ਫਿਲੌਰ (ਸਮਾਜ ਵੀਕਲੀ): ਅੱਜ ਇਥੇ ਪੰਜਾਬ ਦੀਆਂ 31 ਜਥੇਬੰਦੀਆਂ ਦੇ ਅਧਾਰਿਤ ਬਣੇ ਕਿਸਾਨਾਂ ਦੇ ਸਾਂਝੇ ਮੋਰਚੇ ਵਲੋਂ ਕੀਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਮੋਦੀ ਵਲੋਂ ਪਾਸ ਕੀਤੇ ਤਿੰਨ ਬਿੱਲਾਂ ਖ਼ਿਲਾਫ਼ ਸਾਰੇ ਦੇਸ਼ ’ਚ ਹੀ ਲੋਕ ਲਹਿਰ ਖੜ੍ਹੀ ਹੋ ਗਈ ਹੈ ਅਤੇ ਲੋਕਾਂ ਦੀ ਲਹਿਰ ਕਿਸਾਨਾਂ ਅਤੇ ਖਪਤਕਾਰਾਂ ਦੇ ਹੱਕਾਂ ਦੀ ਰਾਖੀ ਲਈ ਉਸ ਵੇਲੇ ਤੱਕ ਮੈਦਾਨ ’ਚ ਰਹੇਗੀ ਜਦੋਂ ਤੱਕ ਬਿੱਲ ਰੱਦ ਨਹੀਂ ਕੀਤੇ ਜਾਂਦੇ।
ਉਨ੍ਹਾਂ ਐਲਾਨ ਕੀਤਾ ਕਿ ਇੱਕ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ, ਹੁਣ ਰੇਲਾਂ ਉਸ ਵੇਲੇ ਹੀ ਚੱਲਣਗੀਆਂ ਜਦੋਂ ਇਹ ਬਿੱਲ ਵਾਪਸ ਹੋਣਗੇ। ਇਕੱਠ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰ ਸਿੰਘ ਪੁਰ, ਕਿਰਤੀ ਕਿਸਾਨ ਯੂਨੀਅਨ ਦੇ ਅਵਤਾਰ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਕੁਲਦੀਪ ਸਿੰਘ ਫਿਲੌਰ ਨੇ ਕੀਤੀ।
ਇਕੱਠ ਨੂੰ ਭਾਕਿਯੂ ਕਾਦੀਆ ਦੇ ਜ਼ਿਲ੍ਹਾ ਜਨਰਲ ਸਕੱਤਰ ਕਮਲਜੀਤ ਸਿੰਘ ਮੋਤੀਪੁਰ, ਜ਼ਿਲ੍ਹਾ ਖ਼ਜਾਨਚੀ ਤੀਰਥ ਸਿੰਘ ਪੰਜਢੇਰਾ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸਾਬੀ, ਜਮਹੂਰੀ ਕਿਸਾਨ ਸਭਾ ਦੇ ਸੂਬਾ ਖ਼ਜਾਨਚੀ ਜਸਵਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਤਹਿਸੀਲ ਸਕੱਤਰ ਸਰਬਜੀਤ ਗੋਗਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ, ਤਹਿਸੀਲ ਪ੍ਰਧਾਨ ਗੁਰਨਾਮ ਸਿੰਘ ਤੱਗੜ, ਦਿਲਬਾਗ ਸਿੰਘ ਸੈਦੋਵਾਲ, ਕਿਸਾਨ ਸਭਾ (ਸਾਂਭਰ) ਦੇ ਸਵਰਨ ਸਿੰਘ ਅਕਲਪੁਰੀ ਨੇ ਸੰਬੋਧਨ ਕੀਤਾ।