ਆਰਕੇਐੱਸ ਸਿੰਘ ਭਦੌਰੀਆ ਬਣੇ ਏਅਰ ਫੋਰਸ ਦੇ ਪ੍ਰਮੁੱਖ, ਬੀਐੱਸ ਧਨੋਆ ਨੇ ਸੌਂਪੀ ਕਮਾਨ

ਨਵੀਂ ਦਿੱਲੀ– ਭਾਰਤੀ ਹਵਾਈ ਫ਼ੌਜ ਪ੍ਰਮੁੱਖ ਦੇ ਅਹੁਦੇ ਦੀ ਕਮਾਨ ਸੋਮਵਾਰ ਨੂੰ ਏਅਰ ਮਾਰਸ਼ਲ ਰਾਕੇਸ਼ ਕੁਮਾਰ ਭਦੌਰੀਆ ਨੇ ਸੰਭਾਲ ਲਈ। ਇਸ ਅਹੁਦੇ ਤੋਂ ਅੱਜ ਰਿਟਾਇਰ ਹੋਏ ਬੀਐੱਸ ਧਨੋਆ ਦੀ ਜਗ੍ਹਾ ਉਨ੍ਹਾਂ ਦੀ ਚੋਣ ਕੀਤੀ ਗਈ ਹੈ। ਰਿਟਾਇਰਮੈਂਟ ਤੋਂ ਪਹਿਲਾਂ ਬੀਐੱਸ ਧਨੋਆ ਨੈਸ਼ਨਲ ਵਾਰ ਮੈਮੋਰੀਅਲ ਗਏ ਤੇ ਸ਼ਰਧਾਂਜਲੀ ਭੇਟ ਕੀਤੀ।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਏਅਰ ਮਾਰਸ਼ਲ ਆਰਕੇਐੱਸ ਭਦੌਰੀਆ ਨੂੰ ਅਗਲਾ ਹਵਾਈ ਫ਼ੌਜ ਪ੍ਰਮੁੱਖ ਚੁਣਿਆ ਹੈ। ਉਨ੍ਹਾਂ ਨੇ ਜੂਨ 1980 ‘ਚ ਆਈਏਐੱਫ ‘ਚ ਫਾਈਟਰ ਸਟ੍ਰੀਮ ‘ਚ ਕਮੀਸ਼ਨ ਪ੍ਰਾਪਤ ਕੀਤਾ ਸੀ, ਜਿਸ ਤੋਂ ਬਾਅਦ ਹਵਾਈ ਫ਼ੌਜ ‘ਚ ਵੱਖ-ਵੱਖ ਪ੍ਰਮੁੱਖ ਅਹੁਦਿਆਂ ‘ਤੇ ਉਹ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ।
ਏਅਰ ਮਾਰਸ਼ਲ ਆਰਕੇਐੱਸ ਭਦੌਰੀਆ, ਰਾਸ਼ਟਰੀ ਰੱਖਿਆ ਅਕੈਡਮੀ, ਪੂਣੇ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ 4250 ਤੋਂ ਜ਼ਿਆਦਾ ਘੰਟੇ ਤਕ ਉਡਾਣ ਭਰੀ ਹੈ ਅਤੇ 26 ਵੱਖ-ਵੱਖ ਤਰ੍ਹਾਂ ਦੇ ਲੜਾਕੂ ਜਹਾਜ਼ਾਂ ਦਾ ਉਨ੍ਹਾਂ ਨੂੰ ਤਜ਼ਰਬਾ ਹੈ।
ਭਦੌਰੀਆ ਨੇ ਮਾਰਚ 2017 ਤੋਂ ਅਗਸਤ 2018 ਤਕ ਦੱਖਣੀ ਹਵਾਈ ਕਮਾਨ ‘ਚ ਏਅਰ ਆਫੀਸਰ ਕਮਾਂਡਿੰਗ ਇਨ ਚੀਫ਼ ਦੇ ਰੂਪ ‘ਚ ਕੰਮ ਕੀਤਾ। ਉਨ੍ਹਾਂ ਨੇ ਅਗਸਤ 2018 ਤੋਂ ਏਅਰ ਆਫੀਸਰ ਕਮਾਂਡਿੰਗ ਇਨ ਚੀਫ, ਸਿਖਲਾਈ ਕਮਾਨ ਦੇ ਰੂਪ ‘ਚ ਵੀ ਕੰਮ ਕੀਤਾ। ਫਿਰ ਇਸ ਵਰ੍ਹੇ ਉਨ੍ਹਾਂ ਨੇ ਮਈ ‘ਚ ਹਵਾਈ ਫ਼ੌਜ ਦੇ ਉਪ ਮੁਖੀ ਦੇ ਅਹੁਦੇ ਦਾ ਅਹੁਦਾ ਸੰਭਾਲਿਆ।
ਆਪਣੇ ਕੈਰੀਅਰ ਦੇ 36 ਸਾਲਾਂ ਦੌਰਾਨ, ਆਰਕੇਐੱਸ ਭਦੌਰੀਆ ਨੂੰ ਕਈ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ‘ਚ ਅਤੀ ਵਿਸ਼ਿਸ਼ਟ ਸੇਵਾ ਤਗਮਾ, ਹਵਾਈ ਫ਼ੌਜ ਤਗਮਾ ਅਤੇ ਪਰਮ ਵਿਸ਼ਿਸ਼ਟ ਸੇਵਾ ਤਗਮਾ ਸ਼ਾਮਲ ਹੈ।

Previous articleਪਾਕਿਸਤਾਨੀ ਡਰੋਨ ਦੇ ਸਾਰੇ ਪੁਰਜੇ ਨਹਿਰ ‘ਚੋਂ ਬਰਾਮਦ, ਖੁਫ਼ੀਆ ਵਿਭਾਗ ਨੇ ਲਿਆ ਕਬਜ਼ੇ ‘ਚ
Next articleOPEN LETTER TO JEREMY CORBYN