ਪਾਇਲਟ ਦੀ ਖੁੱਲ੍ਹੀ ਬਗ਼ਾਵਤ, ਗਹਿਲੋਤ ਸਰਕਾਰ ਸੰਕਟ ’ਚ

ਜੈਪੁਰ/ਨਵੀਂ ਦਿੱਲੀ (ਸਮਾਜਵੀਕਲੀ) :   ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੂਬੇ ਵਿੱੱਚ ਕਾਂਗਰਸ ਦੀ ਅਗਵਾਈ ਵਾਲੀ ਆਪਣੀ ਹੀ ਸਰਕਾਰ ਖ਼ਿਲਾਫ਼ ਖੁੱਲ੍ਹੀ ਬਗਾਵਤ ਕਰ ਦਿੱਤੀ ਹੈ। ਪਾਇਲਟ ਨੇ ਕਿਹਾ ਕਿ ਉਸ ਕੋਲ 30 ਤੋਂ ਵੱਧ ਵਿਧਾਇਕਾਂ ਦੀ ਹਮਾਇਤ ਹੈ ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਸਰਕਾਰ ਘੱਟਗਿਣਤੀ ਵਿੱਚ ਹੈ। ਪਾਇਲਟ ਦੇ ਵੱਟਸਐਪ ਗਰੁੱਪ ’ਤੇ ਜਾਰੀ ਬਿਆਨ ਮੁਤਾਬਕ ਪਾਇਲਟ ਜੋ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਹਨ, ਸੋਮਵਾਰ ਨੂੰ ਪਾਰਟੀ ਵਿਧਾਇਕ ਦਲ ਦੀ ਸੱਦੀ ਮੀਟਿੰਗ ’ਚ ਸ਼ਾਮਲ ਨਹੀਂ ਹੋਣਗੇ। ਇਸ ਦੌਰਾਨ, ਪਾਇਲਟ ਨੇ ਇਕ ਟੀਵੀ ਚੈਨਲ ਨਾਲ ਕੀਤੀ ਗੱਲਬਾਤ ਦੌਰਾਨ ਕਿਹਾ ਕਿ ਕੋਈ ਵੀ ਆਪਣਾ ਘਰ ਨਹੀਂ ਛੱਡਣਾ ਚਾਹੁੰਦਾ, ਪਰ ਉਹ ਅਜਿਹੀ ਬੇਇੱਜ਼ਤੀ ਸਹਿਣ ਨਹੀਂ ਕਰਨਗੇ।

ਪਾਇਲਟ ਅੱਜ ਸਵੇਰ ਤੋਂ ਹੀ ਆਪਣੇ ਵਫ਼ਾਦਾਰ ਵਿਧਾਇਕਾਂ ਨਾਲ ਕੌਮੀ ਰਾਜਧਾਨੀ ਵਿੱਚ ਮੌਜੂਦ ਸਨ। ਅਜਿਹੀ ਚਰਚਾ ਹੈ ਕਿ ਪਾਇਲਟ ਭਾਜਪਾ ਦੇ  ਸੰਪਰਕ ਵਿੱਚ ਹਨ।  ਇਸ ਤੋਂ ਪਹਿਲਾਂ, ਪਾਇਲਟ ਵੱਲੋਂ ਕੁਝ ਪਾਰਟੀ ਵਿਧਾਇਕਾਂ ਨਾਲ ਕਾਂਗਰਸ ਵਿੱਚੋਂ ਲਾਂਭੇ ਹੋਣ ਦੇ ਕਿਆਸਾਂ ਦਰਮਿਆਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਮਵਾਰ ਨੂੰ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਹੈ। ਮੀਟਿੰਗ ਲਈ ਪਾਰਟੀ ਨੂੰ ਹਮਾਇਤ ਦੇਣ ਵਾਲੇ ਆਜ਼ਾਦ ਵਿਧਾਇਕਾਂ ਨੂੰ ਵੀ ਸੱਦਾ ਭੇਜਿਆ ਗਿਆ ਹੈ। ਮੀਟਿੰਗ ਵਿੱਚ ਪਾਰਟੀ ਦੇ ਜਨਰਲ ਸਕੱਤਰ ਤੇ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਅਵਿਨਾਸ਼ ਪਾਂਡੇ ਦੇ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ।

ਇਸ ਦੌਰਾਨ ਦਿੱਲੀ ਤੋਂ ਪਰਤੇ ਪਾਇਲਟ ਖੇਮੇ ਨਾਲ ਸਬੰਧਤ ਤਿੰਨ ਵਿਧਾਇਕਾਂ ਰੋਹਿਤ ਬੋਹਰਾ, ਦਾਨਿਸ਼ ਅਬਰਾਰ ਤੇ ਚੇਤਨ ਡੁਡੀ ਨੇ ਯੂ-ਟਰਨ ਲੈਂਦਿਆਂ ਖ਼ੁਦ ਨੂੰ ਕਾਂਗਰਸ ਦਾ ‘ਸਿਪਾਹੀ’ ਦੱਸਦਿਆਂ ਕਿਹਾ ਕਿ ਉਹ ਸਿਖਰਲੀ ਪਾਰਟੀ ਲੀਡਰਸ਼ਿਪ ਦੇ ਕਹੇ ਮੁਤਾਬਕ ਹੀ ਚੱਲਣਗੇ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ’ਚ ਪੂਰਾ ਭਰੋਸਾ ਹੈ। ਉਧਰ, ਅੱਜ ਦਿਨੇ ਸੀਨੀਅਰ ਕਾਂਗਰਸ ਆਗੂ ਕਪਿਲ ਸਿੱਬਲ ਨੇ ਇਕ ਟਵੀਟ ਰਾਹੀਂ ਫਿਕਰਮੰਦੀ ਜ਼ਾਹਿਰ ਕਰਦਿਆਂ ਕਿਹਾ, ‘ਕੀ ਅਸੀਂ ਉਦੋਂ ਨੀਂਦ ’ਚੋਂ ਜਾਗਾਂਗੇ ਜਦੋਂ ਕੋਈ ਸਾਡੇ ਤਬੇਲਿਆਂ ’ਚੋਂ ਘੋੜੇ ਖੋਲ੍ਹ ਕੇ ਲੈ ਗਿਆ?’

ਖੇਡ ਮੰਤਰੀ ਅਸ਼ੋਕ ਚਾਂਦਨਾ ਨੇ ਪਾਰਟੀ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਮੱਧ ਪ੍ਰਦੇਸ਼ ਦੇ ਘਟਨਾਕ੍ਰਮ ਤੋਂ ਸਬਕ ਲੈਣ, ਜਿੱਥੇ ਜਿਓਤਿਰਾਦਿੱਤਿਆ ਸਿੰਧੀਆ ਨੇ ਪਾਸਾ ਬਦਲ ਲਿਆ ਸੀ। ਚਾਂਦਨਾ ਨੇ ਸਚਿਨ ਪਾਇਲਟ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘ਜਿਹੜਾ ਵਿਅਕਤੀ ਪਾਰਟੀ ਲਾਈਨ ਨੂੰ ਉਲੰਘਦਾ ਹੈ, ਉਸ ਨੂੰ ਦੁਨੀਆ ਦੇ ਕਿਸੇ ਹਿੱਸੇ ’ਚ ਸਤਿਕਾਰ ਨਹੀਂ ਮਿਲਣਾ। ਇਹ ਪੀੜ੍ਹੀਆਂ ਤੋਂ ਕਮਾਏ ਸਤਿਕਾਰ ਨੂੰ ਗੁਆਉਣ ਦਾ ਵੇਲਾ ਨਹੀਂ।’

ਚੇਤੇ ਰਹੇ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਲੰਘੇ ਦਿਨੀਂ ਦੋਸ਼ ਲਾਇਆ ਸੀ ਕਿ ਭਾਜਪਾ, ਮੱਧ ਪ੍ਰਦੇਸ਼ ਦੀ ਤਰਜ਼ ’ਤੇ ਉਨ੍ਹਾਂ ਦੀ ਸਰਕਾਰ ਡੇਗਣ ਲਈ ਚਾਰਾਜੋਈ ਕਰ ਰਹੀ ਹੈ। ਗਹਿਲੋਤ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ 25 ਕਰੋੜ ਰੁਪਏ ਤਕ ਦੀ ਪੇਸ਼ਕਸ਼ ਕੀਤੀ ਗਈ ਹੈ। ਪੁਲੀਸ ਦੇ ਵਿਸ਼ੇਸ਼ ਅਪਰੇਸ਼ਨਜ਼ ਗਰੁੱਪ (ਐੱਸਓਜੀ) ਨੇ ਵਿਧਾਇਕਾਂ ਦੀ ਖ਼ਰੀਦੋ ਫਰੋਖ਼ਤ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ਾਂ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਓਜੀ ਨੇ ਸਰਕਾਰ ਦੇ ਚੀਫ਼ ਵ੍ਹਿਪ ਨੂੰ ਭੇਜੇ ਨੋਟਿਸ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੂੰ ਨੋਟਿਸ ਜਾਰੀ ਕਰਕੇ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ।

ਐੱਸਓਜੀ ਵੱਲੋਂ ਵਿੱਢੀ ਜਾਂਚ ਤੋਂ ਇਲਾਵਾ ਸੂਬੇ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਸਰਕਾਰ ਡੇਗਣ ਦੀ ਕਥਿਤ ਕੋਸ਼ਿਸ਼ਾਂ ਦੀ ਵੱਖਰੀ ਜਾਂਚ ਕਰ ਰਹੀ ਹੈ। ਏਸੀਬੀ ਵੱਲੋਂ ਕੀਤੀ ਸ਼ੁਰੂਆਤੀ ਜਾਂਚ ਵਿੱਚ ਤਿੰਨ ਆਜ਼ਾਦ ਵਿਧਾਇਕਾਂ ਖੁ਼ਸ਼ਵੀਰ ਸਿੰਘ, ਓਮਪ੍ਰਕਾਸ਼ ਹੁਡਲਾ ਤੇ ਸੁਰੇਸ਼ ਟਾਕ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਪਾਇਲਟ ਐੱਸਓਜੀ ਵੱਲੋਂ ਜਾਰੀ ਨੋਟਿਸ ਤੋਂ ਨਾਰਾਜ਼ ਹਨ। ਗਹਿਲੋਤ ਨੇ ਅੱਜ ਇਕ ਟਵੀਟ ’ਚ ਕਿਹਾ ਕਿ ਪੁਲੀਸ ਨੋਟਿਸ ਊਨ੍ਹਾਂ ਸਮੇਤ ਕਈ ਹੋਰਾਂ ਨੂੰ ਭੇਜੇ ਗਏ ਹਨ। ਉਨ੍ਹਾਂ ਪਾਇਲਟ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਮੀਡੀਆ ਦੇ ਇਕ ਹਿੱਸੇ ਨੇ ਇਨ੍ਹਾਂ ਨੋਟਿਸਾਂ ਦੀ ਗਲਤ ਵਿਆਖਿਆ ਕੀਤੀ ਹੈ। 200 ਮੈਂਬਰੀ ਰਾਜਸਥਾਨ ਅਸੈਂਬਲੀ ’ਚ ਕਾਂਗਰਸ ਕੋਲ 107 ਤੇ ਭਾਜਪਾ ਕੋਲ 72 ਵਿਧਾਇਕ ਹਨ।

Previous articleनौवीं पातशाही श्री गुरु तेग बहादुर जी के प्रकाश पर्व को समर्पित शैक्षणिक मुकाबलों संबंधी विद्यार्थियों में भारी उत्साह
Next articleMedia stoops to a new low: Vikash Dubey encounter is portrayed as “instant justice”