ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਸਖ਼ਤੀ ਕਰਨ ਦੇ ਰੌਂਅ ਵਿੱਚ ਨਹੀਂ ਸਰਕਾਰ

 

  • ਪਰਾਲੀ ਸਾੜਨ ਤੋਂ ਹੁੰਦੇ ਨੁਕਸਾਨਾਂ ਤੋਂ ਜਾਣੂ ਕਰਾਉਣ ਲਈ ਗੁਰਦੁਆਰਿਆਂ ’ਚੋਂ ਕਰਵਾਈ ਜਾਵੇਗੀ ਮੁਿਨਆਦੀ
  • ਸਕੂਲੀ ਬੱਚੇ ਵੀ ਮਾਿਪਆਂ ਨੂੰ ਨੁਕਸਾਨ ਬਾਰੇ ਕਰਨਗੇ ਜਾਗਰੂਕ
  • ਮਸ਼ੀਨਾਂ ਦੀ ਖਰੀਦ ਲਈ ਕਿਸਾਨਾਂ ਦੀ ਕੀਤੀ ਜਾਵੇਗੀ ਮਦਦ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਤਾੜਨਾ ਕੀਤੀ ਹੈ ਕਿ ਸੂਬੇ ਵਿਚ ਪਰਾਲੀ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਵਿਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਾਲਾਂਕਿ ਮੁੱਖ ਸਕੱਤਰ ਜੰਜੂਆ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੇ ਮਾਮਲੇ ’ਤੇ ਚੁੱਪ ਹੀ ਵੱਟੀ ਰੱਖੀ ਤੇ ਸਾਰਾ ਜ਼ੋਰ ਕਿਸਾਨਾਂ ਨੂੰ ਚੇਤਨ ਕਰਨ ਲਈ ਮੁਹਿੰਮ ਚਲਾਏ ਜਾਣ ’ਤੇ ਦਿੱਤਾ।

ਇਸ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਸਰਕਾਰ ਸਖ਼ਤੀ ਕਰਨ ਦੇ ਰੌਂਅ ਵਿਚ ਨਹੀਂ ਹੈ। ਮੁੱਖ ਸਕੱਤਰ ਨੇ ਪਰਾਲੀ ਸਾੜਨ ਕਾਰਨ ਹੁੰਦੇ ਨੁਕਸਾਨਾਂ ਤੋਂ ਜਾਣੂ ਕਰਾਉਣ ਲਈ ਗੁਰਦੁਆਰਿਆਂ ’ਚੋਂ ਮੁਨਿਆਦੀ ਕਰਾਏ ਜਾਣ ਲਈ ਵੀ ਕਿਹਾ ਹੈ। ਸਕੂਲੀ ਬੱਚੇ ਵੀ ਆਪਣੇ ਮਾਪਿਆਂ ਨੂੰ ਨਾੜ ਸਾੜਨ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨਗੇ। ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਪਿੰਡਾਂ ਵਿਚ ਜ਼ਿਆਦਾ ਚੌਕਸੀ ਵਰਤਣ ਲਈ ਕਿਹਾ ਗਿਆ ਹੈ ਜਿੱਥੇ ਪਹਿਲਾਂ ਵੀ ਨਾੜ ਨੂੰ ਅੱਗ ਲਾਏ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਮੁੱਖ ਸਕੱਤਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਹਰ ਹੀਲੇ ਰੋਕਣ ਲਈ ਆਪੋ-ਆਪਣੇ ਜ਼ਿਲ੍ਹਿਆਂ ਵਿਚ ਤੇਜ਼ੀ ਨਾਲ ਕੰਮ ਕਰਨ। ਉਨ੍ਹਾਂ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਕਰੀਬ ਦੋ ਘੰਟੇ ਵਰਚੁਅਲ ਮੀਟਿੰਗ ਕੀਤੀ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਗਤੀ ਰਿਪੋਰਟ ਵੀ ਲਈ।

ਉਨ੍ਹਾਂ ਕਿਹਾ ਕਿ ਹੈਪੀ ਸੀਡਰ ਅਤੇ ਅਜਿਹੇ ਹੋਰ ਸੰਦਾਂ/ਮਸ਼ੀਨਾਂ ਦੀ ਖ਼ਰੀਦ ਲਈ ਕਿਸਾਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕੀਤੀ ਜਾਵੇਗੀ। ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਨੂੰ ਸਾੜਨ ਦੀ ਥਾਂ ਇਸ ਦੇ ਪ੍ਰਬੰਧਨ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਅੱਧ ਅਕਤੂਬਰ ਤੋਂ ਲੈ ਕੇ ਅੱਧ ਨਵੰਬਰ ਤੱਕ ਪਰਾਲੀ ਸਾੜਨ ਨਾਲ ਹਰ ਸਾਲ ਹਵਾ ਪ੍ਰਦੂਸ਼ਣ ਦਾ ਪੱਧਰ ਵੱਧ ਜਾਂਦਾ ਹੈ ਜਿਸ ਦਾ ਲੋਕਾਂ ਦੀ ਸਿਹਤ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ’ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਮੁੱਖ ਸਕੱਤਰ ਨੇ ਕਿਹਾ ਕਿ ਵੱਖ-ਵੱਖ ਮਾਧਿਆਮਾਂ ਖ਼ਾਸ ਤੌਰ ’ਤੇ ਧਾਰਮਿਕ ਸਥਾਨਾਂ ਤੋਂ ਮੁਨਿਆਦੀ ਕਰਵਾ ਕੇ ਅਤੇ ਐਨ.ਜੀ.ਓਜ਼ ਰਾਹੀਂ ਵੀ ਕਿਸਾਨਾਂ ਵਿਚ ਹੋਰ ਜਾਗਰੂਕਤਾ ਫੈਲਾਈ ਜਾਵੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀਆਂ ਧਿਆਣੀਆਂ……………
Next articleਭਾਰਤ ਨੇ ਖਾਲਿਸਤਾਨੀਆਂ ਦਾ ਮੁੱਦਾ ਕੈਨੇਡਾ ਕੋਲ ਉਠਾਇਆ