ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਵੱਲ ਵਗਦੇ ਰਾਵੀ ਦਰਿਆ ਦੇ ਵਾਧੂ ਪਾਣੀ ਨੂੰ ਹਰ ਹਾਲ ਵਿਚ ਰੋਕਿਆ ਜਾਵੇਗਾ ਅਤੇ ਪਾਣੀ ਦੀ ਇੱਕ ਬੂੰਦ ਵੀ ਵਿਅਰਥ ਨਹੀਂ ਜਾਣ ਦਿੱਤੀ ਜਾਵੇਗੀ। ਇਸ ਪਾਣੀ ਨਾਲ ਪੰਜ ਹਜ਼ਾਰ ਹੈਕਟੇਅਰ ਰਕਬੇ ਦੀ ਸਿੰਜਾਈ ਕੀਤੀ ਜਾਵੇਗੀ। ਇਸੇ ਕਰਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਦਿਆਂ ਹੀ ਸ਼ਾਹਪੁਰ ਕੰਡੀ ਡੈਮ ਦੇ ਰੁਕੇ ਪਏ ਕੰਮ ਨੂੰ ਸ਼ੁਰੂ ਕਰਵਾਉਣ ਲਈ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਜੰਮੂ ਕਸ਼ਮੀਰ ਸੂਬੇ ਨਾਲ ਪਾਣੀ ਦੇ ਰੇੜਕੇ ਬਾਰੇ ਬਣੀ ਖੜੋਤ ਨੂੰ ਦੂਰ ਕਰਵਾ ਕੇ ਨਿਰਮਾਣ ਕਾਰਜ ਮੁੜ ਸ਼ੁਰੂ ਕਰਵਾਇਆ ਹੈ।
ਮੁੱਖ ਮੰਤਰੀ ਅੱਜ ਇੱਥੇ ਸ਼ਾਹਪੁਰ ਕੰਡੀ ਡੈਮ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਣ ਉਪਰੰਤ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਦੀ ਅਗਵਾਈ ’ਚ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਡੈਮ ਦਾ ਕੰਮ ਤਿੰਨ ਸਾਲਾਂ ਵਿੱਚ ੁਕੰਮਲ ਹੋ ਜਾਵੇਗਾ ਤੇ ਇਸ ਉਪਰ 2700 ਕਰੋੜ ਰੁਪਏ ਖਰਚ ਆਉਣਗੇ। ਇਸ ਦੇ ਬਣਨ ਤੋਂ ਬਾਅਦ ਪਾਣੀ ਦੀ ਬੂੰਦ ਵੀ ਪਾਕਿਸਤਾਨ ਵੱਲ ਨਹੀਂ ਜਾ ਸਕੇਗੀ। ਇਹ ਪਾਣੀ ਪੰਜਾਬ ਦੇ ਖੇਤਾਂ ਨੂੰ ਜਾਵੇਗਾ ਅਤੇ ਬਿਜਲੀ ਵੀ ਪੈਦਾ ਹੋ ਸਕੇਗੀ। ਉਨ੍ਹਾਂ ਗੁਆਂਢੀ ਮੁਲਕ ’ਤੇ ਵਰ੍ਹਦਿਆਂ ਕਿਹਾ ਕਿ ਪਾਕਿਸਤਾਨ ਆਏ ਦਿਨ ਸਰਹੱਦ ’ਤੇ ਗੋਲੀਬਾਰੀ ਕਰਕੇ ਦੇਸ਼ ਦੇ ਜਵਾਨਾਂ ਨੂੰ ਮਾਰ ਰਿਹਾ ਹੈ ਤਾਂ ਉਹ ਪਾਕਿਸਤਾਨ ਨੂੰ ਪਾਣੀ ਕਿਉਂ ਦੇਣ। ਉਨ੍ਹਾਂ ਗੁਆਂਢੀ ਮੁਲਕ ਖ਼ਿਲਾਫ਼ ਜਵਾਬੀ ਕਾਰਵਾਈ ਕੀਤੇ ਜਾਣ ਦੀ ਹਮਾਇਤ ਕਰਦਿਆਂ ਕਿਹਾ ਕਿ ਜੇਕਰ ਉਹ ਸਾਡਾ ਇੱਕ ਜਵਾਨ ਮਾਰਦੇ ਹਨ ਤਾਂ ਉਨ੍ਹਾਂ ਦੇ 10 ਜਵਾਨ ਮਾਰੇ ਜਾਣ।
ਮੁੱਖ ਮੰਤਰੀ ਨੇ ਲੋਕਾਂ ਦੀ ਮੰਗ ’ਤੇ ਸ਼ਾਹਪੁਰਕੰਡੀ ਵਿੱਚ ਲੜਕੀਆਂ ਦਾ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਅਤੇ ਧਾਰਕਲਾਂ ਦੇ ਖੇਤਰ ਦੀਆਂ ਸੜਕਾਂ ਦੀ ਮੰਦੀ ਹਾਲਤ ਲਈ 60 ਕਿਲੋਮੀਟਰ ਦੀਆਂ ਪੇਂਡੂ ਸੜਕਾਂ ਦੀ ਮੁਰੰਮਤ ਮੰਡੀਕਰਨ ਬੋਰਡ ਰਾਹੀਂ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਸੰਸਦ ਮੈਂਬਰ ਸੁਨੀਲ ਜਾਖੜ, ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਹਲਕਾ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ, ਹਲਕਾ ਭੋਆ ਦੇ ਵਿਧਾਇਕ ਜੋਗਿੰਦਰ ਪਾਲ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਨਰੇਸ਼ ਪੁਰੀ, ਅਵਤਾਰ ਕਲੇਰ, ਵਿਕਰਮ ਜੋਸ਼ੀ ਆਦਿ ਹਾਜ਼ਰ ਸਨ।
ਇਸ ਮੌਕੇ ਸ੍ਰੀ ਜਾਖੜ ਨੇ ਮੁੱਖ ਮੰਤਰੀ ਨੂੰ ਸੂਬੇ ਦੇ ਪਾਣੀਆਂ ਦਾ ਰਖਵਾਲਾ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਪਾਣੀ ਨੂੰ ਬਚਾਉਣ ਲਈ ਆਪਣੀ ਕੁਰਸੀ ਤੱਕ ਦਾਅ ’ਤੇ ਲਗਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ਼ਾਹਪੁਰ ਕੰਡੀ ਪ੍ਰਾਜੈਕਟ ਦਾ ਨਿਰਮਾਣ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਰਨ ਅਜਿਹਾ ਨਹੀਂ ਹੋ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਨੇ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ, ਜੋ ਕਿ ਚਿੱਟੇ ਹਾਥੀ ਸਾਬਤ ਹੋਏ ਹਨ, ਚਲਾ ਕੇ ਮਹਿੰਗੀ ਬਿਜਲੀ ਪੈਦਾ ਕੀਤੀ। ਇਸ ਨਾਲ ਸੂਬੇ ਦੇ ਲੋਕਾਂ ਸਿਰ ਹੋਰ ਭਾਰ ਚੜ੍ਹਿਆ। ਉਨ੍ਹਾਂ ਕਿਹਾ ਕਿ ਸ਼ਾਹਪੁਰਕੰਡੀ ਡੈਮ ਤੋਂ ਕੋਲੇ ਵਾਲੇ ਪਲਾਂਟਾਂ ਦੇ ਮੁਕਾਬਲੇ ਸਸਤੀ ਬਿਜਲੀ ਪੈਦਾ ਹੋਵੇਗੀ।
ਇਸ ਉਪਰੰਤ ਮੁੱਖ ਮੰਤਰੀ ਨੇ ਇੱਥੇ ਇੰਡਸਟਰੀਅਲ ਗਰੋਥ ਸੈਂਟਰ ਵਿੱਚ 550 ਕਰੋੜ ਨਾਲ ਬਣੀ ਪ੍ਰੈਪਸੀਕੋ ਇੰਡਸਟਰੀ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਪੈਪਸੀਕੋ ਕੰਪਨੀ ਦੇ ਚੇਅਰਮੈਨ ਰਵੀ ਜੈਪੁਰੀਆ ਨੇ ਵੀ ਸੰਬੋਧਨ ਕੀਤਾ।
HOME ਪਾਕਿ ਨੂੰ ਜਾਂਦਾ ਪਾਣੀ ਹਰ ਹਾਲ ਰੋਕਾਂਗੇ: ਕੈਪਟਨ