ਟੀਮ ਇੰਡੀਆ: ਰਾਹੁਲ ਅੰਦਰ, ਕਾਰਤਿਕ ਬਾਹਰ

ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਤੇ ਟੀ-20 ਟੀਮ ਵਿੱਚ ਪੰਜਾਬ ਦਾ ਮਯੰਕ ਮਾਰਕੰਡੇ ਨਵਾਂ ਚਿਹਰਾ

ਬੱਲੇਬਾਜ਼ ਕੇਐਲ ਰਾਹੁਲ ਦੀ ਆਸਟਰੇਲੀਆ ਖ਼ਿਲਾਫ਼ ਇੱਕ ਰੋਜ਼ਾ ਅਤੇ ਟੀ-20 ਲੜੀ ਲਈ ਅੱਜ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ, ਪਰ ਚੋਣਕਾਰਾਂ ਨੇ ਦਿਨੇਸ਼ ਕਾਰਤਿਕ ਨੂੰ ਬਾਹਰ ਕਰ ਦਿੱਤਾ। ਉਸ ਦੀ ਥਾਂ ਨੌਜਵਾਨ ਰਿਸ਼ਭ ਪੰਤ ਨੂੰ ਪਹਿਲ ਦਿੱਤੀ ਗਈ। ਪੰਜਾਬ ਦੇ ਨੌਜਵਾਨ ਲੈੱਗ ਸਪਿੰਨਰ ਮਯੰਕ ਮਾਰਕੰਡੇ ਨੂੰ ਵੀ ਟੀਮ ਵਿੱਚ ਥਾਂ ਦਿੱਤੀ ਗਈ ਹੈ, ਜੋ ਨਵਾਂ ਚਿਹਰਾ ਹੈ। ਭਾਰਤ 24 ਫਰਵਰੀ ਤੋਂ ਆਸਟਰੇਲੀਆ ਖ਼ਿਲਾਫ਼ ਹੋਣ ਵਾਲੀ ਲੜੀ ਵਿੱਚ ਦੋ ਟੀ-20 ਕੌਮਾਂਤਰੀ ਅਤੇ ਪੰਜ ਇੱਕ ਰੋਜ਼ਾ ਮੈਚ ਖੇਡੇਗਾ। ਇਹ ਉਸ ਦੀ 30 ਮਈ ਤੋਂ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਆਖ਼ਰੀ ਲੜੀ ਹੋਵੇਗੀ। ਰਾਹੁਲ ਨੂੰ ਆਲਮੀ ਟੂਰਨਾਮੈਂਟ ਵਿੱਚ ਰਿਜ਼ਰਵ ਸਲਾਮੀ ਬੱਲੇਬਾਜ਼ ਵਜੋਂ ਥਾਂ ਮਿਲ ਸਕਦੀ ਹੈ। ਰਾਹੁਲ ਨੇ ਭਾਰਤ ‘ਏ’ ਵੱਲੋਂ ਇੰਗਲੈਂਡ ਲਾਇਨਜ਼ ਖ਼ਿਲਾਫ਼ ਦੋ ਅਣਅਧਿਕਾਰਤ ਟੈਸਟ ਮੈਚਾਂ ਵਿੱਚ ਨੀਮ ਸੈਂਕੜਾ ਮਾਰ ਕੇ ਟੀਮ ਵਿੱਚ ਵਾਪਸੀ ਕੀਤੀ।
ਆਸਟਰੇਲੀਆ ਵਿੱਚ ਉਹ ਦੌੜਾਂ ਬਣਾਉਣ ਲਈ ਜੂਝਦਾ ਰਿਹਾ ਅਤੇ ਇਸ ਦੌਰਾਨ ਇੱਕ ਟੀਵੀ ਪ੍ਰੋਗਰਾਮ ਦੌਰਾਨ ਮਹਿਲਾਵਾਂ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਕਾਰਨ ਉਸ ਨੂੰ ਵਾਪਸ ਬੁਲਾ ਲਿਆ ਗਿਆ ਸੀ। ਇਸ ਮਗਰੋਂ ਉਸ ਨੂੰ ਲੈਅ ਹਾਸਲ ਕਰਨ ਲਈ ਘਰੇਲੂ ਮੈਚਾਂ ਵਿੱਚ ਖੇਡਣ ਲਈ ਕਿਹਾ ਗਿਆ ਸੀ।
ਚੋਣਕਾਰਾਂ ਨੇ ਪਹਿਲੇ ਦੋ ਅਤੇ ਆਖ਼ਰੀ ਤਿੰਨ ਇੱਕ ਰੋਜ਼ਾ ਲਈ ਦੋ ਵੱਖੋ-ਵੱਖਰੀਆਂ ਟੀਮਾਂ ਚੁਣੀਆਂ ਹਨ, ਜਿਸ ਨੂੰ ਵਿਸ਼ਵ ਕੱਪ ਦੀ ਸੰਭਾਵੀ ਟੀਮ ਮੰਨ ਕੇ ਚੱਲਿਆ ਜਾ ਰਿਹਾ ਹੈ, ਉਹ ਆਖ਼ਰੀ ਤਿੰਨ ਇੱਕ ਰੋਜ਼ਾ ਵਿੱਚ ਖੇਡੇਗੀ।
ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵੀ ਆਸਟਰੇਲੀਆ ਖ਼ਿਲਾਫ਼ ਪੂਰੀ ਲੜੀ ਲਈ ਵਾਪਸੀ ਹੋਈ ਹੈ ਅਤੇ ਇੱਥੋਂ ਤੱਕ ਕਿ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਵੀ ਆਰਾਮ ਨਹੀਂ ਦਿੱਤਾ ਗਿਆ। ਐਸਐਸਕੇ ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਦੋ ਟੀ-20 ਮੈਚਾਂ ਲਈ ਵੀ ਟੀਮ ਦੀ ਚੋਣ ਕੀਤੀ ਹੈ, ਜਿਸ ਵਿੱਚ ਮਯੰਕ ਮਾਰੰਡੇ ਨਵਾਂ ਚਿਹਰਾ ਸ਼ਾਮਲ ਹੈ।
21 ਸਾਲਾ ਮਾਰਕੰਡੇ ਨੂੰ ਭਾਰਤ ‘ਏ’ ਦੀ ਇੰਗਲੈਂਡ ਲਾਇਨਜ਼ ’ਤੇ ਦੂਜੇ ਮੈਚ ਵਿੱਚ ਪੰਜ ਵਿਕਟਾਂ ਲੈਣ ਤੋਂ ਤੁਰੰਤ ਮਗਰੋਂ ਹੀ ਉਸ ਦਾ ਇਨਾਮ ਮਿਲ ਗਿਆ। ਉਹ ਆਈਪੀਐਲ ਫਰੈਂਚਾਈਜ਼ੀ ਮੁੰਬਈ ਇੰਡੀਅਨਜ਼ ਦਾ ਵੀ ਹਿੱਸਾ ਹੈ। ਕੁਲਦੀਪ ਯਾਦਵ ਨੂੰ ਇਨ੍ਹਾਂ ਮੈਚਾਂ ਤੋਂ ਆਰਾਮ ਦਿੱਤਾ ਗਿਆ ਹੈ। ਪ੍ਰਸਾਦ ਨੇ ਚੋਣ ਕਮੇਟੀ ਦੀ ਮੀਟਿੰਗ ਮਗਰੋਂ ਕਿਹਾ ਕਿ ਉਹ ਉਸ ਨੂੰ ਰਿਜ਼ਰਵ ਸਪਿੰਨਰ ਵਜੋਂ ਵੇਖ ਰਹੇ ਹਨ। ਹਾਲਾਂਕਿ ਸਾਰਿਆਂ ਦੀਆਂ ਨਜ਼ਰਾਂ ਇੱਕ ਰੋਜ਼ਾ ਟੀਮ ’ਤੇ ਸਨ, ਜੋ ਇੰਗਲੈਂਡ ਦੌਰੇ ’ਤੇ ਜਾਣ ਵਾਲੀ ਮੰਨੀ ਜਾ ਰਹੀ ਹੈ। ਇਸ ਵਿੱਚ ਸਭ ਤੋਂ ਵੱਡਾ ਫ਼ੈਸਲਾ ਦੂਜੇ ਵਿਕਟਕੀਪਰ ਬੱਲੇਬਾਜ਼ ਨੂੰ ਲੈ ਕੇ ਕੀਤਾ ਗਿਆ। ਨੌਜਵਾਨ ਪੰਤ ਨੂੰ ਪਹਿਲ ਮਿਲਣ ਕਾਰਨ ਲਗਦਾ ਹੈ ਕਾਰਤਿਕ ਵਿਸ਼ਵ ਕੱਪ ਟੀਮ ਵਿੱਚ ਥਾਂ ਨਹੀਂ ਬਣਾ ਸਕੇਗਾ। ਕਾਰਤਿਕ ਨੂੰ ਬਾਹਰ ਕੀਤੇ ਜਾਣ ਤੋਂ ਸਾਫ਼ ਸੰਕੇਤ ਮਿਲ ਗਏ ਹਨ ਕਿ ਵਿਸ਼ਵ ਕੱਪ ਟੀਮ ਵਿੱਚ ਦੂਜੇ ਵਿਕਟਕੀਪਰ ਬੱਲੇਬਾਜ਼ ਵਜੋਂ ਰਿਸ਼ਭ ਪੰਤ ਅਤੇ ਤਾਮਿਲਨਾਡੂ ਦੇ ਵਿਕਟਕੀਪਰ ਬੱਲੇਬਾਜ਼ਾਂ ਵਿੱਚੋਂ ਕਿਸ ਨੂੰ ਚੁਣਿਆ ਜਾਵੇਗਾ।

Previous articleਮੁੱਕੇਬਾਜ਼ੀ: ਸੋਨੀਆ ਤੇ ਲਵਲੀਨਾ ਕੁਆਰਟਰ ਫਾਈਨਲ ਵਿੱਚ ਪੁੱਜੀਆਂ; ਜਾਂਗੜਾ ਨੂੰ ਹਾਰ
Next articleਪਟਿਆਲਾ ਦਾ ਰਹਿਣ ਵਾਲਾ ਹੈ ਮਯੰਕ ਮਾਰਕੰਡੇ