੂਟਾਂ ਦੀ ਸਿਖਲਾਈ ਕੋਰਸ ਦੌਰਾਨ ਹਾਜ਼ਰ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਹੇ।
ਉਨਾਂ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਪਿੰਡਾਂ ਦੀਆਂ ਸਾਧਾਰਨ, ਅਨਪੜ੍ਹ, ਘੱਟ ਪੜ੍ਹੀਆਂ ਲਿਖੀਆਂ, ਸਰੋਤ ਰਹਿਤ, ਜ਼ਮੀਨ ਰਹਿਤ, ਔਰਤਾਂ ਦਾ ਆਰਥਿਕ ਤੇ ਸਮਾਜਿਕ ਪੱਧਰ ਉੱਚਾ ਚੁੱਕਣ ਲਈ ਭਾਰਤ ਸਰਕਾਰ ਦੇ ਖੁਦ ਮੁਖਤਿਆਰ ਅਦਾਰੇ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਨਾਬਾਰਡ ਦੀ ਸਵੈ ਸਹਾਈ ਗਰੁੱਪਾਂ ਅਤੇ ਜਾਇੰਟ ਲਾਇਬਿਲਟੀ ਗਰੁੱਪਾਂ ਦੀ ਸਕੀਮ ਤਹਿਤ ਸਮਾਜਿਕ ਕਰਾਂਤੀ ਲਿਆਉਣਾ ਹੈ, ਤਾਂ ਜੋ ਪੇਂਡੂ ਗਰੀਬ ਲੋਕ ਗਰੀਬੀ ਤੋਂ ਛੁਟਕਾਰਾ ਪਾ ਸਕਣ। ਉਨਾਂ ਕਿਹਾ ਕਿ ਸੰਸਥਾ ਕਪੂਰਥਲਾ ਜ਼ਿਲ੍ਹੇ ਤੋਂ ਇਲਾਵਾ ਜਲੰਧਰ,ਅਤੇ ਤਰਨਤਾਰਨ ਵਿੱਚ ਵੀ ਅਜਿਹੇ ਵਿਕਾਸ ਕਾਰਜਾਂ ਲਈ ਸਰਗਰਮੀ ਨਾਲ ਕੰਮ ਕਰੇਗੀ।
ਉਨਾਂ ਨਾਬਾਰਡ ਦੇ ਰੁਰਾਲ ਮਾਰਟ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਪ੍ਰੋਜੈਕਟ ਤਹਿਤ ” ਸਹਾਰਾ ” ਸਵੈ ਸਹਾਈ ਗਰੁੱਪ ਦੀਆਂ ਔਰਤਾਂ ਨੇ ਚੋਖਾ ਮੁਨਾਫਾ ਕਮਾ ਕੇ ਮਿਸਾਲ ਕਾਇਮ ਕੀਤੀ ਹੈ, ਉਨਾਂ ਹੋਰ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਆਧੁਨਿਕ ਖੇਤੀ ਅਤੇ ਡੇਅਰੀ ਫਾਰਮਮਿੰਗ ਦੇ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਇਸ ਮੌਕੇ ਤੇ ਉਪ ਪ੍ਰਧਾਨ ਡਾ. ਪੁਸ਼ਕਰ ਗੋਇਲ, ਜੁਆਇਟ ਸਕੱਤਰ ਹਰਪ੍ਰੀਤ ਕੌਰ, ਜਨਰਲ ਸਕੱਤਰ ਬਰਨਬਾਸ ਮਸੀਹ, ਮੈਂਬਰ ਹਰਪਾਲ ਸਿੰਘ ਦੇਸਲ, ਅਰੁਨ ਅਟਵਾਲ ਆਦਿ ਹਾਜਰ ਸਨ।