ਜੰਮੂ, (ਸਮਾਜ ਵੀਕਲੀ): ਪਾਕਿਸਤਾਨ ਵੱਲੋਂ ਅੱਜ ‘ਕਸ਼ਮੀਰ ਨਾਲ ਇਕਜੁੱਟਤਾ ਪ੍ਰਗਟਾਉਣ’ ਲਈ ਮਨਾਏ ਜਾ ਰਹੇ ਦਿਹਾੜੇ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਆਪਣੇ ਵਿਰੋਧੀ ਗੁਆਂਢੀ’ ਵੱਲੋਂ ਕੀਤੇ ਜਾ ਰਹੇ ‘ਨਵੇਂ-ਨਵੇਂ ਤਜਰਬਿਆਂ’ ਤੋਂ ਘਬਰਾਉਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੇਕਰ ਕੋਈ ਮੁੱਦਾ ਬਕਾਇਆ ਹੈ ਤਾਂ ਉਹ ਜੰੰਮੂ ਕਸ਼ਮੀਰ ਦਾ ਉਹ ਹਿੱਸਾ ਹੈ ਜਿਸ ’ਤੇ ਪਾਕਿਸਤਾਨ ਨੇ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ। ਇੱਥੇ ਭਾਜਪਾ ਦਫ਼ਤਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਹਰੇਕ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ 1990 ਤੋਂ ਹਰ ਪੰਜ ਫਰਵਰੀ ਨੂੰ ਇਹ ਦਿਨ ਮਨਾਉਂਦਾ ਆ ਰਿਹਾ ਹੈ। ਕੇਂਦਰੀ ਮੰਤਰੀ ਤੇ ਭਾਜਪਾ ਆਗੂ ਨੇ ਕਿਹਾ ਕਿ ਇਸਲਾਮਾਬਾਦ ਨੇ ਇਸ ਸਾਲ ਮੁੜ ਪੂਰੀ ਦੁਨੀਆ ਵਿਚ ਆਪਣੇ ਵੱਖ-ਵੱਖ ਦੂਤਾਵਾਸਾਂ ਨੂੰ ‘ਟੂਲਕਿੱਟਾਂ’ ਭੇਜ ਦਿੱਤੀਆਂ ਹਨ ਤਾਂ ਕਿ ਇਹ ਆਪਣੀ ਕਸ਼ਮੀਰ ਨੀਤੀ ’ਤੇ ਦੁਨੀਆ ਤੋਂ ਸਮਰਥਨ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ 1947 ਵਿਚ ਵੰਡ ਦੇ ਵੇਲੇ ਤੋਂ ਹੀ ਪਾਕਿਸਤਾਨ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਬਣ ਗਿਆ ਹੈ ਤੇ ਉਹ ਹਰ ਹੱਥਕੰਡਾ ਅਪਣਾਉਂਦੇ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly