ਆਉਣ ਵਾਲਾ ਸਮਾਂ ਜ਼ਹਿਰਾਂ ਮੁਕਤ ਖੇਤੀ ਵਾਲਾ- ਡਾ: ਅਨੁਜ ਸੂਦ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਇਸ ਨੂੰ ਜ਼ਹਿਰਾਂ ਮੁਕਤ ਕਰਨ ਅਤੇ ਜਿਣਸਾਂ ਦੇ ਮੰਡੀਕਰਨ ਬਾਰੇ ਪਵਿੱਤਰ ਕਾਲੀ ਵੇਈਂ ਕਿਨਾਰੇ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ਕੈਂਪ ਬਾਰੇ ਬਹੁਤ ਸਾਰੇ ਕਿਸਾਨਾਂ ਨੇ ਆਨ-ਲਾਈਨ ਜੁੜਕੇ ਜਾਣਕਾਰੀ ਹਾਸਲ ਕੀਤੀ। ਨਬਾਰਡ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ਦੌਰਾਨ ਕਿਸਾਨਾਂ ਨੂੰ ਬਦਲਵੀ ਖੇਤੀ ਬਾਰੇ ਗੁਰ ਸਿਖਾਏ ਗਏ।
ਨਾਬਰਾਡ ਵੱਲੋਂ ਪ੍ਰੋਜੈਕਟ ਦੇ ਆਗੂ ਡਾ: ਅਨੂਜ ਸੂਦ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਤੇ ਪੰਜਾਬ ਸਰਕਾਰਾਂ ਵੱਲੋਂ ਖੇਤੀ ਸਬੰਧੀ ਸਕੀਮਾਂ ਬਾਰੇ ਕਿਸਾਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਭਵਿੱਖ ਵਿੱਚ ਖੇਤੀ ਦੇ ਬਦਲਦੇ ਸਰੂਪਾਂ ਦਾ ਜ਼ਿਕਰ ਕਰਦਿਆ ਉਨ੍ਹਾਂ ਦੱਸਿਆ ਕਿ ਪਹਿਲਾਂ ਕਿਸਾਨਾਂ ਨੂੰ ਇਹ ਨਾਅਰਾ ਦਿੱਤਾ ਗਿਆ ਕਿ ਦੱਬ ਕੇ ਵਾਹਅ, ਰੱਜ ਕੇ ਖਾਹ। ਉਨ੍ਹਾਂ ਕਿਹਾ ਕਿ ਹੁਣ ਤਾਂ ‘ਅਕਲ ਨਾਲ ਵਾਹ ਤੇ ਰੱਜ ਕੇ ਖਾਹ’ ਵਾਲੀ ਗੱਲ ਤੇ ਅਮਲ ਕਰਨ ਦੀ ਲੋੜ ਹੈ। ਡਾ: ਅਨੂਜ ਸੂਦ ਨੇ ਦੱਸਿਆ ਕਿ ਭਵਿੱਖ ਵਿਚ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਪੰਜ ਕਿਸਾਨਾਂ ਦੇ ਸਮੂਹ ਨੂੰ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਉਪਜ ਸਿੱਧੇ ਵੀ ਮੰਡੀਆਂ ਵਿੱਚ ਵੇਚ ਸਕਦੇ ਨੇ ਜਿਵੇਂ ਕਿ ਨਫੈਡ ਕਿਸਾਨ ਮੰਡੀ, ਈ-ਨੈਮ ਦੇ ਰਾਹੀਂ, ਮਦਰ ਡੇਅਰੀ ਵਿਚ ਵੀ ਸਿੱਧੀ ਵੇਚ ਸਕਦੇ ਹਨ ਅਤੇ ਜਿਸ ਨਾਲ ਉਪਜ ਦੀ ਰਕਮ ਕਿਸਾਨਾਂ ਦੇ ਖਾਤੇ ਵਿਚ ਆ ਜਾਂਦੀ ਹੈ। ਇਸ ਟ੍ਰੇਨਿੰਗ ਵਿਚ ਡਾ.ਅਨੁਜ ਨੇ ਕਿਸਾਨਾਂ ਨੂੰ ਭਾਰਤ ਸਰਕਾਰ, ਪੰਜਾਬ ਸਰਕਾਰ, ਨਾਬਾਰਡ ਦੀ ਖੇਤੀ ਸੰਬੰਧੀ ਸਕੀਮਾਂ ਦੇ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਦੇ ਤਰੀਕੇ ਦੱਸੇੇ। ਉਹਨਾਂ ਦੱਸਿਆ ਕਿ ਭਵਿੱਖ ਵਿਚ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ ਪੰਜ ਕਿਸਾਨਾਂ ਦੇ ਸਮੂਹ ਨੂੰ ਸਿਖਲਾਈ ਦਿੱਤੀ ਜਾਵੇਗੀ।
ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਇਸ ਸੈਮੀਨਾਰ ਦੇ ੳੇਦਘਾਟਨ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਿਸਾਨਾਂ ਦੀ ਆਪਸੀ ਸਾਂਝ ਹੀ ਉਨ੍ਹਾਂ ਨੂੰ ਬੁਲੰਦੀਆਂ ‘ਤੇ ਪਹੁੰਚਾ ਸਕਦੀ ਹੈ। ਉਨ੍ਹਾਂ ਨੇ ਪਿਛਲੇ 30 ਸਾਲ ਦੌਰਾਨ ਦੋਨਾਂ ਇਲਾਕੇ ਵਿੱਚ ਆਪਸੀ ਸਾਂਝ ਕਾਰਨ ਆਈ ਕ੍ਰਾਂਤੀ ਬਾਰੇ ਦੱਸਿਆ ਕਿ ਕਿਵੇਂ ਲੋਕਾਂ ਨੇ 800 ਕਿਲੋਮੀਟਰ ਰਾਹ ਆਪ ਬਣਾ ਕੇ ਆਪਣੇ ਖੇਤਾਂ ਨੂੰ ਆਬਾਦ ਕੀਤਾ। ਜਿਥੇ ਕਦੇ ਇੱਕ ਫਸਲ ਵੀ ਵਧੀਆਂ ਨਹੀਂ ਹੁੰਦੀ ਸੀ ਹੁਣ ਉੱਥੇ ਕਿਸਾਨ ਤਿੰਨ ਫਸਲਾਂ ਹਰ ਸਾਲ ਲੈ ਰਹੇ ਹਨ।
ਵੇਈਂ ਦੇ ਮੁੱਢ ਸਰੋਤ ਦੀ ਕਾਰਸੇਵਾ ਨਾਲ ਜਿੱਥੇ ਕਿਸਾਨਾਂ ਦੀ 1 ਲੱਖ ਏਕੜ ਜ਼ਮੀਨ ਸੇਮ ਖਤਮ ਹੋਣ ਨਾਲ ਅਬਾਦ ਹੋਈ ਉੱਥੇ ਕਿਸਾਨਾਂ ਦੀ 50 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਹੜ੍ਹਾਂ ਦੀ ਮਾਰ ਤੋਂ ਮੁਕਤ ਹੋਈ।ਵੇਈਂ ਵਿਚ ਪਾਣੀ ਦਾ ਵਹਾਅ ਵੱਗਣ ਨਾਲ ਜਿੱਥੇ ਧਰਤੀ ਹੇਠਲਾ ਪਾਣੀ ਰੀਚਾਰਜ਼ ਹੋ ਰਿਹਾ ਹੈ ਉਥੇ ਵੇਈਂ ਦੇ ਕਿਨਾਰੇ ਵਾਲੇ ਕਿਸਾਨ ਇਸ ਤੋਂ ਮੋਟਰ ਰਾਹੀਂ ਪਾਣੀ ਵਰਤ ਰਹੇ ਹਨ। ਸੀਚੇਵਾਲ ਮਾਡਲ ਰਾਹੀਂ 150 ਤੋਂ ਵੱਧ ਪਿੰਡਾਂ ਦੇ ਕਿਸਾਨ ਆਪਣੇ ਗੰਦੇ ਪਾਣੀ ਨੂੰ ਸੋਧ ਕੇ ਖੇਤੀ ਨੂੰ ਵਰਤ ਰਹੇ ਹਨ ਜਿਸ ਨਾਲ ਉਹਨਾਂ ਦੀ ਲੱਖਾਂ ਦੀ ਖਾਦ ਅਤੇ ਕਰੋੜਾਂ ਦਾ ਪਾਣੀ ਬਚ ਰਿਹਾ ਹੈ।
ਕਰੋਨਾ ਮਹਾਂਮਾਰੀ ਕਰਕੇ ਇਸ ਸੈਮੀਨਾਰ ਦਾ ਲਾਇਵ ਪ੍ਰਸਾਰਣ ਕੀਤਾ ਗਿਆ ਸੀ ਤਾਂ ਕਿ ਕਿਸਾਨ ਇਸਦਾ ਵੱਧ ਤੋਂ ਵੱਧ ਲਾਹਾ ਲੈ ਸਕਣ। ਜਿਸ ਵਿਚ ਤਲਵੰਡੀ ਮਾਧੋ, ਸੀਚੇਵਾਲ, ਫੌਜੀ ਕਲੋਨੀ, ਮਹੱਬਲੀਪੁਰ, ਗਾਜ਼ੀਪੁਰ ਆਦਿ ਪਿੰਡਾਂ ਦੇ ਕਿਸਾਨਾਂ ਨੇ ਲਾਇਵ ਇਸ ਸੈਮੀਨਾਰ ਵਿਚ ਹਿੱਸਾ ਲਿਆ। ਇਸ ਮੌਕੇ ਹਾਜ਼ਰ ਹੋਏ ਕਿਸਾਨਾਂ ਵਿਚ ਚੱਕਚੇਲਾ ਤੋਂ ਤੇਗਾ ਸਿੰਘ, ਰਸੂਲਪੁਰ ਤੋਂ ਜਸਵੀਰ ਸਿੰਘ, ਗਾਜ਼ੀਪੁਰ ਮਲਕੀਤ ਸਿੰਘ, ਕੋਟਲਾ ਹੇਰਾਂ ਗੁਰਦੀਪ ਸਿੰਘ ਅਤੇ ਸਤਨਾਮ ਸਿੰਘ, ਅਹਿਮਦਪੁਰ ਤੋਂ ਗੁਰਵਿੰਦਰ ਸਿੰਘ, ਫੌਜੀ ਕਲੋਨੀ ਤੋਂ ਗੁਰਦੇਵ ਸਿੰਘ ਆਦਿ ਹਾਜ਼ਰ ਸਨ। ਸੈਮੀਨਾਰ ਉਪਰੰਤ ਸੰਤ ਸੀਚੇਵਾਲ ਜੀ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।