(ਸਮਾਜ ਵੀਕਲੀ)
ਪਾਣੀਆਂ ਨੂੰ ਪਾਣੀ ਲੱਭ ਲੈਂਦੇ ਜੇ ਪਾਣੀ ਨੂੰ ਪਿਆਸ ਹੋਵੇ,
ਗੱਲ ਓਨੀ ਕਰੀਏ ਸਿਮਰਨ ਜਿੰਨਾ ਪਤਾ ਇਤਿਹਾਸ ਹੋਵੇ।
ਹੱਥ ਸ਼ਾਸ਼ਤਰ ਬਾਜਾਂ ਵਾਲੇ ਦੇ
ਬਾਣੀ ਪੜੀਏ ਨਾਨਕ ਬਾਬੇ ਦੀ,
ਦਲੇਰ ਹਾਂ ਭਗਤ ਸਿੰਘ ਵਾਂਗ
ਸਾਡੀ ਸੋਚ ਕਰਤਾਰ ਸਰਾਭੇ ਦੀ,
ਅਸੀਂ ਸਿੱਖਿਆ ਊਧਮ ਸਿੰਘ ਤੋਂ
ਕਿਵੇਂ ਵੈਰੀ ਦੀ ਅਲਖ ਮੁਕਾਈ ਦੀ,
ਦੱਸਿਆ ਜੱਸਾ ਸਿੰਘ ਆਹਲੂਵਾਲੀਏ
ਕਿਵੇਂ ਔਰਤ ਦੀ ਇੱਜ਼ਤ ਬਚਾਈ ਦੀ।
ਜੋ ਨਸ਼ਾ ਹੈ ਸੋਫੀ ਰਹਿਣ ਵਿੱਚ
ਉਹ ਹੁੰਦਾ ਨਹੀਂ ਕਦੇ ਵੀ ਭੰਗ ਅੰਦਰ,
ਰੱਖ ਸੀਸ ਤਲੀ ਦੇ ਉੱਤੇ ਪਤਾ ਹੈ
ਕਿਵੇਂ ਲੜੀ ਦਾ ਏ ਮੈਦਾਨੇ ਜੰਗ ਅੰਦਰ,
ਤੱਤੀ ਤਵੀ,ਉੱਬਲਦੀ ਦੇਗ,ਰੂੰ ‘ਚ ਸੜਦੇ
ਭਲਾਂ ਦੱਸੋ ਕੋਈ ਕਿਵੇਂ ਭੁਲਾ ਸਕਦਾ,
ਦਿਲ ਕੱਢ ਕੇ ਪੰਜ ਸਾਲ ਦੇ ਬੱਚੇ ਦਾ
ਕੋਈ ਪਿਉ ਮੂੰਹ ‘ਚ ਪਵਾ ਸਕਦਾ.?
ਸਰੀਰ ਆਰਿਆਂ ਨਾਲ ਚੀਰੇ
ਤਾਂਵੀਂ ਪੜ੍ਹਦੇ ਗੁਰਾਂ ਦੀ ਬਾਣੀ ਨੂੰ,
ਲੱਖ ਮੁਸੀਬਤਾਂ ਝੱਲ ਲਈਆਂ
ਭੁੱਲ ਸਕਦੇ ਨਹੀਂ ਵੰਡ ਕਾਣੀ ਨੂੰ,
ਪਹਿਲਾਂ ਲੰਘੇ ਸੰਨਤਾਲੀ ‘ਚੋਂ
ਦੌਰ ਚੁਰਾਸੀ ਦਾ ਵੀ ਹੰਢਾ ਲਿਆ ਏ,
ਪੰਜਾਬ ਮੁਕਾਇਆ ਮੁੱਕਦਾ ਨਹੀਂ
ਜ਼ੋਰ ਜ਼ਾਲਮਾਂ ਨੇ ਬੜਾ ਦਾ ਲਿਆ ਏ।
ਕੌਮ ਮਰਦੀ ਨ੍ਹੀਂ ਬੇਗਾਨਿਆਂ ਤੋਂ
ਜੜ੍ਹਾਂ ਆਪਣੇ ਹੀ ਵੱਢਦੇ ਹੁੰਦੇ ਨੇ,
ਮਗਰੋਂ ਉਹੀ ਦਗ਼ਾ ਕਰ ਜਾਂਦੇ
ਜੋ ਅੱਗੇ ਹੋ ਜੈਕਾਰੇ ਛੱਡਦੇ ਹੁੰਦੇ ਨੇ,
ਸਾਡਾ ਇਸ਼ਕ ਸਾਡਾ ਮਜ਼ਹਬ
ਸਾਡੇ ਹਿੱਸੇ ਆਈ ਇਬਾਦਤ ਹੈ,
ਸੱਚ ਲਿਖਣਾ ਅਤੇ ਸੱਚ ਬੋਲਣਾ
ਤੇ ਸੱਚ ਸੁਣਨ ਦੀ ਹੀ ਆਦਤ ਹੈ।
ਜਿੱਥੇ ਖੜਗੇ ਤਾਂ ਫਿਰ ਖੜਗੇ
ਕੋਈ ਇੰਚ ਵੀ ਨਹੀਂ ਹਲਾ ਸਕਦਾ,
ਗੱਲ ਵੱਖਰੀ ਪਿੱਠ ‘ਤੇ ਵਾਰਾਂ ਦੀ
ਕੋਈ ਹੱਥ ਗਲਮੇਂ ਨਹੀਂ ਪਾ ਸਕਦਾ,
ਜੰਗਲ ਦੇ ਰਾਜੇ ਫਿਰਨ ਬਣਨ ਨੂੰ
ਦਵੱਲ ਕੇ ਚਾਰ ਕੁ ਕੁੱਤਿਆਂ ਨੂੰ,
ਵੈਰ ਪੈਗੇ ਮਹਿੰਗੇ ਪੈ ਜਾਣੇ
ਤੂੰ ਕਿਉਂ ਛੇੜਦਾਂ ਸ਼ੇਰਾਂ ਸੁੱਤਿਆਂ ਨੂੰ।
ਸਿਮਰਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly