ਪਾਕਿ-ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਨਕਸਲੀਆਂ ਨਾਲ ਸਬੰਧ: ਯੇਦੀਯੁਰੱਪਾ

ਬੰਗਲੁਰੂ– ਇੱਥੇ ਸੀਏਏ ਵਿਰੋਧੀ ਰੈਲੀ ਦੌਰਾਨ ਵੀਰਵਾਰ ਨੂੰ ਪਾਕਿਤਸਾਨ ਪੱਖੀ ਨਾਅਰੇ ਲਾਉਣ ਵਾਲੀ ਲੜਕੀ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ 14 ਦਿਨਾਂ ਦੇ ਰਿਮਾਂਡ ’ਤੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ਪੱਖੀ ਨਾਅਰੇ ਲਾਉਣ ਵਾਲੀ ਲੜਕੀ ਦੇ ਪਿਛਲੇ ਸਮੇਂ ਦੌਰਾਨ ਨਕਸਲੀਆਂ ਨਾਲ ਸਬੰਧ ਰਹੇ ਹਨ। ਇਸੇ ਦੌਰਾਨ ਅਮੁੱਲਿਆ ਦੇ ਪਿਤਾ ਨੇ ਵੀ ਆਪਣੀ ਧੀ ਦੀ ‘ਨਾ-ਮੁਆਫ਼ੀਯੋਗ ਗਲਤੀ’ ਲਈ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਆਖਿਆ ਹੈ।
ਦੱਸਣਯੋਗ ਹੈ ਕਿ ਵੀਰਵਾਰ ਨੂੰ ‘ਸੰਵਿਧਾਨ ਬਚਾਓ’ ਦੇ ਬੈਨਰ ਹੇਠ ਕਰਵਾਏ ਸਮਾਗਮ ਮੌਕੇ ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵੈਸੀ ਦੀ ਮੌਜੂਦਗੀ ਵਿੱਚ ਅਮੁੱਲਿਆ ਲਿਓਨਾ ਨਾਂ ਦੀ ਲੜਕੀ ਨੇ ਤਿੰਨ ਵਾਰ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ ਸਨ। ਮੰਚ ਤੋਂ ਉਤਾਰੇ ਜਾਣ ਮਗਰੋਂ ਉਸ ਨੂੰ ਦੇਸ਼ ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 14 ਦਿਨਾਂ ਦੀ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਸ਼ੁੱਕਰਵਾਰ ਨੂੰ ਯੇਦੀਯੁਰੱਪਾ ਨੇ ਕਿਹਾ, ‘‘ਸਭ ਤੋਂ ਅਹਿਮ ਗੱਲ ਹੈ, ਕਿ ਅਮੁੱਲਿਆ ਜਿਹੇ ਲੋਕਾਂ ਨੂੰ ਜਿਹੜੀਆਂ ਜਥੇਬੰਦੀਆਂ ਤਿਆਰ ਕਰ ਰਹੀਆਂ ਹਨ, ਜੇਕਰ ਉਨ੍ਹਾਂ ਖ਼ਿਲਾਫ਼ ਅਸੀਂ ਕਾਰਵਾਈ ਨਾ ਕੀਤੀ ਤਾਂ ਅਜਿਹੀਆਂ ਚੀਜ਼ਾਂ ਖ਼ਤਮ ਨਹੀਂ ਹੋਣਗੀਆਂ।’’ ਯੇਦੀਯੁਰੱਪਾ ਨੇ ਮੈਸੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪਹਿਲੀ ਨਜ਼ਰੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਕਾਨੂੰਨ ਵਿਵਸਥਾ ਭੰਗ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ।’’ ਉਨ੍ਹਾਂ ਕਿਹਾ, ‘‘ਜੇਕਰ ਇਸ ਪਿੱਛੇ ਕੰਮ ਕਰਦੀਆਂ ਜਥੇਬੰਦੀਆਂ ਬਾਰੇ ਜਾਂਚ ਹੋਵੇ, ਤਾਂ ਸਭ ਸਾਹਮਣੇ ਆ ਜਾਵੇਗਾ। ਇਹ ਸਪੱਸ਼ਟ ਹੈ ਕਿ ਇਸ ਲੜਕੀ ਦੇ ਪਿਛਲੇ ਸਮੇਂ ਦੌਰਾਨ ਨਕਸਲੀਆਂ ਨਾਲ ਸਬੰਧ ਰਹੇ ਹਨ। ਇਸ ਪਿਛੋਕੜ ਕਾਰਨ ਉਸ ਨੂੰ ਸਜ਼ਾ ਦਿੱਤੀ ਜਾਣੀ ਬਣਦੀ ਹੈ ਅਤੇ ਉਸੇ ਪਿੱਛੇ ਕੰਮ ਕਰਦੀਆਂ ਜਥੇਬੰਦੀਆਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਲੜਕੀ ਦੇ ਪਿਤਾ ਨੇ ਖ਼ੁਦ ਕਿਹਾ ਹੈ ਕਿ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਉਹ ਉਸ ਲਈ ਸੁਰੱਖਿਆ ਨਹੀਂ ਮੰਗੇਗਾ। ਸਰਕਾਰੀ ਸੂਤਰਾਂ ਅਨੁਸਾਰ ਪੁਲੀਸ ਵਲੋਂ ਸਮਾਗਮ ਦੇ ਪ੍ਰਬੰਧਕਾਂ ਤੋਂ ਘਟਨਾ ਸਬੰਧੀ ਪੁੱਛ-ਪੜਤਾਲ ਕੀਤੀ ਜਾਵੇਗੀ।
ਇਸੇ ਦੌਰਾਨ ਅਮੁੱਲਿਆ ਦੇ ਪਿਤਾ ਨੇ ਕਿਹਾ, ‘‘ਇਹ ਨਾ-ਮੁਆਫ਼ੀਯੋਗ ਗਲਤੀ ਹੈ, ਉਸ ਨੇ ਭਾਰਤੀਆਂ ਨੂੰ ਦੁੱਖ ਪਹੁੰਚਾਇਆ ਹੈ। ਮੈਂ ਬਹੁਤ ਜ਼ਿਆਦਾ ਪ੍ਰੇਸ਼ਾਨ ਹਾਂ…ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਉਹ 19 ਵਰ੍ਹਿਆਂ ਦੀ ਹੈ, ਸਾਨੂੰ ਇਹ ਲੱਭਣਾ ਪਵੇਗਾ ਕਿ ਉਸ ਨੇ ਅਜਿਹਾ ਕਿਉਂ ਕਿਹਾ ਅਤੇ ਉਸ ਦੇ ਪਿੱਛੇ ਕੌਣ ਹੈ।’’ ਉਨ੍ਹਾਂ ਆਪਣੀ ਧੀ ਦੀ ਸਿਹਤ ਸਬੰਧੀ ਚਿੰਤਾ ਪ੍ਰਗਟਾਈ।
ਇਸੇ ਦੌਰਾਨ ਇੱਥੇ ਚਿਕਮਗਲੂਰ ਜ਼ਿਲ੍ਹੇ ਵਿੱਚ ਅਮੁੱਲਿਆ ਲਿਓਨਾ ਦੇ ਘਰ ’ਤੇ ਸੱਜੇ ਪੱਖੀ ਵਰਕਰਾਂ ਵਲੋਂ ਕੀਤੇ ਕਥਿਤ ਹਮਲੇ ਮਗਰੋਂ ਪੁਲੀਸ ਨੇ ਉਸ ਦੇ ਘਰ ਲਈ ਸੁਰੱਖਿਆ ਦਿੱਤੀ ਹੈ। ਸੂਤਰਾਂ ਅਨੁਸਾਰ ਕੋਪਲ ਨੇੜੇ ਗੁੱਲਾਗਾਡੀ ਸਥਿਤ ਉਸ ਦੇ ਘਰ ’ਤੇ ਲੋਕਾਂ ਦੇ ਸਮੂਹ ਨੇ ਵੀਰਵਾਰ ਸ਼ਾਮ ਹਮਲਾ ਕੀਤਾ ਅਤੇ ਘਰ ਦੇ ਸ਼ੀਸ਼ੇ ਤੋੜ ਦਿੱਤੇ। ਇਸ ’ਤੇ ਅਮੁੱਲਿਆ ਦੇ ਪਿਤਾ ਵਾਜ਼ੀ ਨੇ ਸ਼ਿਕਾਇਤ ਦਰਜ ਕਰਵਾਈ, ਜਿਸ ਮਗਰੋਂ ਪਰਿਵਾਰ ਦੀ ਸੁਰੱਖਿਆ ਲਈ ਘਰ ਨੇੜੇ ਪੁਲੀਸ ਪਹਿਰਾ ਲਗਾ ਦਿੱਤਾ ਗਿਆ ਹੈ। ਇਸੇ ਦੌਰਾਨ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਕਥਿਤ ਸੱਜੇ ਪੱਖੀ ਕਾਰਕੁਨਾਂ ਦਾ ਇੱਕ ਸਮੂਹ ਬੀਤੀ ਸ਼ਾਮ ਵਾਜ਼ੀ ਨੂੰ ਉਸ ਦੀ ਧੀ ਦੇ ਵਿਵਹਾਰ ਸਬੰਧੀ ਸਵਾਲ ਪੁੱਛ ਰਿਹਾ ਹੈ ਅਤੇ ਉਸ ਤੋਂ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਵਾ ਰਿਹਾ ਹੈ।

Previous articleਫਾਇਨਾਂਸ਼ੀਅਲ ਟਾਸਕ ਫੋਰਸ ਵੱਲੋਂ ਪਾਕਿ ਮੁੜ ਸਲੇਟੀ ਸੂਚੀ ਵਿੱਚ ਸ਼ਾਮਿਲ
Next articleਟੀ-20 ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਵੱਲੋਂ ਜੇਤੂ ਸ਼ੁਰੂਆਤ