ਭਾਰਤ ਨੇ ਖਾਲਿਸਤਾਨੀਆਂ ਦਾ ਮੁੱਦਾ ਕੈਨੇਡਾ ਕੋਲ ਉਠਾਇਆ

ਕੈਨਬਰਾ (ਸਮਾਜ ਵੀਕਲੀ) : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਦੱਸਿਆ ਕਿ ਕੈਨੇਡਾ ’ਚ ਸਰਗਰਮ ਖਾਲਿਸਤਾਨੀ ਤਾਕਤਾਂ ਦਾ ਮੁੱਦਾ ਭਾਰਤ ਨੇ ਉੱਥੋਂ ਦੀ ਸਰਕਾਰ ਕੋਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਇਹ ਯਕੀਨੀ ਬਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ ਕਿ ਲੋਕਤੰਤਰਿਕ ਸਮਾਜ ਵਿਚ ਮਿਲੀਆਂ ਆਜ਼ਾਦੀਆਂ ਦੀ ਉਨ੍ਹਾਂ ਤਾਕਤਾਂ ਨੂੰ ਦੁਰਵਰਤੋਂ ਨਾ ਕਰਨ ਦਿੱਤੀ ਜਾਵੇ ਜੋ ਅਸਲ ਵਿਚ ‘ਹਿੰਸਾ’ ਤੇ ‘ਕੱਟੜਵਾਦ’ ਦੀ ਹਾਮੀ ਭਰਦੀਆਂ ਹਨ। ਪਿਛਲੇ ਕੁਝ ਹਫ਼ਤਿਆਂ ਦੌਰਾਨ ਕੈਨੇਡਾ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਵਧੀਆਂ ਹਨ। ਜੈਸ਼ੰਕਰ ਨੇ ਇਹ ਟਿੱਪਣੀਆਂ ਆਪਣੀ ਆਸਟਰੇਲਿਆਈ ਹਮਰੁਤਬਾ ਪੈਨੀ ਵੌਂਗ ਨਾਲ ਇੱਥੇ ਇਕ ਸਾਂਝੀ ਮੀਡੀਆ ਕਾਨਫਰੰਸ ਦੌਰਾਨ ਕੀਤੀਆਂ।

ਜੈਸ਼ੰਕਰ ਨੇ ਕਿਹਾ, ‘ਸਮੇਂ-ਸਮੇਂ ਅਸੀਂ ਕੈਨੇਡਾ ਦੀ ਸਰਕਾਰ ਨਾਲ ਰਾਬਤਾ ਕੀਤਾ ਹੈ। ਮੈਂ ਖ਼ੁਦ ਵੀ ਇਸ ਮੁੱਦੇ (ਖਾਲਿਸਤਾਨ) ਉਤੇ ਆਪਣੇ ਕੈਨੇਡੀਅਨ ਹਮਰੁਤਬਾ ਨਾਲ ਗੱਲ ਕੀਤੀ ਹੈ।’ ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿ ਲੋਕਤੰਤਰ ਕਿਵੇਂ ਕੰਮ ਕਰਦਾ ਹੈ, ਬਾਹਰਲੇ ਲੋਕਤੰਤਰਾਂ ਦੀ ਦੂਜੇ ਲੋਕਤੰਤਰਿਕ ਮੁਲਕਾਂ ਪ੍ਰਤੀ ਜ਼ਿੰਮੇਵਾਰੀ ਵੀ ਬਣਦੀ ਹੈ। ਸਿਰਫ਼ ਆਪਣੇ ਘਰ ਵਿਚ ਹੀ ਨਹੀਂ ਬਲਕਿ ਦੂਜੇ ਦੇਸ਼ਾਂ ਦੀਆਂ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਖਿਆਲ ਰੱਖਣ ਦੀ ਵੀ ਲੋੜ ਹੈ। ਦੱਸਣਯੋਗ ਹੈ ਕਿ 15 ਸਤੰਬਰ ਨੂੰ ਬੀਏਪੀਐੱਸ ਸਵਾਮੀਨਾਰਾਇਣ ਮੰਦਰ ਟੋਰਾਂਟੋ ਨੂੰ ‘ਕੈਨੇਡੀਅਨ ਖਾਲਿਸਤਾਨੀ ਕੱਟੜਵਾਦੀਆਂ’ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਸੀ ਤੇ ਇਸ ਉਤੇ ਭਾਰਤ-ਵਿਰੋਧੀ ਸ਼ਬਦ ਲਿਖ ਦਿੱਤੇ ਗਏ ਸਨ। 23 ਸਤੰਬਰ ਨੂੰ ਭਾਰਤ ਨੇ ਕੈਨੇਡਾ ਵਿਚ ਹੋ ਰਹੀ ‘ਖਾਲਿਸਤਾਨ ਰਾਇਸ਼ੁਮਾਰੀ’ ’ਤੇ ਵੀ ਸਖ਼ਤ ਇਤਰਾਜ਼ ਜਤਾਇਆ ਸੀ।

ਭਾਰਤ ਨੇ ਕਿਹਾ ਸੀ ਕਿ ਕਿਸੇ ਮਿੱਤਰ ਮੁਲਕ ਵਿਚ ਇਸ ਤਰ੍ਹਾਂ ਦੀਆਂ ‘ਸਿਆਸਤ ਤੋਂ ਪ੍ਰੇਰਿਤ’ ਗਤੀਵਿਧੀਆਂ ਦਾ ਹੋਣਾ ਇਤਰਾਜ਼ਯੋਗ ਹੈ। ਕੈਨੇਡਾ ਦੀ ਯਾਤਰਾ ਬਾਰੇ ਭਾਰਤ ਵੱਲੋਂ ਜਾਰੀ ਚਿਤਾਵਨੀਆਂ ਦੇ ਮੁੱਦੇ ’ਤੇ ਜੈਸ਼ੰਕਰ ਨੇ ਕਿਹਾ, ‘ਅਸੀਂ ਇਸ ਬਾਰੇ ਬਹੁਤ ਸਪੱਸ਼ਟ ਹਾਂ। ਜਦ ਅਸੀਂ ਯਾਤਰਾ ਬਾਰੇ ਹਦਾਇਤਾਂ ਜਾਰੀ ਕਰਦੇ ਹਾਂ ਤਾਂ ਇਹ ਸਾਡੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੀਆਂ ਹੁੰਦੀਆਂ ਹਨ। ਇਸ ਤੋਂ ਵੱਧ ਇਨ੍ਹਾਂ ਵਿਚ ਹੋਰ ਕੁੱਝ ਨਹੀਂ ਹੁੰਦਾ।’ ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਜਾਰੀ ਚਿਤਾਵਨੀਆਂ ਤੋਂ ਬਾਅਦ ਕੈਨੇਡਾ ਨੇ ਵੀ ਉਸੇ ਤਰਜ਼ ’ਤੇ ਭਾਰਤ ਦੀ ਯਾਤਰਾ ਲਈ ਚਿਤਾਵਨੀਆਂ ਜਾਰੀ ਕਰ ਦਿੱਤੀਆਂ ਸਨ। ਭਾਰਤ ਨੇ ਕਿਹਾ ਸੀ ਕਿ ਕੈਨੇਡਾ ਵਿਚ ਵਾਪਰੀਆਂ ਨਫ਼ਰਤੀ ਅਪਰਾਧਾਂ ਦੀਆਂ ਘਟਨਾਵਾਂ ਖ਼ਿਲਾਫ਼ ਉੱਥੋਂ ਦੀ ਅਥਾਰਿਟੀ ਨੇ ਬਣਦੀ ਕਾਰਵਾਈ ਨਹੀਂ ਕੀਤੀ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਸਖ਼ਤੀ ਕਰਨ ਦੇ ਰੌਂਅ ਵਿੱਚ ਨਹੀਂ ਸਰਕਾਰ
Next articleFinland kicks off national energy-saving campaign