ਪਾਕਿਸਤਾਨੀ ਡਰੋਨ ਦੇ ਸਾਰੇ ਪੁਰਜੇ ਨਹਿਰ ‘ਚੋਂ ਬਰਾਮਦ, ਖੁਫ਼ੀਆ ਵਿਭਾਗ ਨੇ ਲਿਆ ਕਬਜ਼ੇ ‘ਚ

ਅੰਮ੍ਰਿਤਸਰ : ਅੱਤਵਾਦੀਆਂ ਵੱਲੋਂ ਸਾੜੇ ਗਏ ਪਾਕਿਸਤਾਨੀ ਡਰੋਨ ਦੇ ਸਾਰੇ ਪੁਰਜ਼ੇ ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਨੇ ਐਤਵਾਰ ਨੂੰ ਝਬਾਲ ਦੀ ਇਕ ਨਹਿਰ ‘ਚੋਂ ਬਰਾਮਦ ਕਰ ਲਏ।

ਜਾਣਕਾਰੀ ਅਨੁਸਾਰ ਅੱਤਵਾਦੀ ਆਕਾਸ਼ਦੀਪ ਸਿੰਘ ਤੇ ਗੁਰਦੇਵ ਸਿੰਘ ਨੂੰ ਇਕ ਵਾਰ ਫਿਰ ਨਹਿਰ ‘ਤੇ ਲਿਜਾਇਆ ਗਿਆ। 25 ਮਿੰਟ ਤਕ ਚੱਲੀ ਇਸ ਸਰਚ ਮੁਹਿੰਮ ‘ਚ ਗੋਤਾਖੋਰਾਂ ਨੇ ਸਾੜੇ ਗਏ ਡਰੋਨ ਦੀਆਂ ਤਿੰਨ ਆਰਮ (ਬਾਹਾਂ) ਤੇ ਤਿੰਨ ਮੋਟਰਾਂ ਬਰਾਮਦ ਕਰ ਲਈਆਂ। ਪੁਲਿਸ ਅਨੁਸਾਰ ਅੱਤਵਾਦੀਆਂ ਨੇ ਡਰੋਨ ਤੇ ਮੋਟਰਾਂ ਸਾੜਨ ਤੋਂ ਬਾਅਦ ਇਕ ਰੱਸੀ ਨਾਲ ਬੰਨ੍ਹ ਕੇ ਨਹਿਰ ‘ਚ ਸੁੱਟ ਦਿੱਤੀਆਂ ਸਨ। ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਐਤਵਾਰ ਨੂੰ ਮਿਲੀਆਂ ਤਿੰਨ ਬਾਹਾਂ ਤੇ ਹੋਰ ਪੁਰਜ਼ੇ 24 ਸਤੰਬਰ ਨੂੰ ਤਰਨਤਾਰਨ ਦੇ ਝਬਾਲ ਸਥਿਤ ਗੁਦਾਮ ‘ਚੋਂ ਮਿਲੇ ਅੱਧਸੜੇ ਡਰੋਨ ਦਾ ਹੀ ਹਿੱਸਾ ਹਨ।

ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ 13 ਅਗਸਤ ਨੂੰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਘਰਿੰਡਾ ਤਹਿਤ ਪੈਂਦੇ ਪਿੰਡ ਮੁਹਾਵਾ ‘ਚੋਂ ਵੀ ਦੁਰਘਟਨਾਗ੍ਰਸਤ ਡਰੋਨ ਬਰਾਮਦ ਕੀਤਾ ਸੀ। ਗੌਰਤਲਬ ਹੈ ਕਿ 22 ਸਤੰਬਰ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਚਾਰ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਪੰਜ ਏਕੇ-47 ਤੇ ਭਾਰੀ ਮਾਤਰਾ ‘ਚ ਅਸਲਾ ਤੇ ਦਸ ਲੱਖ ਦੀ ਜਾਅਲੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਸੀ। ਉਹ ਸਾਰੇ ਹਥਿਆਰ ਪਾਕਿਸਤਾਨ ‘ਚੋਂ ਹੀ ਡਰੋਨ ਦੇ ਜ਼ਰੀਏ ਭੇਜੇ ਗਏ ਸਨ।

Previous articleਭਾਰਤੀ ਭਾਸ਼ਾਵਾਂ ਲਈ ਘਾਤਕ ਬਣ ਰਹੀ ਹੈ ਹਿੰਦੀ
Next articleਆਰਕੇਐੱਸ ਸਿੰਘ ਭਦੌਰੀਆ ਬਣੇ ਏਅਰ ਫੋਰਸ ਦੇ ਪ੍ਰਮੁੱਖ, ਬੀਐੱਸ ਧਨੋਆ ਨੇ ਸੌਂਪੀ ਕਮਾਨ