ਰੱਜੇ-ਪੁੱਜੇ ਪਰਿਵਾਰ ਦੇ ਨੌਜਵਾਨ ਨੇ ਚੋਰੀ ਕੀਤੇ ਰਿਵਾਲਵਰ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ
ਕਸਬਾ ਬਾਘਾਪੁਰਾਣਾ ਨੇੜਲੇ ਪਿੰਡ ਨੱਥੂਵਾਲਾ ਗਰਬੀ ’ਚ ਸ਼ੁੱਕਰਵਾਰ ਰਾਤ ਵਾਪਰੀ ਇਕ ਦਰਦਨਾਕ ਘਟਨਾ ’ਚ ਰੱਜੇ-ਪੁੱਜੇ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਨੇ ਘਰ ’ਚ ਹੀ ਸੁੱਤੇ ਪਏ ਪਰਿਵਾਰ ਦੇ ਪੰਜ ਜੀਆਂ ਨੂੰ ਗੋਲੀਆਂ ਮਾਰ ਕੇ ਮਗਰੋਂ ਖ਼ੁਦਕੁਸ਼ੀ ਕਰ ਲਈ। ਜ਼ਖ਼ਮੀ ਬਜ਼ੁਰਗ ਗੁਰਚਰਨ ਸਿੰਘ (80) ਦੇ ਬਿਆਨ ਉੱਤੇ ਵਾਰਦਾਤ ਮਗਰੋਂ ਖ਼ੁਦਕੁਸ਼ੀ ਕਰਨ ਵਾਲੇ ਉਸ ਦੇ ਪੋਤਰੇ ਸੰਦੀਪ ਸਿੰਘ ਉਰਫ਼ ਸੰਨੀ (27) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਘਟਨਾ ’ਚੋਂ ਕਿਸੇ ਤਰ੍ਹਾਂ ਬਚਿਆ 80 ਸਾਲਾ ਬਜ਼ੁਰਗ ਜ਼ਖ਼ਮੀ ਹਾਲਤ ਵਿਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਦਾਖ਼ਲ ਹੈ। ਸਾਰੇ ਛੇ ਮ੍ਰਿਤਕਾਂ ਦਾ ਸਥਾਨਕ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕੀਤਾ ਗਿਆ ਹੈ। ਐੱਸਐੱਸਪੀ ਅਮਰਜੀਤ ਸਿੰਘ ਬਾਜਵਾ, ਐੱਸਪੀ (ਜਾਂਚ) ਹਰਿੰਦਰਪਾਲ ਸਿੰਘ ਪਰਮਾਰ, ਡੀਐੱਸਪੀ ਬਾਘਾਪੁਰਾਣਾ ਜਸਪਾਲ ਸਿੰਘ ਧਾਮੀ ਤੇ ਹੋਰ ਪੁਲੀਸ ਅਧਿਕਾਰੀ ਮੌਕੇ ਉੱਤੇ ਪਹੁੰਚੇ। ਐੱਸਐੱਸਪੀ ਨੇ ਦੱਸਿਆ ਕਿ ਵਾਰਦਾਤ ਲਈ ਵਰਤਿਆ .32 ਬੋਰ ਰਿਵਾਲਵਰ ਤੇ ਖ਼ੁਦਕੁਸ਼ੀ ਨੋਟ ਵਾਲੀ ਡਾਇਰੀ ਕਬਜ਼ੇ ’ਚ ਲੈ ਲਈ ਗਈ ਹੈ। ਵਾਰਦਾਤ ਲਈ ਵਰਤਿਆ ਰਿਵਾਲਵਰ ਨੌਜਵਾਨ ਦੇ ਪਿੰਡ ਅਰਾਈਆਂ ਵਾਲਾ (ਫਰੀਦਕੋਟ) ’ਚ ਰਹਿੰਦੇ ਕਿਸੇ ਰਿਸ਼ਤੇਦਾਰ ਦਾ ਹੈ ਜੋ ਖ਼ੁਦਕੁਸ਼ੀ ਨੋਟ ’ਚ ਚੋਰੀ ਕਰਕੇ ਲਿਆਉਣ ਦੀ ਗੱਲ ਲਿਖੀ ਹੋਈ ਹੈ।
ਹੋਰਨਾਂ ਮ੍ਰਿਤਕਾਂ ਵਿਚ ਸੰਨੀ ਦੀ ਮਾਤਾ ਬਿੰਦਰ ਕੌਰ (58), ਪਿਤਾ ਮਨਜੀਤ ਸਿੰਘ (60), ਦਾਦੀ ਗੁਰਦੀਪ ਕੌਰ (80), ਭੈਣ ਅਮਨਜੋਤ ਕੌਰ (30) ਅਤੇ ਭਾਣਜੀ ਮਨਜੀਤ ਕੌਰ (3) ਸ਼ਾਮਲ ਹੈ। ਵਾਰਦਾਤ ਵਿਚ ਪੂਰਾ ਪਰਿਵਾਰ ਹੀ ਤਬਾਹ ਹੋ ਗਿਆ ਹੈ ਕਿਉਂਕਿ ਦਾਦਾ, ਪਿਤਾ ਤੇ ਪੁੱਤ (ਸੰਦੀਪ ) ਇਕੱਲੇ ਵਾਰਿਸ ਸਨ। ਮ੍ਰਿਤਕ ਸੰਦੀਪ ਵਾਰਦਾਤ ਤੋਂ ਕੁਝ ਘੰਟੇ ਪਹਿਲਾਂ ਹੀ ਆਪਣੀ ਭੈਣ ਤੇ 3 ਵਰ੍ਹਿਆਂ ਦੀ ਮਾਸੂਮ ਭਾਣਜੀ ਨੂੰ ਉਸ ਦੇ ਸਹੁਰੇ ਪਿੰਡ ਸ਼ਹਿਜ਼ਾਦੀ (ਫ਼ਿਰੋਜ਼ਪੁਰ) ਤੋਂ ਪੇਕੇ ਘਰ ਲੈ ਕੇ ਆਇਆ ਸੀ। 25 ਏਕੜ ਜ਼ਮੀਨ ਤੇ ਆਰਥਿਕ ਪੱਖੋਂ ਖ਼ੁਸ਼ਹਾਲ ਪਰਿਵਾਰ ਦੀਆਂ ਆਲੀਸ਼ਾਨ ਕੋਠੀ ’ਚ ਪਈਆਂ ਲਾਸ਼ਾਂ ਵੇਖਣ ਵਾਲੇ ਦਾ ਦਿਲ ਦਹਿਲ ਰਿਹਾ ਸੀ। ਪਿੰਡ ਵਾਲਿਆਂ ਮੁਤਾਬਕ ਪਰਿਵਾਰ ਅੱਧੀ ਖੇਤੀ ਖ਼ੁਦ ਕਰਦਾ ਸੀ ਤੇ ਅੱਧੀ ਠੇਕੇ ਉੱਤੇ ਦਿੰਦਾ ਸੀ। ਪੁਲੀਸ ਮੁਤਾਬਕ ਸੰਦੀਪ ਸਿੰਘ ਉਰਫ਼ ਸੰਨੀ ਦਾ ਇਸ ਵਰ੍ਹੇ ਦਸੰਬਰ ਮਹੀਨੇ ਵਿਆਹ ਰੱਖਿਆ ਹੋਇਆ ਸੀ ਤੇ ਉਹ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ। ਵਾਰਦਾਤ ਤੋਂ ਪਹਿਲਾਂ ਉਸ ਨੇ ਵਿਆਹ ਲਈ ਤਿਆਰ ਕਰਵਾਏ ਨਵੇਂ ਕੱਪੜੇ ਪਹਿਨੇ ਅਤੇ ਸੁੱਤੇ ਪਏ ਪਰਿਵਾਰਕ ਮੈਂਬਰਾਂ ਨੂੰ ਗੋਲੀਆਂ ਮਾਰਨ ਮਗਰੋਂ ਚੁਬਾਰੇ ’ਚ ਜਾ ਕੇ ਖ਼ੁਦ ਨੂੰ ਗੋਲੀ ਮਾਰ ਲਈ। ਪੋਤੇ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋਏ ਗੁਰਚਰਨ ਸਿੰਘ (80) ਦੇ ਰੌਲਾ ਪਾਉਣ ’ਤੇ ਗੁਆਂਢੀ ਘਰ ਪੁੱਜੇ। ਇਸ ਤੋਂ ਬਾਅਦ ਪਿੰਡ ’ਚ ਸਥਾਪਤ ਪੁਲੀਸ ਚੌਕੀ ਇੰਚਾਰਜ ਮੌਕੇ ’ਤੇ ਪੁੱਜੇ ਤੇ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦਿੱਤੀ।