ਬਠਿੰਡਾ : ਪਟਿਆਲਾ ਵਾਸੀ ਮਯੰਕ ਮਾਰਕੰਡੇ ਨੇ ਆਪਣੀ ਬਿਹਤਰ ਖੇਡ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨ ਦਾ ਮਾਣ ਹਾਸਿਲ ਕਰ ਲਿਆ ਹੈ। 11 ਨਵੰਬਰ 1997 ਨੂੰ ਜਨਮੇ ਮਾਰਕੰਡੇ ਨੇ ਕ੍ਰਿਕਟ ਦੀ ਸ਼ੁਰੂਆਤ ਸੱਤ ਸਾਲ ਦੀ ਉਮਰ ਤੋਂ ਹੀ ਕਰ ਦਿੱਤੀ ਸੀ। ਪਟਿਆਲਾ ਵਿੱਚ ਹੀ ਕ੍ਰਿਕਟ ਅਕੈਡਮੀ ’ਚ ਦਾਖ਼ਲਾ ਲੈਣ ਮਗਰੋਂ ਕੋਚ ਸੁਨੀਲ ਅਤੇ ਮਨੀਸ਼ ਬਾਲੀ ਤੋਂ ਕੋਚਿੰਗ ਹਾਸਿਲ ਕੀਤੀ। ਭਾਰਤੀ-19 ’ਚ ਮਯੰਕ ਦੀ ਚੋਣ 2017 ’ਚ ਹੋਈ ਸੀ ਤੇ ਹੁਣ ਸੀਨੀਅਰ ਟੀਮ ’ਚ ਟੀ-20 ਲਈ ਚੋਣ ਹੋਈ ਹੈ। ਮਯੰਕ ਨੇ ਆਈਪੀਐਲ ਦੇ ਆਖ਼ਰੀ ਸੀਜ਼ਨ ’ਚ ਮੁੰਬਈ ਇੰਡੀਅਨਜ਼ ਵੱਲੋਂ ਖੇਡ ਕੇ 15 ਵਿਕਟਾਂ ਹਾਸਿਲ ਕੀਤੀਆਂ ਸਨ। ਮਯੰਕ ਦੇ ਪਿਤਾ ਬਿਕਰਮ ਸ਼ਰਮਾ ਚੀਫ ਇਲੈਕਟ੍ਰੀਕਲ ਇੰਸਪੈਕਟਰੇਟ ਆਫਿਸ ’ਚ ਐਸਡੀਓ ਹਨ। ਉਨ੍ਹਾਂ ਨੇ ਦੱਸਿਆ ਕਿ 21 ਸਾਲ ਦਾ ਮਯੰਕ ਮੋਦੀ ਕਾਲਜ ਪਟਿਆਲਾ ’ਚ ਬੀਏ ਭਾਗ ਦੂਜਾ ਦੀ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 4-5 ਸਾਲ ਪਹਿਲਾਂ ਉਨ੍ਹਾਂ ਨੇ ਸੋਚਿਆ ਸੀ ਕਿ ਮਯੰਕ ਨੂੰ ਇਸ ਖੇਤਰ ’ਚ ਲਿਆਉਣ ਨਾਲ ਉਸਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਪਰ ਉਸਦੀਆਂ ਪ੍ਰਾਪਤੀਆਂ ਨੇ ਸਾਬਿਤ ਕਰ ਦਿੱਤਾ ਕਿ ਜੋ ਵੀ ਕੀਤਾ ਹੈ ਉਸਨੇ ਵਧੀਆ ਕਰ ਵਿਖਾਇਆ ਹੈ।